Site icon TheUnmute.com

PM ਮੋਦੀ ਨੇ ਗੋਵਿੰਦਘਾਟ ਤੋਂ ਸ੍ਰੀ ਹੇਮਕੁੰਟ ਸਾਹਿਬ ਨੂੰ ਜੋੜਨ ਵਾਲੇ ਰੋਪਵੇਅ ਪ੍ਰੋਜੈਕਟ ਸਮੇਤ ਦੋ ਨਵੇਂ ਪ੍ਰੋਜੈਕਟਾਂ ਦਾ ਰੱਖਿਆ ਨੀਂਹ ਪੱਥਰ

Sri Hemkunt Sahib

ਚੰਡੀਗੜ੍ਹ 21 ਅਕਤੂਬਰ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਸ਼ੁੱਕਰਵਾਰ ਨੂੰ ਆਉਣੇ ਦੋ ਦਿਨਾਂ ਦੇ ਦੌਰੇ ‘ਤੇ ਦੇਵਭੂਮੀ ਉੱਤਰਾਖੰਡ ਪਹੁੰਚੇ। ਹਵਾਈ ਅੱਡੇ ‘ਤੇ ਰਾਜਪਾਲ ਲੈਫਟੀਨੈਂਟ ਜਨਰਲ ਰਿਟਾਇਰਡ ਗੁਰਮੀਤ ਸਿੰਘ ਅਤੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਸਵੇਰੇ 8:30 ਵਜੇ ਕੇਦਾਰਨਾਥ ਮੰਦਰ ਪਹੁੰਚੇ। ਉਨ੍ਹਾਂ ਨੇ ਬਾਬਾ ਕੇਦਾਰਨਾਥ ਦੇ ਦਰਸ਼ਨ ਕੀਤੇ ਅਤੇ ਮਹਾਦੇਵ ਦਾ ਰੁਦਰਾਭਿਸ਼ੇਕ ਕੀਤਾ।ਇਸ ਦੌਰਾਨ ਪ੍ਰਧਾਨ ਮੰਤਰੀ ਰਵਾਇਤੀ ਪਹਿਰਾਵੇ ‘ਚ ਨਜ਼ਰ ਆਏ |

ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਗੌਰੀਕੁੰਡ ਨੂੰ ਕੇਦਾਰਨਾਥ ਅਤੇ ਗੋਵਿੰਦਘਾਟ ਤੋਂ ਸ੍ਰੀ ਹੇਮਕੁੰਟ ਸਾਹਿਬ ਨੂੰ ਜੋੜਨ ਵਾਲੇ ਦੋ ਨਵੇਂ ਰੋਪਵੇਅ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਆਦਿਗੁਰੂ ਸ਼ੰਕਰਾਚਾਰੀਆ ਦੀ ਸਮਾਧ ‘ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਵਿਕਾਸ ਕਾਰਜਾਂ ਦਾ ਨਿਰੀਖਣ ਵੀ ਕੀਤਾ।

ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਜੈ ਬਦਰੀ ਵਿਸ਼ਾਲ ਅਤੇ ਬਾਬਾ ਕੇਦਾਰਨਾਥ ਦੇ ਜੈਕਾਰਿਆਂ ਨਾਲ ਕੀਤੀ। ਉਨ੍ਹਾਂ ਦਾ ਨਾਂ ਲਏ ਬਿਨਾਂ ਵਿਰੋਧੀ ਪਾਰਟੀਆਂ ‘ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਗੁਲਾਮੀ ਦੀਆਂ ਜੰਜ਼ੀਰਾਂ ਨੇ ਸਾਡੇ ਦੇਸ਼ ਨੂੰ ਇਸ ਤਰ੍ਹਾਂ ਜਕੜਿਆ ਹੋਇਆ ਹੈ ਕਿ ਕੁਝ ਲੋਕ ਵਿਕਾਸ ਦੇ ਕੰਮ ‘ਤੇ ਸਵਾਲ ਖੜ੍ਹੇ ਕਰਦੇ ਹਨ। ਪਹਿਲਾਂ ਦੇਸ਼ ਵਿੱਚ ਆਪਣੇ ਸੱਭਿਆਚਾਰ ਨੂੰ ਲੈ ਕੇ ਇੱਕ ਹੀਣ ਭਾਵਨਾ ਸੀ। ਪਰ ਹੁਣ ਕੇਦਾਰਨਾਥ, ਬਦਰੀਨਾਥ, ਹੇਮਕੁੰਟ ਸਾਹਿਬ, ਕਾਸ਼ੀ ਉਜੈਨ ਅਯੁੱਧਿਆ, ਅਜਿਹੇ ਸ਼ਰਧਾ ਦੇ ਕੇਂਦਰ ਆਪਣੀ ਸ਼ਾਨ ਦਿਖਾ ਰਹੇ ਹਨ। ਹੁਣ ਦੇਸ਼ ਵਿੱਚੋਂ ਗੁਲਾਮੀ ਵਾਲੀ ਮਾਨਸਿਕਤਾ ਨੂੰ ਖਤਮ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਹਾਸ਼ੀਏ ‘ਤੇ ਬੈਠੇ ਲੋਕਾਂ ਦੀ ਤਾਕਤ ਦੀ ਵਰਤੋਂ ਉਨ੍ਹਾਂ ਖਿਲਾਫ ਕੀਤੀ ਹੈ। ਪਰ ਅੱਜ ਸਰਹੱਦੀ ਲੋਕ ਸੰਤੁਸ਼ਟ ਹਨ।

ਉੱਤਰਾਖੰਡ ਦੇ ਮੁੱਖ ਮੰਤਰੀ ਧਾਮੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਉੱਤਰਾਖੰਡ ਨੂੰ 3400 ਕਰੋੜ ਰੁਪਏ ਦਾ ਕਨੈਕਟੀਵਿਟੀ ਪ੍ਰੋਜੈਕਟ ਦਿੱਤਾ ਹੈ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਉੱਤਰਾਖੰਡ ਵਿੱਚ ਤੇਜ਼ੀ ਨਾਲ ਵਿਕਾਸ ਕਾਰਜ ਹੋ ਰਹੇ ਹਨ। ਪ੍ਰਧਾਨ ਮੰਤਰੀ ਦੀਆਂ ਇਹ ਯੋਜਨਾਵਾਂ ਉੱਤਰਾਖੰਡ ਲਈ ਮੀਲ ਦਾ ਪੱਥਰ ਸਾਬਤ ਹੋਣਗੀਆਂ।

ਇਸਦੇ ਨਾਲ ਹੀ ਪ੍ਰਧਾਨ ਮੰਤਰੀ ਬਦਰੀਨਾਥ ਧਾਮ ਪਹੁੰਚ ਗਏ ਹਨ। ਪ੍ਰਧਾਨ ਮੰਤਰੀ ਮੰਦਰ ‘ਚ ਪੂਜਾ ਕਰਨਗੇ। ਉਹ ਚੀਨ ਨਾਲ ਲੱਗਦੀ ਸਰਹੱਦ ‘ਤੇ ਭਾਰਤ ਦੇ ਆਖਰੀ ਪਿੰਡ ਮਾਨਾ ਪਿੰਡ ‘ਚ ਇਕ ਜਨ ਸਭਾ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਅਰਾਈਵਲ ਪਲਾਜ਼ਾ ਅਤੇ ਝੀਲਾਂ ਦੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣਗੇ |

Exit mobile version