ਚੰਡੀਗੜ੍ਹ, 27 ਮਈ 2023: ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ (Partap Singh Bajwa) ਨੇ ਸ਼ਨੀਵਾਰ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦਾ ਅੰਤਰਰਾਸ਼ਟਰੀ ਅੰਗਰੇਜ਼ੀ ਭਾਸ਼ਾ ਟੈਸਟਿੰਗ ਸਿਸਟਮ (ਆਈਈਐਲਟੀਐਸ) ਨੂੰ ਕਾਲਜ ਦੇ ਪਾਠਕ੍ਰਮ ਵਿੱਚ ਸ਼ਾਮਲ ਕਰਨ ਦੀਆਂ ਯੋਜਨਾਵਾਂ ਦਾ ਮਜ਼ਾਕ ਉਡਾਇਆ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ, ਕੈਨੇਡਾ, ਇੰਗਲੈਂਡ, ਨਿਊਜ਼ੀਲੈਂਡ ਅਤੇ ਅਮਰੀਕਾ ਵਰਗੇ ਦੇਸ਼ਾਂ ਵਿਚ ਪ੍ਰਵਾਸ ਕਰਨ ਅਤੇ ਉੱਥੇ ਵੱਸਣ ਦਾ ਇਰਾਦਾ ਰੱਖਣ ਵਾਲਿਆਂ ਲਈ ਆਈਈਐੱਲਟੀਐੱਸ ਲਾਜ਼ਮੀ ਹੈ।
ਸੀਨੀਅਰ ਕਾਂਗਰਸੀ ਆਗੂ ਬਾਜਵਾ (Partap Singh Bajwa) ਨੇ ਇੱਕ ਖ਼ਬਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪੰਜਾਬ ਦੇ ਐਨਆਰਆਈ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਧਾਲੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਮਤਾ ਸੌਂਪਿਆ ਸੀ, ਜਿਸ ਵਿੱਚ ਕਾਲਜ ਦੇ ਪਾਠਕ੍ਰਮ ਦੇ ਹਿੱਸੇ ਵਜੋਂ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿੱਚ ਸੈਟਲ ਹੋਣ ਵਿੱਚ ਮਦਦ ਕਰਨ ਵਾਲੇ ਆਈਲੈਟਸ ਨੂੰ ਸ਼ਾਮਲ ਕਰਨ ਦਾ ਸੁਝਾਅ ਦਿੱਤਾ ਗਿਆ ਸੀ। ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਤੋਂ ਪਹਿਲਾਂ ਪੰਜਾਬ ‘ਚੋਂ ਹੋਏ ਪ੍ਰਵਾਸ ਨੂੰ ਬਰੇਨ ਡਰੇਨ ਕਰਾਰ ਦੇ ਚੁੱਕੇ ਹਨ ਤੇ ਉਨ੍ਹਾਂ ਨੇ ਪਰਵਾਸ ਦੇ ਰਾਹ ਨੂੰ ਉਲਟਾਉਣ ਲਈ ਮਜ਼ਬੂਤ ਵਚਨਬੱਧਤਾ ਦਿਖਾਈ ਸੀ।
“ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਤੋਂ ਬਰੇਨ ਡਰੇਨ ਨੂੰ ਖ਼ਤਮ ਕਰਨ ਲਈ ਵਚਨਬੱਧਤਾ ਜਤਾਈ ਹੈ। ਉਸ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਵਿਦੇਸ਼ੀ ਜਾਂ ਗੋਰੇ ਲੋਕ ਇੱਥੇ ਨੌਕਰੀਆਂ ਦੀ ਭਾਲ ਲਈ ਪੰਜਾਬ ਆਉਣਗੇ। ਹੁਣ ਇਹ ਕਿੰਨਾ ਹਾਸੋਹੀਣਾ ਜਾਪਦਾ ਹੈ ਕਿ ਸਰਕਾਰ ਆਈਲੈਟਸ ਨੂੰ ਕਾਲਜ ਦੇ ਪਾਠਕ੍ਰਮ ਵਿੱਚ ਸ਼ਾਮਲ ਕਰਨ ਦੀ ਯੋਜਨਾ ਬਣਾ ਰਹੀ ਹੈ, ਜੋ ਆਖ਼ਰਕਾਰ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿੱਚ ਪ੍ਰਵਾਸ ਕਰਨ ਵਿੱਚ ਮਦਦ ਕਰੇਗੀ। ‘ਆਪ’ ਸਰਕਾਰ ਕੀ ਪ੍ਰਚਾਰ ਕਰਦੀ ਹੈ ਅਤੇ ਜ਼ਮੀਨੀ ਪੱਧਰ ‘ਤੇ ਕੀ ਕਰਦੀ ਹੈ, ਇਸ ਵਿੱਚ ਬਹੁਤ ਵੱਡਾ ਅੰਤਰ ਹੈ,”, ਬਾਜਵਾ ਨੇ ਅੱਗੇ ਕਿਹਾ।
ਬਾਜਵਾ ਨੇ ਪੰਜਾਬ ਦੇ ਸੀ ਐੱਮ ਮਾਨ ਨੂੰ ਪੁੱਛਿਆ ਕਿ ਕਾਲਜ ਦੇ ਪਾਠਕ੍ਰਮ ਵਿੱਚ ਆਈਲਟਸ ਨੂੰ ਸ਼ਾਮਲ ਕਰਨ ਨਾਲ ਬਰੇਨ ਡਰੇਨ ਦੀ ਸਮੱਸਿਆ ਕਿਵੇਂ ਰੁਕੇਗੀ। “ਪਿਛਲੇ ਸਾਲ ਲਗਭਗ 3 ਲੱਖ ਵਿਦਿਆਰਥੀ ਪੰਜਾਬ ਤੋਂ ਪਰਵਾਸ ਕਰ ਗਏ ਸਨ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਨੌਜਵਾਨਾਂ ਨੂੰ ਮੌਕਿਆਂ ਦੀ ਭਾਲ ਵਿੱਚ ਵਿਦੇਸ਼ਾਂ ਵਿੱਚ ਪ੍ਰਵਾਸ ਕਰਨ ਤੋਂ ਰੋਕਣ ਲਈ ਯਤਨ ਕਰਨ ਦਾ ਭਰੋਸਾ ਦਿੱਤੇ ਜਾਣ ਨੂੰ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਮੁੱਖ ਮੰਤਰੀ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਪ੍ਰਵਾਸ ਨੂੰ ਰੋਕਣ ਲਈ ਉਨ੍ਹਾਂ ਨੇ ਹੁਣ ਤੱਕ ਕਿਹੜੇ ਕਦਮ ਚੁੱਕੇ ਹਨ,” ਵਿਰੋਧੀ ਧਿਰ ਦੇ ਆਗੂ ਨੇ ਪੁੱਛਿਆ।