ਚੰਡੀਗੜ੍ਹ, 04 ਜੁਲਾਈ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ ਦੋ ਦਹਾਕਿਆਂ ਵਿੱਚ ਐਸਸੀਓ (SCO) ਏਸ਼ੀਆਈ ਖੇਤਰ ਦੀ ਖੁਸ਼ਹਾਲੀ, ਸ਼ਾਂਤੀ ਅਤੇ ਵਿਕਾਸ ਲਈ ਇੱਕ ਪ੍ਰਮੁੱਖ ਪਲੇਟਫਾਰਮ ਵਜੋਂ ਉਭਰਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਐਲਾਨ ਕੀਤਾ ਕਿ ਈਰਾਨ ਐਸਸੀਓ ਵਿੱਚ ਸ਼ਾਮਲ ਹੋਵੇਗਾ। ਉਨ੍ਹਾਂ ਨੇ ਇਸ ਲਈ ਈਰਾਨ ਦੇ ਲੋਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਸਮੇਂ ਵਿਸ਼ਵ ਪੱਧਰ ‘ਤੇ ਸਥਿਤੀ ਨਾਜ਼ੁਕ ਮੋੜ ‘ਤੇ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਈਰਾਨ ਅੱਜ ਐਸਸੀਓ (SCO) ਮੀਟਿੰਗ ਵਿੱਚ ਹਿੱਸਾ ਲੈ ਰਿਹਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ SCO ਸੰਮੇਲਨ ‘ਚ ਕਿਹਾ, ਸਾਨੂੰ ਹਰ ਤਰ੍ਹਾਂ ਦੇ ਅੱਤਵਾਦ ਦਾ ਸਾਹਮਣਾ ਕਰਨਾ ਪਵੇਗਾ। ਧਾਰਮਿਕ ਘੱਟ ਗਿਣਤੀਆਂ ‘ਤੇ ਹਮਲੇ ਬਰਦਾਸ਼ਤ ਨਹੀਂ ਕੀਤੇ ਜਾਣੇ ਚਾਹੀਦੇ। ਐਸਸੀਓ ਭਾਵ ਸ਼ੰਘਾਈ ਸਹਿਯੋਗ ਸੰਗਠਨ 2001 ਵਿੱਚ ਬਣਿਆ ਸੀ। ਐਸਸੀਓ ਇੱਕ ਸਿਆਸੀ, ਆਰਥਿਕ ਅਤੇ ਸੁਰੱਖਿਆ ਸੰਗਠਨ ਹੈ। ਭਾਰਤ, ਰੂਸ, ਚੀਨ ਅਤੇ ਪਾਕਿਸਤਾਨ ਸਮੇਤ ਇਸ ਦੇ ਕੁੱਲ 8 ਸਥਾਈ ਮੈਂਬਰ ਹਨ।
ਇਸਦੇ ਨਾਲ ਹੀ ਛੇ ਦੇਸ਼ ਜਿਨ੍ਹਾਂ ਵਿੱਚ ਅਰਮੀਨੀਆ, ਅਜ਼ਰਬਾਈਜਾਨ, ਕੰਬੋਡੀਆ, ਨੇਪਾਲ, ਸ਼੍ਰੀਲੰਕਾ ਅਤੇ ਤੁਰਕੀ ਐਸਸੀਓ ਦੇ ਸੰਵਾਦ ਭਾਗੀਦਾਰ ਹਨ। ਚਾਰ ਦੇਸ਼ ਅਫਗਾਨਿਸਤਾਨ, ਈਰਾਨ, ਬੇਲਾਰੂਸ ਅਤੇ ਮੰਗੋਲੀਆ ਇਸਦੇ ਆਬਜ਼ਰਵਰ ਮੈਂਬਰ ਹਨ। ਈਰਾਨ, ਜੋ ਹੁਣ ਤੱਕ ਆਬਜ਼ਰਵਰ ਰਿਹਾ ਹੈ, ਉਸਨੂੰ ਐਸਸੀਓ ਦੇ ਸਥਾਈ ਮੈਂਬਰ ਵਜੋਂ ਸ਼ਾਮਲ ਕਰਨ ਦੀ ਪ੍ਰਕਿਰਿਆ ਨਵੰਬਰ 2021 ਵਿੱਚ ਸ਼ੁਰੂ ਕੀਤੀ ਗਈ ਸੀ।