ਚੰਡੀਗੜ੍ਹ 18 ਮਾਰਚ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਆਸਟ੍ਰੇਲੀਆਈ ਸਕਾਟ ਮੌਰੀਸਨ ਦੇ ਨਾਲ 21 ਮਾਰਚ ਨੂੰ ਇੱਕ ਵਰਚੁਅਲ ਕਾਨਫਰੰਸ (Virtual Conference) ‘ਚ ਹਿੱਸਾ ਲੈਣਗੇ। ਇਸ ਦੌਰਾਨ ਦੋਵੇਂ ਨੇਤਾ ਦੁਵੱਲੇ ਸਬੰਧਾਂ ਨੂੰ ਹੋਰ ਵਧਾਉਣ ਦੇ ਤਰੀਕਿਆਂ ‘ਤੇ ਚਰਚਾ ਕਰਨਗੇ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ।
ਇਸ ਸੰਮੇਲਨ ਬਾਰੇ ਮੌਰੀਸਨ ਨੇ ਕਿਹਾ ਕਿ ਅਸੀਂ ਆਪਣੇ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਮਜ਼ਬੂਤ ਕਰਨ ਬਾਰੇ ਚਰਚਾ ਕਰਾਂਗੇ ਅਤੇ ਆਪਣੇ ਆਪਸੀ ਆਰਥਿਕ ਵਿਕਾਸ ਲਈ ਨਵੇਂ ਆਰਥਿਕ ਮੌਕਿਆਂ ਬਾਰੇ ਗੱਲ ਕਰਾਂਗੇ। ਉਨ੍ਹਾਂ ਕਿਹਾ ਕਿ ਅਸੀਂ ਯੂਕਰੇਨ ਦੀ ਸਥਿਤੀ ਅਤੇ ਭਾਰਤ-ਪ੍ਰਸ਼ਾਂਤ ਅਤੇ ਮਿਆਂਮਾਰ ‘ਤੇ ਇਸ ਦੇ ਪ੍ਰਭਾਵ ਬਾਰੇ ਵੀ ਗੱਲ ਕਰਾਂਗੇ।
ਇਸ ਦੌਰਾਨ ਬਾਗਚੀ ਨੇ ਦੱਸਿਆ ਸੀ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੌਰੀਸਨ 21 ਮਾਰਚ ਨੂੰ ਦੂਜੇ ਭਾਰਤ-ਆਸਟ੍ਰੇਲੀਆ ਵਰਚੁਅਲ ਸੰਮੇਲਨ (Virtual Conference) ਦਾ ਆਯੋਜਨ ਕਰਨਗੇ। ਉਨ੍ਹਾਂ ਕਿਹਾ ਕਿ ਭਾਰਤ ਅਤੇ ਆਸਟ੍ਰੇਲੀਆ ਦੇ ਸੰਬੰਧ ਪਿਛਲੇ ਸਾਲਾਂ ਦੌਰਾਨ ਬਹੁਤ ਵਧੇ ਹਨ। ਦੋਵਾਂ ਵਿਚਾਲੇ ਵਪਾਰ ਸਮੇਤ ਹੋਰ ਖੇਤਰਾਂ ‘ਚ ਸੰਬੰਧ ਮਜ਼ਬੂਤ ਹੋਏ ਹਨ।