July 8, 2024 10:27 pm
Vietnam

PM ਮੋਦੀ ਨੇ ਵੀਅਤਨਾਮ ਦੇ ਜਨਰਲ ਸਕੱਤਰ ਨਾਲ ਸੁਰੱਖਿਆ ਸਹਿਯੋਗ ‘ਤੇ ਕੀਤੀ ਗੱਲਬਾਤ

ਚੰਡੀਗੜ੍ਹ 15 ਅਪ੍ਰੈਲ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਵੀਅਤਨਾਮ (Vietnam) ਦੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਨਗੁਏਨ ਫੂ ਟ੍ਰੌਂਗ (Nguyen Phu Trong) ਨਾਲ ਗੱਲਬਾਤ ਕੀਤੀ। ਸਮਾਚਾਰ ਏਜੰਸੀ ਪੀ.ਟੀ.ਆਈ ਦੀ ਰਿਪੋਰਟ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਨੇ ਖੇਤਰੀ ਅਤੇ ਗਲੋਬਲ ਮੁੱਦਿਆਂ ‘ਤੇ ਟ੍ਰੌਂਗ ਨਾਲ ਵਿਚਾਰ ਵਟਾਂਦਰਾ ਕੀਤਾ। ਇਸ ਵਿੱਚ ਯੂਕਰੇਨ ਵਿੱਚ ਚੱਲ ਰਿਹਾ ਸੰਕਟ ਅਤੇ ਦੱਖਣੀ ਚੀਨ ਸਾਗਰ ਵਿੱਚ ਸਥਿਤੀ ਸ਼ਾਮਲ ਹੈ।

ਭਾਰਤ ਅਤੇ ਵੀਅਤਨਾਮ ਦੇ ਸਹਿਯੋਗ ‘ਤੇ ਚਰਚਾ

ਪ੍ਰਧਾਨ ਮੰਤਰੀ ਦਫ਼ਤਰ, ਪੀਐਮਓ ਵੱਲੋਂ ਜਾਰੀ ਬਿਆਨ ਅਨੁਸਾਰ ਇਸ ਟੈਲੀਫ਼ੋਨ ਗੱਲਬਾਤ ਵਿੱਚ ਦੋਵਾਂ ਆਗੂਆਂ ਨੇ ਭਾਰਤ ਅਤੇ ਵੀਅਤਨਾਮ ਦਰਮਿਆਨ ਵਿਆਪਕ ਰਣਨੀਤਕ ਭਾਈਵਾਲੀ ਤਹਿਤ ਸਹਿਯੋਗ ਦੀ ਤੇਜ਼ ਰਫ਼ਤਾਰ ’ਤੇ ਤਸੱਲੀ ਪ੍ਰਗਟਾਈ। ਦੋਵਾਂ ਦੇਸ਼ਾਂ ਦਰਮਿਆਨ ਵਿਆਪਕ ਰਣਨੀਤਕ ਭਾਈਵਾਲੀ ਦੀ ਨੀਂਹ ਪ੍ਰਧਾਨ ਮੰਤਰੀ ਮੋਦੀ ਦੀ 2016 ਵਿੱਚ ਵੀਅਤਨਾਮ ਦੀ ਯਾਤਰਾ ਦੌਰਾਨ ਰੱਖੀ ਗਈ ਸੀ। ਦੋਹਾਂ ਨੇਤਾਵਾਂ ਨੇ ਭਾਰਤ ਅਤੇ ਤਾਈਵਾਨ ਦਰਮਿਆਨ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੀ 50ਵੀਂ ਵਰ੍ਹੇਗੰਢ ‘ਤੇ ਇਕ ਦੂਜੇ ਨੂੰ ਵਧਾਈ ਦਿੱਤੀ।

ਹਿੰਦ-ਪ੍ਰਸ਼ਾਂਤ ਖੇਤਰ ਦੀ ਮਹੱਤਤਾ ਨੂੰ ਦੁਹਰਾਇਆ

ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੀ ਐਕਟ ਈਸਟ ਪਾਲਿਸੀ ਅਤੇ ਇੰਡੋ ਪੈਸੀਫਿਕ ਵਿਜ਼ਨ ਦੇ ਇੱਕ ਮਹੱਤਵਪੂਰਨ ਥੰਮ ਵਜੋਂ ਵੀਅਤਨਾਮ ਦੀ ਮਹੱਤਤਾ ਨੂੰ ਦੁਹਰਾਇਆ। ਇੰਨਾ ਹੀ ਨਹੀਂ ਉਨ੍ਹਾਂ ਨੇ ਦੁਵੱਲੇ ਸਬੰਧਾਂ ਦਾ ਦਾਇਰਾ ਵਧਾਉਣ ‘ਤੇ ਵੀ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਵੀਅਤਨਾਮੀ ਬਾਜ਼ਾਰ ਵਿੱਚ ਭਾਰਤ ਦੇ ਫਾਰਮਾ ਅਤੇ ਖੇਤੀ ਉਤਪਾਦਾਂ ਦੀ ਪਹੁੰਚ ਨੂੰ ਵਧਾਉਣ ਲਈ ਸਹੂਲਤ ਦੇਣ ਦੀ ਬੇਨਤੀ ਕੀਤੀ। ਪੀਐਮ ਮੋਦੀ ਨੇ ਦੋਵਾਂ ਦੇਸ਼ਾਂ ਦੇ ਇਤਿਹਾਸਕ ਸਬੰਧਾਂ ਦਾ ਜ਼ਿਕਰ ਕੀਤਾ।

ਪੀਐਮ ਮੋਦੀ ਨੇ ਵੀਅਤਨਾਮ ਵਿੱਚ ਚਾਮ ਸਮਾਰਕਾਂ ਦੀ ਬਹਾਲੀ ਵਿੱਚ ਭਾਰਤ ਦੀ ਭਾਗੀਦਾਰੀ ‘ਤੇ ਖੁਸ਼ੀ ਜ਼ਾਹਰ ਕੀਤੀ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ ਦੋਵੇਂ ਆਗੂਆਂ ਨੇ ਭਾਰਤ ਅਤੇ ਵੀਅਤਨਾਮ ਦਰਮਿਆਨ ਰੱਖਿਆ ਭਾਈਵਾਲੀ ਨੂੰ ਵਧਾਉਣ ਲਈ ਵੀ ਸਹਿਮਤੀ ਪ੍ਰਗਟਾਈ। ਧਿਆਨ ਯੋਗ ਹੈ ਕਿ ਪੀਐਮ ਮੋਦੀ ਨੇ ਨਗੁਏਨ ਫੂ ਟ੍ਰੌਂਗ ਨਾਲ ਅਜਿਹੇ ਸਮੇਂ ‘ਚ ਗੱਲ ਕੀਤੀ ਹੈ ਜਦੋਂ ਭਾਰਤ, ਅਮਰੀਕਾ ਸਮੇਤ ਦੁਨੀਆ ਦੇ ਕਈ ਦੇਸ਼ ਆਜ਼ਾਦ ਹਿੰਦ-ਪ੍ਰਸ਼ਾਂਤ ਖੇਤਰ ‘ਤੇ ਜ਼ੋਰ ਦੇ ਰਹੇ ਹਨ।

ਦੱਸ ਦੇਈਏ ਕਿ ਚੀਨ ਪੂਰੇ ਦੱਖਣੀ ਚੀਨ ਸਾਗਰ ‘ਤੇ ਪ੍ਰਭੂਸੱਤਾ ਦਾ ਦਾਅਵਾ ਕਰਦਾ ਹੈ, ਜੋ ਹਾਈਡਰੋਕਾਰਬਨ ਦਾ ਵੱਡਾ ਸਰੋਤ ਹੈ। ਹਾਲਾਂਕਿ, ਵੀਅਤਨਾਮ, ਫਿਲੀਪੀਨਜ਼ ਅਤੇ ਬਰੂਨੇਈ ਸਮੇਤ ਕਈ ਆਸੀਆਨ ਮੈਂਬਰ ਦੇਸ਼ ਵੀ ਇਸਦੇ ਕਈ ਹਿੱਸਿਆਂ ‘ਤੇ ਦਾਅਵਾ ਕਰਦੇ ਹਨ। ਚੀਨ ਤਾਇਵਾਨ ਨੂੰ ਵੀ ਆਪਣਾ ਹਿੱਸਾ ਮੰਨਦਾ ਹੈ, ਜਦਕਿ ਉੱਥੋਂ ਦੇ ਲੋਕ ਇਸ ਦਾ ਵਿਰੋਧ ਕਰਦੇ ਹਨ। ਤਾਈਵਾਨ ਆਪਣੇ ਆਪ ਨੂੰ ਇੱਕ ਸੁਤੰਤਰ ਦੇਸ਼ ਦੱਸਦਾ ਹੈ। ਚੀਨ ਨੇ ਅਮਰੀਕਾ ਨੂੰ ਤਾਈਵਾਨ ਤੋਂ ਦੂਰ ਰਹਿਣ ਦੀ ਹਦਾਇਤ ਵੀ ਕੀਤੀ ਹੈ।