July 2, 2024 9:01 pm
SAD

ਪੁਲਸ ਨੇ ਚੁੱਪ ਚਪੀਤੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਆਗੂਆਂ ਖਿਲਾਫ ਅਦਾਲਤਾਂ ‘ਚ ਪੇਸ਼ ਕੀਤੇ ਚਲਾਨ

ਨਵਾਂਸ਼ਹਿਰ 14 ਦਸੰਬਰ 2021 : ਸ਼੍ਰੋਮਣੀ ਅਕਾਲੀ ਦਲ (Shiromani Akali Dal ) ਆਪਣਾ 100ਵਾਂ ਸਥਾਪਨਾ ਦਿਵਸ ਮਨ੍ਹਾ ਰਿਹਾ ਹੈ, ਉਸ ਸਮੇਂ ਪੰਜਾਬ ‘ਚ ਇਸ ਪਾਰਟੀ ਦੇ ਲਗਭਗ ਸਾਰੇ ਪ੍ਰਮੁੱਖ ਆਗੂਆਂ ਖਿਲਾਫ ਵੱਖ ਵੱਖ ਅਦਾਲਤਾਂ ਵਿੱਚ ਕੇਸ ਚੱਲ ਰਹੇ ਹਨ। 8 ਦਸੰਬਰ 2017 ਨੂੰ ਪੂਰੇ ਪੰਜਾਬ ਵਿੱਚ ਟ੍ਰੈਫਿਕ ਜਾਮ ਕਰਨ ਕਰਕੇ ਅਕਾਲੀ ਦਲ ਦੇ ਪ੍ਰਮੁੱਖ ਆਗੂਆਂ ਖਿਲਾਫ ਪੰਜਾਬ ਦੇ ਵੱਖ ਵੱਖ ਥਾਣਿਆਂ ਵਿੱਚ ਮੁਕੱਦਮੇ ਦਰਜ ਕਰ ਲਏ ਗਏ ਸਨ । ਆਰ.ਟੀ.ਆਈ. ਐਕਟਿਵਿਸਟ ਪਰਵਿੰਦਰ ਸਿੰਘ ਕਿੱਤਣਾ ਵਲੋਂ ਸੂਚਨਾ ਅਧਿਕਾਰ ਕਨੂੰਨ ਤਹਿਤ ਵੱਖ ਵੱਖ ਜ਼ਿਲ੍ਹਿਆਂ ਦੇ ਪੁਲਿਸ ਅਧਿਕਾਰੀਆਂ ਤੋਂ ਕਈ ਵਾਰ ਸੂਚਨਾ ਮੰਗੀ ਗਈ ਕਿ ਮੁਕੱਦਮੇ ਦਰਜ ਹੋਣ ਤੋਂ ਬਾਅਦ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ। ਪਰ ਹਰ ਵਾਰ ਪੁਲਿਸ ਵਲੋਂ ਇਹ ਲਿਖ ਕੇ ਦਿੱਤਾ ਜਾਂਦਾ ਰਿਹਾ ਕਿ ਪੁਲਿਸ ਵਲੋਂ ‘ਮੁਲਜ਼ਮਾਂ’ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਜਾਂ ਹਾਲੇ ਜਾਂਚ ਚੱਲ ਰਹੀ ਹੈ।ਪਰਵਿੰਦਰ ਸਿੰਘ ਕਿੱਤਣਾ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਕੀਲ ਸ਼੍ਰੀ ਐਚ.ਸੀ. ਅਰੋੜਾ ਰਾਹੀਂ ਪੰਜਾਬ ਸਰਕਾਰ ਨੂੰ ਨੋਟਿਸ ਭੇਜਿਆ ਕਿ ਟ੍ਰੈਫਿਕ ਜਾਮ ਕਰਨ ਵਾਲੇ ਅਕਾਲੀ ਲੀਡਰਾਂ ਖਿਲਾਫ ਕਾਰਵਾਈ ਕੀਤੀ ਜਾਵੇ। ਪਰ ਕਾਰਵਾਈ ਨਾ ਹੋਣ ‘ਤੇ ਪੰਜਾਬ ਦੇ ਤਿੰਨ ਸਮਾਜਿਕ ਕਾਰਕੁੰਨਾਂ ਪਰਵਿੰਦਰ ਸਿੰਘ ਕਿੱਤਣਾ, ਕੁਲਦੀਪ ਸਿੰਘ ਖਹਿਰਾ ਅਤੇ ਐਡਵੋਕੇਟ ਹਾਕਮ ਸਿੰਘ ਨੇ ਪੰਜਾਬ ਸਰਕਾਰ, ਡੀ.ਜੀ.ਪੀ., ਐਸ.ਐਸ.ਪੀ. ਫਿਰੋਜ਼ਪੁਰ ਤੇ ਐਸ.ਐਚ.ਓ. ਮੱਖੂ ਨੂੰ ਧਿਰ ਬਣਾ ਕੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਕੇਸ ਦਾਇਰ ਕੀਤਾ ਤੇ ਕੋਰਟ ਨੇ ਮਿਤੀ 22 ਅਕਤੂਬਰ 2019 ਨੂੰ ਨੋਟਿਸ ਜਾਰੀ ਕਰ ਦਿੱਤਾ। ਅਗਲੀ ਤਰੀਕ 11 ਫਰਵਰੀ 2020 ਪਈ ਸੀ ਲੇਕਿਨ ਕੋਵਿੰਡ ਕਾਰਨ ਅਦਾਲਤਾਂ ਬੰਦ ਰਹਿਣ ਕਰਕੇ ਕੇਸ ਦੀ ਸੁਣਵਾਈ ਨਹੀਂ ਸੀ ਹੋ ਸਕੀ।ਹੁਣ ਜਦੋਂ ਦੋ ਕੁ ਮਹੀਨੇ ਪਹਿਲਾਂ ਅਦਾਲਤਾਂ ਦਾ ਕੰਮ ਆਮ ਵਾਂਗ ਸ਼ੁਰੂ ਹੋਇਆ ਤਾਂ ਪੁਲਿਸ ਨੇ ਟ੍ਰੈਫਿਕ ਜਾਮ ਕਰਨ ਵਾਲੇ ਅਕਾਲੀ ਅਗੂਆਂ ਖਿਲਾਫ ਚੁੱਪ ਚਪੀਤੇ ਅਦਾਲਤਾਂ ਵਿੱਚ ਚਲਾਨ ਪੇਸ਼ ਕਰਨੇ ਸ਼ੁਰੂ ਕਰ ਦਿੱਤੇ।

ਜ਼ਿਲ੍ਹਾ ਫਿਰੋਜ਼ਪੁਰ ਦੇ ਥਾਣਾ ਮੱਖੂ ਦੀ ਪੁਲਿਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ (Sukhbir Singh Badal)  ਤੇ ਹੋਰ ਪ੍ਰਮੁੱਖ ਅਕਾਲੀ ਆਗੂਆਂ ਜਿਹਨਾਂ ਵਿੱਚ ਬਿਕਰਮਜੀਤ ਸਿੰਘ ਮਜੀਠੀਆ, ਰਣਜੀਤ ਸਿੰਘ ਬ੍ਰਹਮਪੁਰਾ, ਕੈਪਟਨ ਧਰਮ ਸਿੰਘ, ਪ੍ਰਕਾਸ਼ ਸਿੰਘ ਬੱਲੂਆਣਾ, ਮਨਤਾਰ ਸਿੰਘ ਬਰਾੜ, ਰਣਜੀਤ ਸਿੰਘ ਢਿੱਲੋਂ, ਐਮ.ਐਲ.ਏ. ਹਰੀ ਸਿੰਘ ਜ਼ੀਰਾ, ਮਹੇਸ਼ ਇੰਦਰ ਸਿੰਘ ਗਰੇਵਾਲ, ਤਜਿੰਦਰ ਸਿੰਘ ਮਿੱਡੂਖੇੜਾ, ਕੰਵਰਜੀਤ ਸਿੰਘ ਰੋਜੀ ਬਰਕੰਦੀ, ਜਗਮੀਤ ਸਿੰਘ ਸੰਧੂ, ਰਵੀ ਕਿਰਨ ਕਾਹਲੋਂ, ਬਰਜਿੰਦਰ ਸਿੰਘ ਮੱਖਣ ਬਰਾੜ, ਸ਼੍ਰੋਮਣੀ ਕਮੇਟੀ ਮੈਂਬਰਾਂ ਲਖਬੀਰ ਸਿੰਘ ਰਾਈਆ ਵਾਲਾ, ਸ਼ੇਰ ਸਿੰਘ ਮੰਡ, ਗੁਰਮੀਤ ਸਿੰਘ ਬੂਹ, ਸਤਪਾਲ ਸਿੰਘ ਤਲਵੰਡੀ ਭਾਈ, ਦਰਸ਼ਨ ਸਿੰਘ ਸ਼ੇਰਖਾ ਆਦਿ ਖਿਲਾਫ ਦਰਜ ਮੁਕੱਦਮਾ ਨੰਬਰ 171 ਮਿਤੀ 08 ਦਸੰਬਰ 2017 ਦੇ ਅਧਾਰ ‘ਤੇ ਚਲਾਨ ਪੇਸ਼ ਕਰ ਦਿੱਤਾ।

ਇਸੇ ਤਰ੍ਹਾਂ ਥਾਣਾ ਲਾਡੋਵਾਲ ਜ਼ਿਲ੍ਹਾ ਲੁਧਿਆਣਾ ਪੁਲਿਸ ਨੇ ਮੁਕੱਦਮਾ ਨੰ 233 ਅਨੁਸਾਰ ਮਹੇਸ਼ ਇੰਦਰ ਸਿੰਘ ਗਰੇਵਾਲ, ਹੀਰਾ ਸਿੰਘ ਗਾਬੜੀਆ, ਸ਼ਰਨਜੀਤ ਸਿੰਘ ਢਿੱਲੋਂ, ਮਨਪ੍ਰੀਤ ਸਿੰਘ ਇਯਾਲੀ, ਦਰਸ਼ਨ ਸਿੰਘ ਸ਼ਿਵਾਲਿਕ, ਸੰਤਾ ਸਿੰਘ ਉਮੈਦਪੁਰ ਤੇ ਯਾਦਵਿੰਦਰ ਸਿੰਘ ਯਾਦੂ ਆਦਿ ਖਿਲਾਫ 09 ਸਤੰਬਰ 2021 ਨੂੰ ਚਲਾਨ ਪੇਸ਼ ਕਰ ਦਿੱਤਾ ਹੈ।

ਇਸੇ ਤਰ੍ਹਾਂ ਹੁਸ਼ਿਆਰਪੁਰ ਪੁਲਿਸ ਨੇ ਸਾਬਕਾ ਮੰਤਰੀ ਸੋਹਣ ਸਿੰਘ ਠੰਡਲ ਸਾਬਕਾ ਵਿਧਾਇਕ ਤੇ ਸ਼੍ਰੋਮਣੀ ਕਮੇਟੀ ਮੈਂਬਰ, ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਰਜਿੰਦਰ ਸਿੰਘ ਸ਼ੂਕਾ, ਸਤਵਿੰਦਰ ਸਿੰਘ ਢੱਟ, ਅੜਤਾਰ ਸਿੰਘ ਜੌਹਲ ਤੇ ਹੋਰ ਕਈ ਆਗੂਆਂ ਖਿਲਾਫ ਹੁਸ਼ਿਆਰਪੁਰ ਦੀ ਅਦਾਲਤ ਵਿੱਚ 08 ਫਰਵਰੀ 2021 ਨੂੰ ਚਲਾਨ ਪੇਸ਼ ਕਰ ਦਿੱਤਾ ਹੈ।ਇਹਨਾਂ ਸਾਰੇ ਆਗੂਆਂ ਨੂੰ ਥਾਣੇ ਜਾ ਕੇ ਜ਼ਮਾਨਤਾਂ ਕਰਵਾਉਣੀਆਂ ਪਈਆਂ ਸਨ।

ਨਵਾਂਸ਼ਹਿਰ ਵਿਖੇ ਟ੍ਰੈਫਿਕ ਜਾਮ ਕਰਨ ਵਾਲੇ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਸੁੱਖੀ, ਨਵਾਂਸ਼ਹਿਰ ਦੇ ਹਲਕਾ ਇੰਚਾਰਜ ਜਰਨੈਲ ਸਿੰਘ ਵਾਹਦ, ਬੁੱਧ ਸਿੰਘ ਬਲਾਕੀਪੁਰ, ਸੁਖਦੀਪ ਸਿੰਘ ਸ਼ੁਕਾਰ ਆਦਿ ਖਿਲਾਫ ਮਿਤੀ 13 ਸਤੰਬਰ ਨੂੰ ਚਲਾਨ ਪੇਸ਼ ਕਰ ਦਿੱਤਾ।ਇਸੇ ਤਰ੍ਹਾਂ ਪਠਾਨਕੋਟ ਜ਼ਿਲ੍ਹੇ ‘ਚ ਥਾਣਾ ਸੁਜਾਨਪੁਰ ‘ਚ ਸਾਬਕਾ ਮੰਤਰੀ ਦੇਸ ਰਾਜ ਧੁੱਗਾ, ਸੁਖਬੀਰ ਸਿੰਘ ਵਾਹਲਾ ਤੇ ਕਮਲੇਸ਼ ਕੌਰ ਆਦਿ ਖਿਲਾਫ ਚਲਾਨ ਪੇਸ਼ ਕਰ ਦਿੱਤਾ ਗਿਆ ਹੈ।ਬਿਆਸ ਥਾਣਾ ‘ਚ ਦਰਜ ਮੁਕੱਦਮਾ ਨੰ. 236 ਦੇ ਅਧਾਰ ‘ਤੇ ਗੁਲਜ਼ਾਰ ਸਿੰਘ ਰਣੀਕੇ ਆਦਿ ਖਿਲਾਫ ਚਲਾਨ ਪੇਸ਼ ਕਰ ਦਿੱਤਾ ਹੈ।ਦਿਲਚਸਪ ਗੱਲ ਇਹ ਹੈ ਕਿ ਪੁਲਿਸ ਥਾਣਾ ਢਿੱਲਵਾਂ ਵਿਖੇ ਦਰਜ ਮੁਕੱਦਮਾ ਨੰ 100 ਮਿਤੀ 08 ਦਸੰਬਰ 2017, ਜਿਸ ਵਿੱਚ ਬੀਬੀ ਜਗੀਰ ਕੌਰ ਤੇ ਕੁਝ ਹੋਰ ਅਕਾਲੀ ਮੁਲਜ਼ਮ ਸਨ, ਸਬੰਧੀ ਪੁਲਿਸ ਨੇ ਅਖਰਾਜ ਰਿਪੋਰਟ (ਐਫ.ਆਈ.ਆਰ. ਰੱਦ ਕਰਨ ਲਈ ਕਾਰਵਾਈ) ਤਿਆਰ ਕਰਕੇ ਪੇਸ਼ ਕਰ ਦਿੱਤੀ ਜਿਸਨੂੰ ਲੋਕ ਅਦਾਲਤ ਵਿੱਚ ਪ੍ਰਵਾਨ ਕਰ ਲਿਆ ਗਿਆ। ਕੁਝ ਹੋਰ ਥਾਵਾਂ ‘ਤੇ ਹਾਲੇ ਚਲਾਨ ਪੇਸ਼ ਕਰਨੇ ਬਾਕੀ ਹਨ।

ਸ਼ੋਸ਼ਲ ਐਕਟਿਵਿਸਟ ਪਰਵਿੰਦਰ ਸਿੰਘ ਕਿੱਤਣਾ, ਕੁਲਦੀਪ ਸਿੰਘ ਖਹਿਰਾ ਤੇ ਐਡਵੋਕੇਟ ਹਾਕਮ ਸਿੰਘ ਨੇ ਦੱਸਿਆ ਕਿ ਕੁਝ ਮੁਕੱਦਮਿਆਂ ਵਿੱਚ ਪੁਲਿਸ ਵਲੋਂ ਮੁਲਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਬਾਰੇ ਅਗਲੀ ਤਰੀਕ ‘ਤੇ ਮਾਨਯੋਗ ਹਾਈਕੋਰਟ ਨੂੰ ਜਾਣੂ ਕਰਵਾ ਦਿੱਤਾ ਜਾਵੇਗਾ।