ਚੰਡੀਗੜ੍ਹ 15 ਸਤੰਬਰ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਅੱਜ ਸ਼ਾਮ ਉਜ਼ਬੇਕਿਸਤਾਨ (Uzbekistan) ਦੇ ਇੱਕ ਦਿਨ ਦੇ ਦੌਰੇ ‘ਤੇ ਰਵਾਨਾ ਹੋਣਗੇ। ਸ਼ੁੱਕਰਵਾਰ ਨੂੰ ਉਹ ਸਮਰਕੰਦ ਸ਼ਹਿਰ ‘ਚ ਆਯੋਜਿਤ ਸ਼ੰਘਾਈ ਸਿਖ਼ਰ ਸੰਮੇਲਨ (SCO Summit) ‘ਚ ਸ਼ਿਰਕਤ ਕਰਨਗੇ | ਇਸ ਸੰਬੰਧੀ ਵਿਦੇਸ਼ ਸਕੱਤਰ ਵਿਨੈ ਕਵਾਤਰਾ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਉਜ਼ਬੇਕਿਸਤਾਨ ਦੌਰੇ ਦੇ ਵੇਰਵੇ ਸਾਂਝੇ ਕੀਤੇ ਹਨ।
ਕਵਾਤਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਉਜ਼ਬੇਕਿਸਤਾਨ (Uzbekistan) ਦੇ ਰਾਸ਼ਟਰਪਤੀ ਸ਼ਵਕਤ ਮਿਰਜ਼ਿਓਯੇਵ ਦੇ ਸੱਦੇ ‘ਤੇ ਉੱਥੇ ਜਾ ਰਹੇ ਹਨ। ਉਹ ਸਮਰਕੰਦ ਵਿੱਚ SCO ਦੇ ਮੁਖੀਆਂ ਦੇ 22ਵੇਂ ਸੰਮੇਲਨ ਵਿੱਚ ਸ਼ਾਮਲ ਹੋਣਗੇ ਅਤੇ ਸੰਬੋਧਨ ਕਰਨਗੇ। ਉਨ੍ਹਾਂ ਨੇ ਕਿਹਾ ਕਿ ਸਿਖ਼ਰ ਸੰਮੇਲਨ ਵਿੱਚ ਆਮ ਤੌਰ ‘ਤੇ ਦੋ ਸੈਸ਼ਨ ਹੁੰਦੇ ਹਨ। ਸਿਰਫ਼ SCO ਮੈਂਬਰ ਦੇਸ਼ਾਂ ਲਈ ਸੀਮਤ ਸੈਸ਼ਨ ਹੋਵੇਗਾ ਅਤੇ ਅਬਜ਼ਰਵਰਾਂ ਅਤੇ ਵਿਸ਼ੇਸ਼ ਸੱਦੇ ਵਾਲਿਆਂ ਲਈ ਇੱਕ ਵਿਸਤ੍ਰਿਤ ਸੈਸ਼ਨ ਹੋਵੇਗਾ।