Site icon TheUnmute.com

ਵਾਤਾਵਰਨ ਨਾਲ ਖਿਲਵਾੜ ਤੇ ਗੈਰ-ਕਾਨੂੰਨੀ ਕਲੋਨੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ: ਹਰਦੀਪ ਸਿੰਘ ਮੁੰਡੀਆ

Hardeep Singh Mundian

ਚੰਡੀਗੜ੍ਹ, 14 ਅਕਤੂਬਰ 2024: ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆ (Hardeep Singh Mundian) ਨੇ ਅੱਜ ਪੰਜਾਬ ਭਵਨ ਚੰਡੀਗੜ੍ਹ ਵਿਖੇ ਕਲੋਨਾਈਜ਼ਰ ਫੈਡਰੇਸ਼ਨ ਨਾਲ ਅਹਿਮ ਬੈਠਕ ਕੀਤੀ | ਇਸ ਸੰਬੰਧੀ ਹਰਦੀਪ ਸਿੰਘ ਮੁੰਡੀਆ ਨੇ ਦੱਸਿਆ ਕਿ ਕਾਲੋਨਾਈਜ਼ਰਾਂ ਦੇ ਲੰਬਿਤ ਪਏ ਕੇਸਾਂ ਦੇ ਨਿਪਟਾਰੇ ਲਈ 16 ਅਕਤੂਬਰ ਨੂੰ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ | ਇਸ ਦੌਰਾਨ ਘੱਟੋ-ਘੱਟ 50 ਕੇਸਾਂ ਦਾ ਨਿਪਟਾਰਾ ਕਰਕੇ ਕਲੋਨਾਈਜ਼ਰਾਂ ਨੂੰ ਸਰਟੀਫਿਕੇਟ ਜਾਰੀ ਕੀਤੇ ਜਾਣਗੇ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੀਆਂ ਹਦਾਇਤਾਂ ਮੁਤਾਬਕ ਕਾਲੋਨਾਈਜ਼ਰਾਂ ਅਤੇ ਸ਼ਹਿਰੀ ਨਿਵਾਸੀਆਂ ਦੇ ਲੰਬਿਤ ਪਏ ਕੇਸਾਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਸਹਿਜ ਅਤੇ ਸਮਾਂਬੱਧ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ 16 ਅਕਤੂਬਰ ਨੂੰ ਪਹਿਲੇ ਕੈਂਪ ਤੋਂ ਬਾਅਦ ਨਵੰਬਰ ਦੇ ਅੰਤ ‘ਚ ਅਜਿਹਾ ਇੱਕ ਹੋਰ ਕੈਂਪ ਲਗਾਇਆ ਜਾਵੇਗਾ, ਇਸ ‘ਚ ਵੱਧ ਤੋਂ ਵੱਧ ਲੰਬਿਤ ਪਏ ਕੇਸਾਂ ਦਾ ਨਿਪਟਾਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

ਹਰਦੀਪ ਸਿੰਘ ਮੁੰਡੀਆ ਨੇ ਕਿਹਾ ਕਿ ਜੇਕਰ ਵਿਭਾਗ ਦਾ ਕੋਈ ਵੀ ਅਧਿਕਾਰੀ ਕਲੋਨਾਈਜ਼ਰਾਂ ਤੋਂ ਰਿਸ਼ਵਤ ਦੀ ਮੰਗਦਾ ਹੈ ਤਾਂ ਉਸ ਦੀ ਸ਼ਿਕਾਇਤ ਤੁਰੰਤ ਵਿਭਾਗ ਦੀ ਈਮੇਲ transparency.hud@gmail.com ‘ਤੇ ਭੇਜੀ ਜਾਵੇ, ਜਿਸ ਦਾ ਸਿੱਧਾ ਹੱਲ ਉਨ੍ਹਾਂ ਅਤੇ ਸਕੱਤਰ ਵੱਲੋਂ ਕੀਤਾ ਜਾਵੇਗਾ। ਇਸਦੇ ਨਾਲ ਹੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਕਿਸੇ ਵੀ ਦਫ਼ਤਰ ‘ਚ ਕੰਮ ਕਰਵਾਉਣ ਲਈ ਆਏ ਸ਼ਹਿਰ ਵਾਸੀ ਜਾਂ ਕਲੋਨਾਈਜ਼ਰਾ ਦਾ ਕੰਮ ਪਹਿਲ ਦੇ ਅਧਾਰ ‘ਤੇ ਕੀਤਾ ਜਾਵੇ |

ਉਨ੍ਹਾਂ (Hardeep Singh Mundian) ਕਿਹਾ ਕਿ ਪੰਜਾਬ ਸਰਕਾਰ ਨਾਜਾਇਜ਼ ਕਾਲੋਨੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰ ਰਹੀ ਹੈ। ਇਸ ਤੋਂ ਇਲਾਵਾ ਸੂਬਾ ਸਰਕਾਰ ਵੱਲੋਂ 18 ਤੋਂ 29 ਅਕਤੂਬਰ ਤੱਕ ਸਰਕਾਰੀ ਜਾਇਦਾਦਾਂ ਦੀ ਦੂਜੀ ਨਿਲਾਮੀ ਕੀਤੀ ਜਾ ਰਹੀ ਹੈ। ਰੀਅਲ ਅਸਟੇਟ ਦੇ ਕੰਮ ‘ਚ ਇਹ ਯਕੀਨੀ ਬਣਾਇਆ ਜਾਵੇ ਕਿ ਵਾਤਾਵਰਣ ਨੂੰ ਕੋਈ ਨੁਕਸਾਨ ਨਾ ਹੋਵੇ।

ਇਸ ਦੌਰਾਨ ਵਿਭਾਗ ਦੇ ਸਕੱਤਰ ਰਾਹੁਲ ਤਿਵਾੜੀ ਨੇ ਦੱਸਿਆ ਕਿ ਵਿਭਾਗ ਦੇ ਲੋਕ ਨਿਰਮਾਣ ਕਾਰਜਾਂ ਲਈ ਕੇਸਾਂ ਦੇ ਨਿਪਟਾਰੇ ਲਈ ਹਰ ਮਹੀਨੇ ਕੈਂਪ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਵਿਭਾਗ ‘ਚ ਵੱਖ-ਵੱਖ ਤਰ੍ਹਾਂ ਦੇ 1000 ਲੰਬਿਤ ਕੇਸਾਂ ‘ਚੋਂ ਹੁਣ ਸਿਰਫ਼ 100 ਹੀ ਰਹਿ ਗਏ ਹਨ, ਜਿਨ੍ਹਾਂ ਨੂੰ ਭਵਿੱਖ ਵਿੱਚ ਪੂਰੀ ਤਰ੍ਹਾਂ ਖ਼ਤਮ ਕਰਨ ਦਾ ਟੀਚਾ ਰੱਖਿਆ ਹੈ।

 

Exit mobile version