ਚੰਡੀਗੜ੍ਹ 03 ਮਈ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਯੂਰਪ ਦੇ ਤਿੰਨ ਦੇਸ਼ਾਂ ਦੇ ਦੌਰੇ ‘ਤੇ ਹਨ। ਜਰਮਨੀ ਤੋਂ ਬਾਅਦ ਪੀਐਮ ਮੋਦੀ ਹੁਣ ਦੂਜੇ ਦਿਨ ਡੈਨਮਾਰਕ (Denmark) ਪਹੁੰਚ ਗਏ ਹਨ। ਜਿੱਥੇ ਏਅਰਪੋਰਟ ‘ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਡੈਨਮਾਰਕ ਦੇ ਪੀਐਮ ਫਰੈਡਰਿਕਸਨ ਖੁਦ ਪੀਐਮ ਮੋਦੀ ਦਾ ਸਵਾਗਤ ਕਰਨ ਲਈ ਏਅਰਪੋਰਟ ਪਹੁੰਚੇ ਸਨ। ਪੀਐਮ ਮੋਦੀ ਇੱਥੇ ਭਾਰਤ-ਨੋਰਡਿਕ ਸੰਮੇਲਨ ਵਿੱਚ ਹਿੱਸਾ ਲੈਣਗੇ।
ਡੈਨਮਾਰਕ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਗੱਲਬਾਤ
ਹਵਾਈ ਅੱਡੇ ‘ਤੇ ਗਰਮਜੋਸ਼ੀ ਨਾਲ ਸਵਾਗਤ ਕਰਨ ਤੋਂ ਬਾਅਦ ਪੀਐਮ ਮੋਦੀ ਡੈਨਮਾਰਕ ਦੀ ਰਾਜਧਾਨੀ ਕੋਪੇਨਹੇਗਨ ਪਹੁੰਚੇ। ਜਿੱਥੇ ਉਨ੍ਹਾਂ ਨੇ ਡੈਨਮਾਰਕ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ। ਦੋਵਾਂ ਨੂੰ ਇਕੱਠੇ ਘੁੰਮਦੇ ਦੇਖਿਆ ਗਿਆ, ਦੱਸਿਆ ਗਿਆ ਹੈ ਕਿ ਇਸ ਦੌਰਾਨ ਕਈ ਅਹਿਮ ਮੁੱਦਿਆਂ ‘ਤੇ ਚਰਚਾ ਹੋਈ। ਇਸ ਮੁਲਾਕਾਤ ਤੋਂ ਬਾਅਦ ਦੋਵਾਂ ਦੇਸ਼ਾਂ ਵੱਲੋਂ ਸਾਂਝਾ ਬਿਆਨ ਵੀ ਜਾਰੀ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਪੀਐਮ ਮੋਦੀ ਇੱਥੇ ਇੰਡੀਆ-ਡੈਨਮਾਰਕ ਬਿਜ਼ਨਸ ਫੋਰਮ ਨੂੰ ਵੀ ਸੰਬੋਧਨ ਕਰਨਗੇ।
ਪੀਐਮ ਮੋਦੀ ਦਾ ਜਰਮਨੀ ਦੌਰੇ ਨੂੰ ਲੈ ਕੇ ਟਵੀਟ
ਇਸ ਤੋਂ ਪਹਿਲਾਂ ਪੀਐਮ ਮੋਦੀ ਨੇ ਜਰਮਨੀ ਦੇ ਚਾਂਸਲਰ ਓਲਾਫ ਸਾਲਜ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਇੱਕ ਸਾਂਝੇ ਬਿਆਨ ਵਿੱਚ ਪੀਐਮ ਮੋਦੀ ਨੇ ਰੂਸ-ਯੂਕਰੇਨ ਯੁੱਧ ਤੱਕ ਕੋਰੋਨਾ ਮਹਾਂਮਾਰੀ ਦਾ ਜ਼ਿਕਰ ਕੀਤਾ। ਆਪਣੇ ਜਰਮਨੀ ਦੌਰੇ ਨੂੰ ਲੈ ਕੇ ਪੀਐਮ ਮੋਦੀ ਨੇ ਟਵੀਟ ਕੀਤਾ ਅਤੇ ਕਿਹਾ, ”ਮੇਰਾ ਜਰਮਨੀ ਦੌਰਾ ਬਹੁਤ ਸਫਲ ਰਿਹਾ ਹੈ। ਚਾਂਸਲਰ ਓਲਾਫ ਸਾਲਜ ਨਾਲ ਵੱਖ-ਵੱਖ ਮੁੱਦਿਆਂ ਦੇ ਨਾਲ-ਨਾਲ ਅੰਤਰ-ਸਰਕਾਰੀ ਸਲਾਹ-ਮਸ਼ਵਰੇ ‘ਤੇ ਵਿਆਪਕ ਗੱਲਬਾਤ ਹੋਈ। ਮੇਰੇ ਕੋਲ ਵਪਾਰਕ ਪ੍ਰਤੀਨਿਧੀਆਂ ਅਤੇ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਗੱਲਬਾਤ ਕਰਨ ਦਾ ਸ਼ਾਨਦਾਰ ਮੌਕਾ ਸੀ। ਮੈਂ ਉਨ੍ਹਾਂ ਦੀ ਮਹਿਮਾਨਨਿਵਾਜ਼ੀ ਲਈ ਜਰਮਨ ਸਰਕਾਰ ਦਾ ਧੰਨਵਾਦ ਕਰਦਾ ਹਾਂ।” ਡੈਨਮਾਰਕ ਵਿੱਚ ਆਪਣੇ ਹਮਰੁਤਬਾ ਮੇਟੇ ਫਰੈਡਰਿਕਸਨ ਨੂੰ ਮਿਲਣ ਤੋਂ ਇਲਾਵਾ, ਮੋਦੀ ਡੈਨਮਾਰਕ, ਆਈਸਲੈਂਡ, ਫਿਨਲੈਂਡ, ਸਵੀਡਨ ਅਤੇ ਨਾਰਵੇ ਦੇ ਪ੍ਰਧਾਨ ਮੰਤਰੀਆਂ ਨਾਲ ਦੂਜੇ ਭਾਰਤ-ਨੋਰਡਿਕ ਸੰਮੇਲਨ ਵਿੱਚ ਵੀ ਸ਼ਾਮਲ ਹੋਣਗੇ।