Police

ਟਾਂਡਾ ‘ਚ ਹੋਏ ਗਊ ਹੱਤਿਆ ਮਾਮਲੇ ‘ਚ ਪੁਲਸ ਨੇ ਯੂ ਪੀ ‘ਚੋਂ 2 ਮੁੱਖ ਦੋਸ਼ੀਆਂ ਕੀਤਾ ਗ੍ਰਿਫਤਾਰ

ਚੰਡੀਗੜ੍ਹ 18 ਮਾਰਚ 2022: ਕੁਝ ਦਿਨ ਪਹਿਲਾਂ ਟਾਂਡਾ ’ਚ ਹੋਏ ਗਊ ਕਤਲਕਾਂਡ ਦੇ ਮਾਮਲੇ ‘ਚ ਪੁਲਸ ਨੂੰ ਵੱਡੀ ਕਾਮਯਾਬੀ ਮਿਲੀ ਹੈ | ਇਸ ਮਾਮਲੇ ਦੇ ਦੋ ਮੁੱਖ ਦੋਸ਼ੀਆਂ ਨੂੰ ਪੁਲਸ (Police) ਨੇ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕਰ ਲਈ ਹੈ। ਜ਼ਿਲ੍ਹਾ ਪੁਲਸ ਮੁਖੀ ਧਰੁਮਨ ਐੱਚ. ਨਿੰਬਲੇ ਨੇ ਦੱਸਿਆ ਕਿ ਕਤਲਕਾਂਡ ਤੋਂ ਬਾਅਦ ਗਠਿਤ ਵਿਸ਼ੇਸ਼ ਟੀਮ ਨੇ ਕਲੀਅਰ ਸ਼ਰੀਫ ਉੱਤਰ ਪ੍ਰਦੇਸ਼ ਤੋਂ ਇਸ ਕੇਸ ਨਾਲ ਸੰਬੰਧਿਤ ਮੁੱਖ ਦੋਸ਼ੀ ਇਰਸ਼ਾਦ ਖਾਨ ਪੁੱਤਰ ਨਵਾਬ ਖਾਨ ਵਾਸੀ ਮਾਣੂੰਕੇ ਨਿਹਾਲ ਸਿੰਘ ਵਾਲਾ ਅਤੇ ਫਰਿਆਦ ਪੁੱਤਰ ਬਰਕਤ ਅਲੀ ਵਾਸੀ ਖੱਖ (ਟਾਂਡਾ) ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਜ਼ਿਲ੍ਹਾ ਪੁਲਸ (Police) ਮੁਖੀ ਨੇ ਦੱਸਿਆ ਕਿ ਜੀ. ਆਰ. ਪੀ. ਜਲੰਧਰ ਵੱਲੋਂ ਮਾਮਲਾ ਦਰਜ ਹੋਣ ਤੋਂ ਬਾਅਦ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਡੀ. ਜੀ. ਪੀ. ਪੰਜਾਬ ਵਿਰੇਸ਼ ਕੁਮਾਰ ਭਵਰਾ ਅਤੇ ਆਈ. ਜੀ. ਪੀ. ਜਲੰਧਰ ਰੇਂਜ ਅਰੁਣ ਪਾਲ ਸਿੰਘ ਵੱਲੋਂ ਕੇਸ ਨੂੰ ਜਲਦ ਟਰੇਸ ਕਰਨ ਅਤੇ ਦੋਸ਼ੀਆਂ ਨੂੰ ਕਾਬੂ ਕਰਨ ਦੇ ਹੁਕਮਾਂ ਤੋਂ ਬਾਅਦ ਜਾਂਚ ਟੀਮਾਂ ਨੇ ਫੋਰੈਂਸਿਕ ਅਤੇ ਖੁਫ਼ੀਆ ਸੋਰਸ ਲਗਾ ਕੇ 36 ਘੰਟਿਆਂ ’ਚ ਹੀ ਕੇਸ ਨੂੰ ਟਰੇਸ ਕਰਕੇ ਅੱਠ ਦੋਸ਼ੀਆਂ ਨੂੰ ਕਾਬੂ ਕਰ ਲਿਆ ਸੀ।

ਇਸ ਮਾਮਲੇ ‘ਚ ਮੁਖ ਦੋਸ਼ੀ ਇਰਸ਼ਾਦ ਖਾਨ ਦੀ ਗ੍ਰਿਫ਼ਤਾਰੀ ਲਈ ਜਦੋਂ ਗੁਰਦਾਸਪੁਰ ਤੇ ਖੰਨਾ ’ਚ ਰੇਡ ਕੀਤੀ ਤਾਂ ਉਹ ਉੱਤਰ ਪ੍ਰਦੇਸ਼ ਭੱਜ ਗਿਆ ਸੀ, ਹੁਣ ਕਲੀਅਰ ਸ਼ਰੀਫ ਤੋਂ ਕਾਬੂ ਕਰ ਲਿਆ ਗਿਆ ਅਤੇ ਉਸ ਦੇ ਸਾਥੀ ਫਰਿਆਦ ਖਾਨ ਨੂੰ ਵੀ ਕਾਬੂ ਕੀਤਾ ਗਿਆ ਹੈ । ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਪਸ਼ੂ ਤਸਕਰੀ ਦਾ ਧੰਦਾ ਕਰਦੇ ਹਨ ਅਤੇ ਉਨ੍ਹਾਂ ਨੇ ਸਤਪਾਲ ਉਰਫ ਪੱਪੀ ਵਾਸੀ ਕੋਟਲੀ ਸ਼ੇਖ਼ਾਂ, ਜਿਸ ’ਤੇ ਪਹਿਲਾਂ ਵੀ ਗਊ ਹੱਤਿਆ ਦੇ ਕੇਸ ਦਰਜ ਹਨ, ਤੋਂ ਗਾਵਾਂ ਖਰੀਦ ਕੇ ਟਾਂਡਾ ਰੇਲਵੇ ਲਾਈਨਾਂ ਕੋਲ ਲਿਆ ਕੇ ਕਤਲ ਕੀਤੀਆਂ ਸਨ ਅਤੇ ਮਾਸ ਉੱਤਰ ਪ੍ਰਦੇਸ਼ ’ਚ ਵਪਾਰੀ ਨੂੰ ਵੇਚ ਦਿੱਤਾ ਸੀ ।

ਇਸ ਮਾਮਲੇ ‘ਚ ਇਨ੍ਹਾਂ ਕੋਲੋਂ ਪੁੱਛਗਿੱਛ ਲਈ ਦੋ ਦਿਨ ਦਾ ਰਿਮਾਂਡ ਮਿਲਿਆ ਹੈ | ਤਫਤੀਸ਼ ਦੌਰਾਨ ਪਤਾ ਲੱਗਿਆ ਹੈ ਕਿ ਇਰਸ਼ਾਦ ਖਾਨ ਖ਼ਿਲਾਫ਼ ਹਨੂੰਮਾਨਗੜ੍ਹ, ਰਾਜਸਥਾਨ ’ਚ ਪਸ਼ੂ ਤਸਕਰੀ ਦਾ ਮਾਮਲਾ ਦਰਜ ਹੈ ਅਤੇ ਉਸ ਦੇ ਪਿਤਾ ਨਵਾਬ ਖਾਨ ਖ਼ਿਲਾਫ਼ ਵੀ ਪਿੰਡ ਬਿਲਾਸਪੁਰ ’ਚ ਹੱਡਾਂ ਰੋੜੀ ਦੀ ਆੜ ’ਚ ਬੁੱਚੜਖਾਨਾ ਚਲਾਉਣ ਅਤੇ ਗਊ ਹੱਤਿਆ ਦਾ ਮਾਮਲਾ ਦਰਜ ਸੀ । ਇਨ੍ਹਾਂ ਦੋਸ਼ੀਆਂ ਵੱਲੋਂ ਮਾਲੇਰਕੋਟਲਾ, ਲੁਧਿਆਣਾ, ਖੰਨਾ, ਗੁਰਦਾਸਪੁਰ ਅਤੇ ਜਲੰਧਰ ਤੋਂ ਗਊਆਂ ਦੀ ਤਸਕਰੀ ਕੀਤੀ ਜਾਂਦੀ ਹੈ ।

Scroll to Top