Banga Blind Case

ਪੁਲਿਸ ਨੇ ਇਕ ਹਫ਼ਤੇ ‘ਚ ਕੀਤਾ ਬਲਾਇੰਡ ਕਤਲ ਕੇਸ ਦਾ ਪਰਦਾਫਾਸ਼, ਭੈਣ ਹੀ ਨਿਕਲੀ ਕਾਤਲ

ਚੰਡੀਗੜ੍ਹ 02 ਜੂਨ 2022: ਬੰਗਾ ਬਲਾਇੰਡ ਕਤਲ ਕਾਂਡ ਦਾ ਇੱਕ ਹਫ਼ਤੇ ਵਿੱਚ ਪਰਦਾਫਾਸ਼ ਕਰਦਿਆਂ ਐਸ.ਬੀ.ਐਸ.ਨਗਰ ਪੁਲਿਸ ਨੇ ਵੀਰਵਾਰ ਨੂੰ ਪੀੜਤ ਦੀ ਭੈਣ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕੋਲੋਂ 45,000 ਰੁਪਏ ਦੀ ਫਿਰੌਤੀ ਦੀ ਰਕਮ ਬਰਾਮਦ ਕੀਤੀ ਹੈ। ਐਸ.ਬੀ.ਐਸ.ਨਗਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਐਸ.ਐਸ.ਪੀ ਸੰਦੀਪ ਕੁਮਾਰ ਨੇ ਦੱਸਿਆ ਕਿ ਅਮਰਜੀਤ ਸਿੰਘ ਵਾਸੀ ਸੱਲ ਕਲਾਂ (ਬੰਗਾ) ਦੀ 25 ਮਈ 2022 ਨੂੰ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਮਾਮਲੇ ਦੀ ਜਾਂਚ ਦੌਰਾਨ ਉਹਨਾਂ ਦੱਸਿਆ ਕਿ ਮ੍ਰਿਤਕ ਦੀ ਭੈਣ ਮਨਦੀਪ ਕੌਰ ਨੇ ਹੀ ਆਪਣੀ ਸਹੇਲੀ ਗੁਰਵਿੰਦਰ ਕੌਰ ਵਾਸੀ ਚਰਨ (ਐੱਸ. ਬੀ. ਐੱਸ. ਨਗਰ) ਨਾਲ ਮਿਲ ਕੇ ਅਮਰਜੀਤ ਸਿੰਘ ਦੇ ਕਤਲ ਦੀ ਸਾਜ਼ਿਸ਼ ਰਚੀ ਸੀ।

ਗੁਰਵਿੰਦਰ ਕੌਰ ਨੇ ਅੱਗੇ ਲਖਬੀਰ ਕੁਮਾਰ ਵਾਸੀ ਮਹਿਮੂਦਪੁਰ ਗਦਰੀਆਂ ਨਾਲ ਸੰਪਰਕ ਕੀਤਾ। ਲਖਬੀਰ ਕੁਮਾਰ ਨੇ ਸਰਬਜੀਤ ਸਿੰਘ ਵਾਸੀ ਚਰਨਾ ਨਾਲ ਮਿਲ ਕੇ ਅਮਰਜੀਤ ਸਿੰਘ ਦਾ ਕਤਲ ਕਰਨ ਲਈ 75,000 ਰੁਪਏ ਵਿੱਚ ਸੌਦਾ ਤੈਅ ਕੀਤਾ। ਇਸ ਤੋਂ ਬਾਅਦ 25 ਮਈ 2022 ਨੂੰ ਸਰਬਜੀਤ ਸਿੰਘ ਨੇ ਆਪਣੇ ਅਣਪਛਾਤੇ ਦੋਸਤ ਨਾਲ ਮਿਲ ਕੇ ਅਮਰਜੀਤ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ।

ਇਸ ਮਾਮਲੇ ਵਿੱਚ ਮੁਲਜ਼ਮ ਮਨਦੀਪ ਕੌਰ, ਗੁਰਵਿੰਦਰ ਕੌਰ ਅਤੇ ਲਖਬੀਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਕੋਲੋਂ 45 ਹਜ਼ਾਰ ਰੁਪਏ ਵੀ ਬਰਾਮਦ ਕੀਤੇ ਗਏ ਹਨ। ਐਸ.ਐਸ.ਪੀ ਨੇ ਦੱਸਿਆ ਕਿ ਮੁਲਜ਼ਮ ਸਰਬਜੀਤ ਸਿੰਘ ਅਤੇ ਉਸ ਦੇ ਸਾਥੀ ਮੁਲਜ਼ਮ ਅਜੇ ਫਰਾਰ ਹਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Scroll to Top