July 1, 2024 2:40 am
ਨਾਂਦੇੜ

ਨਾਂਦੇੜ : ਪੁਲਿਸ ਨੇ ਦੰਗਿਆਂ ਵਿੱਚ ਸ਼ਾਮਲ 35 ਲੋਕਾਂ ਨੂੰ ਕੀਤਾ ਗ੍ਰਿਫਤਾਰ

ਚੰਡੀਗੜ੍ਹ, 14 ਨਵੰਬਰ 2021 : ਮਹਾਰਾਸ਼ਟਰ ਦੇ ਨਾਂਦੇੜ ‘ਚ 12 ਨਵੰਬਰ ਨੂੰ ਭਾਰਤ ਬੰਦ ਦੇ ਸੱਦੇ ਨੇ ਹਿੰਸਕ ਰੂਪ ਲੈ ਲਿਆ। ਦੁਕਾਨਾਂ ਜ਼ਬਰਦਸਤੀ ਬੰਦ ਕਰਵਾਈਆਂ ਗਈਆਂ। ਇਸ ਦੌਰਾਨ ਪੁਲਿਸ ‘ਤੇ ਪਥਰਾਅ ਵੀ ਕੀਤਾ ਗਿਆ। ਪੁਲਿਸ ਨੇ ਹੁਣ ਤੱਕ 35 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਤ੍ਰਿਪੁਰਾ ਹਿੰਸਾ ਦੀ ਅੱਗ ਮਹਾਰਾਸ਼ਟਰ ਦੇ ਕਈ ਜ਼ਿਲ੍ਹਿਆਂ ਤੱਕ ਪਹੁੰਚ ਚੁੱਕੀ ਹੈ। ਮਹਾਰਾਸ਼ਟਰ ਦੇ ਨਾਂਦੇੜ ਵਿੱਚ ਹਾਲ ਹੀ ਵਿੱਚ ਹੋਈ ਹਿੰਸਾ ਦੇ ਸਬੰਧ ਵਿੱਚ ਪੁਲਿਸ ਨੇ ਹੁਣ ਤੱਕ 35 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਦੰਗੇ ਵਿਚ ਸ਼ਾਮਲ ਬਾਕੀ ਲੋਕਾਂ ਦੀ ਭਾਲ ਜਾਰੀ ਹੈ। ਪੁਲਿਸ ਪ੍ਰਸ਼ਾਸਨ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ ‘ਤੇ ਸਮਾਚਾਰ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਫਿਲਹਾਲ ਨਾਂਦੇੜ ਵਿਚ ਸਥਿਤੀ ਸ਼ਾਂਤੀਪੂਰਨ ਹੈ, ਜਿੱਥੇ ਸ਼ੁੱਕਰਵਾਰ ਨੂੰ ਇਕ ਪੁਲਿਸ ਵੈਨ ‘ਤੇ ਪਥਰਾਅ ਕੀਤਾ ਗਿਆ, ਜਿਸ ਵਿਚ ਦੋ ਪੁਲਿਸ ਕਰਮਚਾਰੀ ਜ਼ਖਮੀ ਹੋ ਗਏ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਪ੍ਰਦਰਸ਼ਨ ਤ੍ਰਿਪੁਰਾ ਘਟਨਾ ਦੇ ਵਿਰੋਧ ਵਿੱਚ ਕੀਤਾ ਗਿਆ। ਨਾਂਦੇੜ ‘ਚ ਮੁਸਲਿਮ ਸੰਗਠਨਾਂ ਨੇ ਸੜਕਾਂ ‘ਤੇ ਉਤਰ ਕੇ ਨਾਅਰੇਬਾਜ਼ੀ ਕੀਤੀ ਪਰ ਕੁਝ ਹੀ ਸਮੇਂ ‘ਚ ਇਹ ਪ੍ਰਦਰਸ਼ਨ ਹਿੰਸਕ ਹੋ ਗਿਆ। ਸੜਕਾਂ ‘ਤੇ ਵੱਡੀ ਗਿਣਤੀ ‘ਚ ਪੱਥਰ ਵੀ ਸੁੱਟੇ ਗਏ ਅਤੇ ਪੁਲਿਸ ਨਾਲ ਕੁੱਟਮਾਰ ਦੀਆਂ ਘਟਨਾਵਾਂ ਵੀ ਵਾਪਰੀਆਂ। ਹਾਲਾਂਕਿ ਪੁਲਿਸ ਪ੍ਰਸ਼ਾਸਨ ਨੇ ਜਲਦੀ ਹੀ ਸਥਿਤੀ ‘ਤੇ ਕਾਬੂ ਪਾ ਲਿਆ। ਜ਼ਿਲ੍ਹੇ ਵਿੱਚ ਸ਼ਾਂਤੀ ਦਾ ਮਾਹੌਲ ਹੈ।

ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ

ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਦਿਲੀਪ ਵਾਲਸੇ ਪਾਟਿਲ ਨੇ ਕਿਹਾ, ”ਸਥਿਤੀ ਕਾਬੂ ਹੇਠ ਹੈ। ਸੀਨੀਅਰ ਪੁਲਿਸ ਅਧਿਕਾਰੀਆਂ ਰਾਹੀਂ ਮੈਂ ਨਿੱਜੀ ਤੌਰ ‘ਤੇ ਇਸ ਦੀ ਨਿਗਰਾਨੀ ਕਰ ਰਿਹਾ ਹਾਂ। ਦੋਸ਼ੀ ਪਾਏ ਜਾਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਗ੍ਰਹਿ ਮੰਤਰੀ ਨੇ ਲੋਕਾਂ ਨੂੰ ਸਮਾਜਿਕ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕੀਤੀ। ਮਹਾਰਾਸ਼ਟਰ ਦੇ ਤਿੰਨ ਜ਼ਿਲ੍ਹਿਆਂ ਵਿੱਚ ਹਿੰਸਕ ਝੜਪਾਂ ਵਿੱਚ ਕਰੀਬ 25 ਲੋਕ ਜ਼ਖ਼ਮੀ ਹੋ ਗਏ ਹਨ। ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ।

ਹਿੰਸਾ ਕਿਵੇਂ ਹੋਈ

ਪ੍ਰਾਪਤ ਜਾਣਕਾਰੀ ਅਨੁਸਾਰ ਮਹਾਰਾਸ਼ਟਰ ਦੇ ਨਾਂਦੇੜ ਵਿੱਚ ਭਾਰਤ ਬੰਦ ਦੇ ਸੱਦੇ ਨੇ ਹਿੰਸਕ ਰੂਪ ਲੈ ਲਿਆ। ਦੁਕਾਨਾਂ ਨੂੰ ਜ਼ਬਰਦਸਤੀ ਬੰਦ ਕਰਵਾਇਆ ਗਿਆ ਅਤੇ ਪੁਲਿਸ ‘ਤੇ ਪਥਰਾਅ ਕੀਤਾ ਗਿਆ, ਮਾਲੇਗਾਓਂ ਤੋਂ ਇਲਾਵਾ ਅਮਰਾਵਤੀ ‘ਚ ਵੀ ਕਾਫੀ ਹੰਗਾਮਾ ਹੋਇਆ, ਉਥੇ ਵੀ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ।

ਮੁਸਲਿਮ ਸੰਗਠਨਾਂ ਦਾ ਦੋਸ਼ ਹੈ ਕਿ ਹਾਲ ਹੀ ‘ਚ ਤ੍ਰਿਪੁਰਾ ‘ਚ ਵੱਡੇ ਪੱਧਰ ‘ਤੇ ਫਿਰਕੂ ਹਿੰਸਾ ਹੋਈ ਸੀ। ਬੰਗਲਾਦੇਸ਼ ‘ਚ ਹਿੰਦੂਆਂ ‘ਤੇ ਹਮਲੇ ਤੋਂ ਬਾਅਦ ਤ੍ਰਿਪੁਰਾ ‘ਚ ਮਾਹੌਲ ਗਰਮ ਹੋ ਗਿਆ ਸੀ। ਮੁਸਲਿਮ ਸੰਗਠਨਾਂ ਨੇ ਦੋਸ਼ ਲਾਇਆ ਕਿ ਉਥੇ ਉਨ੍ਹਾਂ ਨੂੰ ਧਮਕਾਇਆ ਜਾ ਰਿਹਾ ਹੈ ਅਤੇ ਹਮਲਾ ਕੀਤਾ ਜਾ ਰਿਹਾ ਹੈ। ਤਣਾਅਪੂਰਨ ਮਾਹੌਲ ਅਤੇ ਕੁਝ ਸੋਸ਼ਲ ਮੀਡੀਆ ਪੋਸਟਾਂ ਕਾਰਨ ਦੇਸ਼ ਭਰ ਵਿੱਚ ਤ੍ਰਿਪੁਰਾ ਹਿੰਸਾ ਦੇ ਵਿਰੋਧ ਵਿੱਚ ਪ੍ਰਦਰਸ਼ਨ ਹੋਏ ਸਨ।