Site icon TheUnmute.com

ਦਿੱਲੀ ‘ਚ ਬਣੇਗੀ PM ਦੀ ਨਵੀਂ ਰਿਹਾਇਸ਼, ਅਰਵਿੰਦ ਕੇਜਰੀਵਾਲ ਨੇ ਇਸ ਸ਼ਰਤ ‘ਤੇ ਦਿੱਤੀ ਮਨਜ਼ੂਰੀ

Aam Aadmi Party

ਚੰਡੀਗੜ੍ਹ, 14 ਫਰਵਰੀ 2023: ਦਿੱਲੀ ਵਿੱਚ ਸੈਂਟਰਲ ਵਿਸਟਾ ਦੇ ਤਹਿਤ ਬਣ ਰਹੀ ਪ੍ਰਧਾਨ ਮੰਤਰੀ ਦੀ ਨਵੀਂ ਰਿਹਾਇਸ਼ ਦਾ ਰਾਹ ਹੁਣ ਸਾਫ਼ ਹੋ ਗਿਆ ਹੈ। ਇਸ ਮਾਮਲੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਹੁਣ ਦੇਸ਼ ਲਈ ਨਵੇਂ ਪ੍ਰਧਾਨ ਮੰਤਰੀ ਦੀ ਰਿਹਾਇਸ਼ ਜਲਦੀ ਮਿਲਣ ਦਾ ਰਾਹ ਆਸਾਨ ਹੋ ਗਿਆ ਹੈ। ਇਹ ਕਾਰਜਕਾਰੀ ਐਨਕਲੇਵ ਸਾਊਥ ਬਲਾਕ ਦੀ ਦੱਖਣੀ ਦਿਸ਼ਾ ਵਿੱਚ ਪਲਾਟ ਨੰਬਰ 36/38 ‘ਤੇ ਬਣਾਇਆ ਜਾ ਰਿਹਾ ਹੈ, ਜੋ ਕਿ ਦਿੱਲੀ ਦੇ ਅਤਿ ਸੁਰੱਖਿਅਤ ਲੁਟੀਅਨਜ਼ ਜ਼ੋਨ ਵਿੱਚ ਪੈਂਦਾ ਹੈ।

ਮਹੱਤਵਪੂਰਨ ਗੱਲ ਇਹ ਹੈ ਕਿ ਸੈਂਟਰਲ ਵਿਸਟਾ ਸਮੇਤ ਪ੍ਰਧਾਨ ਮੰਤਰੀ ਐਨਕਲੇਵ ਦਾ ਨਿਰਮਾਣ ਕਰ ਰਹੇ ਕੇਂਦਰੀ ਲੋਕ ਨਿਰਮਾਣ ਵਿਭਾਗ ਨੇ ਦਿੱਲੀ ਸਰਕਾਰ ਤੋਂ ਉਸਾਰੀ ਅਧੀਨ ਥਾਂ ਤੋਂ 173 ਦਰੱਖਤਾਂ ਨੂੰ ਟਰਾਂਸਪਲਾਂਟ ਕਰਨ ਦੀ ਇਜਾਜ਼ਤ ਮੰਗੀ ਸੀ।

ਦਿੱਲੀ ਸਰਕਾਰ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਇਸ ਮਾਮਲੇ ‘ਚ ਸਮੇਂ ਸਿਰ ਕਾਰਵਾਈ ਕੀਤੀ, ਜਿਸ ਨਾਲ ਇਸ ਪ੍ਰਾਜੈਕਟ ‘ਚ ਤੇਜ਼ੀ ਆਈ ਹੈ। ਦਿੱਲੀ ਸਰਕਾਰ ਨੇ ਇਸ ਸ਼ਰਤ ‘ਤੇ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਹੈ ਕਿ ਨਿਰਮਾਣ ਕਰਨ ਵਾਲੀ ਏਜੰਸੀ ਨੂੰ ਜੋ ਟਰਾਂਸਪਲਾਂਟ ਕੀਤਾ ਜਾ ਰਿਹਾ ਹੈ, ਉਸ ਤੋਂ 10 ਗੁਣਾ ਜ਼ਿਆਦਾ ਰੁੱਖ ਲਗਾਉਣੇ ਹੋਣਗੇ।

ਪ੍ਰਧਾਨ ਮੰਤਰੀ ਨਿਵਾਸ, ਪ੍ਰਧਾਨ ਮੰਤਰੀ ਦਫ਼ਤਰ, ਕੈਬਨਿਟ ਸਕੱਤਰੇਤ, ਇੰਡੀਆ ਹਾਊਸ ਅਤੇ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਸਕੱਤਰੇਤ ਇਸ ਕਾਰਜਕਾਰੀ ਐਨਕਲੇਵ ਦਾ ਹਿੱਸਾ ਹੋਣਗੇ, ਜਿਸ ਦਾ ਨਿਰਮਾਣ 1,189 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਹੋਣ ਦੀ ਉਮੀਦ ਹੈ। ਇੰਡੀਆ ਹਾਊਸ ਵਿੱਚ ਕਾਨਫਰੰਸ ਸੁਵਿਧਾਵਾਂ ਹੋਣਗੀਆਂ ਜਿਵੇਂ ਕਿ ਇਸ ਵੇਲੇ ਹੈਦਰਾਬਾਦ ਹਾਊਸ ਵਿੱਚ ਹੈ। ਜਿਸ ਤਰ੍ਹਾਂ ਵਿਦੇਸ਼ਾਂ ਤੋਂ ਆਉਣ ਵਾਲੇ ਉੱਚ-ਪੱਧਰੀ ਆਗੂ ਹੈਦਰਾਬਾਦ ਹਾਊਸ ‘ਚ ਦੇਸ਼ ਦੇ ਨੇਤਾਵਾਂ ਨਾਲ ਮੀਟਿੰਗਾਂ ਕਰਦੇ ਹਨ, ਉਹੀ ਸਹੂਲਤ ਇੰਡੀਆ ਹਾਊਸ ‘ਚ ਹੋਵੇਗੀ।

Exit mobile version