ਦੇਵਘਰ

PM ਮੋਦੀ ਨੇ ਝਾਰਖੰਡ ਦੇ ਦੇਵਘਰ ‘ਚ ਬਚਾਅ ਕਾਰਜਾਂ ‘ਚ ਸ਼ਾਮਲ ਟੀਮ ਨਾਲ ਕੀਤੀ ਗੱਲਬਾਤ

ਚੰਡੀਗੜ੍ਹ 13 ਅਪ੍ਰੈਲ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਦੇਵਘਰ (ਝਾਰਖੰਡ) ਵਿੱਚ ਬਚਾਅ ਕਾਰਜਾਂ ਵਿੱਚ ਸ਼ਾਮਲ ਟੀਮ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਭਾਰਤੀ ਹਵਾਈ ਸੈਨਾ, ਭਾਰਤੀ ਸੈਨਾ, ਐਨਡੀਆਰਐਫ, ਆਈਟੀਬੀਪੀ, ਸਥਾਨਕ ਪ੍ਰਸ਼ਾਸਨ ਅਤੇ ਸਿਵਲ ਸੁਸਾਇਟੀ ਦੇ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਅਤੇ ਆਪਰੇਸ਼ਨ ਦੌਰਾਨ ਉਨ੍ਹਾਂ ਦੇ ਤਜ਼ਰਬਿਆਂ ਬਾਰੇ ਜਾਣਿਆ। ਜਾਣਕਾਰੀ ਮੁਤਾਬਕ ਇਹ ਗੱਲਬਾਤ ਰਾਤ ਕਰੀਬ ਅੱਠ ਵਜੇ ਸ਼ੁਰੂ ਹੋਈ।

ਪ੍ਰਧਾਨ ਮੰਤਰੀ ਮੋਦੀ ਨੇ ਦੇਵਘਰ ‘ਚ ਬਚਾਅ ਮੁਹਿੰਮ ‘ਚ ਲੱਗੇ ਜਵਾਨਾਂ ਨੂੰ ਕਿਹਾ ਕਿ ਤੁਸੀਂ 3 ਦਿਨਾਂ ਦੌਰਾਨ 24 ਘੰਟੇ ਕੰਮ ਕੀਤਾ, ਔਖਾ ਅਭਿਆਨ ਪੂਰਾ ਕੀਤਾ ਅਤੇ ਕਈ ਨਾਗਰਿਕਾਂ ਦੀ ਜਾਨ ਬਚਾਈ। ਤੁਹਾਡੇ ਯਤਨਾਂ ਦੀ ਪੂਰੇ ਦੇਸ਼ ਨੇ ਸ਼ਲਾਘਾ ਕੀਤੀ ਹੈ। ਹਾਲਾਂਕਿ, ਅਸੀਂ ਦੁਖੀ ਹਾਂ ਕਿ ਕੁਝ ਜਾਨਾਂ ਨੂੰ ਬਚਾਇਆ ਨਹੀਂ ਜਾ ਸਕਿਆ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਮਾਣ ਹੈ ਕਿ ਉਸ ਕੋਲ ਸਾਡੀ ਸੈਨਾ, ਹਵਾਈ ਸੈਨਾ, ਐਨਡੀਆਰਐਫ, ਆਈਟੀਬੀਪੀ ਦੇ ਜਵਾਨਾਂ ਅਤੇ ਪੁਲਿਸ ਬਲ ਦੇ ਰੂਪ ਵਿੱਚ ਅਜਿਹੀ ਕੁਸ਼ਲ ਫੋਰਸ ਹੈ, ਜੋ ਦੇਸ਼ ਵਾਸੀਆਂ ਨੂੰ ਹਰ ਸੰਕਟ ਵਿੱਚੋਂ ਸੁਰੱਖਿਅਤ ਢੰਗ ਨਾਲ ਬਾਹਰ ਕੱਢਣ ਦੀ ਸਮਰੱਥਾ ਰੱਖਦੀ ਹੈ।

ਇਸ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਮੈਂ ਐਨਡੀਆਰਐਫ, ਹਵਾਈ ਸੈਨਾ, ਆਈਟੀਬੀਪੀ, ਫੌਜ, ਜ਼ਿਲ੍ਹਾ ਪ੍ਰਸ਼ਾਸਨ ਦੇ ਸਾਰੇ ਪ੍ਰਤੀਨਿਧੀਆਂ ਨੂੰ ਵਧਾਈ ਅਤੇ ਧੰਨਵਾਦ ਦਿੰਦਾ ਹਾਂ ਕਿਉਂਕਿ ਇਹ ਬਹੁਤ ਮੁਸ਼ਕਲ ਆਪ੍ਰੇਸ਼ਨ ਸੀ ਜਿਸ ਨੂੰ ਉਨ੍ਹਾਂ ਨੇ ਧੀਰਜ ਨਾਲ ਨਿਭਾਇਆ। ਇੰਨੇ ਥੋੜੇ ਸਮੇਂ ਵਿੱਚ ਬਹੁਤ ਸਾਰੀਆਂ ਏਜੰਸੀਆਂ ਨੇ ਚੰਗੇ ਤਾਲਮੇਲ ਨਾਲ ਘੱਟੋ-ਘੱਟ ਨੁਕਸਾਨ ਦੇ ਨਾਲ ਕਾਰਵਾਈ ਕੀਤੀ।

ਦਰਅਸਲ ਐਤਵਾਰ ਨੂੰ ਦੇਵਘਰ ‘ਚ ਤ੍ਰਿਕੁਟ ਪਹਾੜੀਆਂ ‘ਤੇ ਰੋਪਵੇਅ ਟਰਾਲੀਆਂ ਦੀ ਟੱਕਰ ਕਾਰਨ ਇਹ ਹਾਦਸਾ ਵਾਪਰਿਆ। ਇਸ ਤੋਂ ਬਾਅਦ 60 ਤੋਂ ਵੱਧ ਸੈਲਾਨੀ 46 ਘੰਟਿਆਂ ਤੋਂ ਵੱਧ ਸਮੇਂ ਤੱਕ ਕੇਬਲ ਕਾਰਾਂ ਵਿੱਚ ਫਸੇ ਰਹੇ। ਭਾਰਤੀ ਹਵਾਈ ਸੈਨਾ, ਸੈਨਾ, ਇੰਡੋ-ਤਿੱਬਤੀਅਨ ਬਾਰਡਰ ਪੁਲਿਸ, ਐਨਡੀਆਰਐਫ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਨੇ ਸੈਲਾਨੀਆਂ ਨੂੰ ਬਚਾਉਣ ਲਈ ਮੁਹਿੰਮ ਚਲਾਈ ਸੀ। ਇਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਵੀ ਮੌਤ ਹੋ ਗਈ।

Scroll to Top