July 7, 2024 6:29 am
Education Minister

ਸਕੂਲਾਂ ‘ਚ ਸਿੱਖਿਆ ਨੂੰ ਹੋਰ ਗੁਣਾਤਮਕ ਤੇ ਮਿਆਰੀ ਬਣਾਉਣ ਲਈ ਸਕੂਲ ਮੁਖੀ ਸਟਾਫ ਦੀ ਸਹਾਇਤਾ ਨਾਲ ਬਣਾਉਣ ਵਿਉਂਤਬੰਦੀ : ਸਿੱਖਿਆ ਮੰਤਰੀ

ਚੰਡੀਗੜ੍ਹ, 24 ਮਈ 2022: ਪੰਜਾਬ ਸਰਕਾਰ  (The Punjab Government) ਵਲੋਂ ਸਿੱਖਿਆ ਪੱਧਰ ‘ਚ ਸੁਧਾਰ ਕਰਨ ਲਈ ਕਈ ਕਦਮ ਚੁੱਕੇ ਜਾ ਰਹੇ ਹਨ | ਇਸ ਦੌਰਾਨ ਸਿੱਖਿਆ ਮੰਤਰੀ ਨੇ ਕਿਹਾ ਕਿ ਸਿੱਖਿਆ ਦੀ ਕ੍ਰਾਂਤੀ ਲਿਆਉਣ ਲਈ ਅਧਿਆਪਕ ਵਰਗ ਦਾ ਵਡਮੁੱਲਾ ਯੋਗਦਾਨ ਹੋਵੇਗਾ। ਸਰਕਾਰੀ ਸਕੂਲਾਂ ਵਿੱਚ ਮੈਰਿਟ ਨਾਲ ਚੁਣੇ ਹੋਏ ਅਧਿਆਪਕ ਭਰਤੀ ਹੁੰਦੇ ਹਨ ਅਤੇ ਉਹ ਆਪਣੀ ਬਿਹਤਰ ਪੜ੍ਹਾਉਣ ਦੀਆਂ ਤਕਨੀਕਾਂ ਨਾਲ ਸਕੂਲੀ ਸਿੱਖਿਆ ਨੂੰ ਹੋਰ ਗੁਣਾਤਮਕ ਅਤੇ ਮਿਆਰੀ ਬਣਾ ਸਕਦੇ ਹਨ। ਸਕੂਲ ਮੁਖੀ ਆਪਣੇ ਸਟਾਫ਼ ਦੀ ਸਹਾਇਤਾ ਨਾਲ ਵਧੀਆ ਵਿਉਂਤਬੰਦੀ ਕਰਕੇ ਬੱਚਿਆਂ ਵਿੱਚ ਆਤਮ-ਵਿਸ਼ਵਾਸ਼ ਵਧਾ ਕੇ ਗੁਣਾਤਮਕ ਸਿੱਖਿਆ ਪ੍ਰਦਾਨ ਕਰ ਸਕਦੇ ਹਨ।

ਇਹ ਜਾਣਕਾਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ (Education Minister  Gurmeet Singh Meet Hayer) ਵਲੋਂ ਸਕੂਲ ਸਿੱਖਿਆ ਵਿਭਾਗ ਦੇ ਐਜੂਸੈੱਟ ਰਾਹੀਂ ਪੰਜਾਬ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈਕੰਡਰੀ ਤੇ ਐਲੀਮੈਂਟਰੀ ਸਿੱਖਿਆ), ਡਾਇਟ ਪ੍ਰਿੰਸੀਪਲਾਂ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ, ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ, ਮੁੱਖ ਅਧਿਆਪਕਾਂ ਅਤੇ ਇੰਚਾਰਜਾਂ ਨਾਲ ਸਿੱਖਿਆ ਸੁਧਾਰਾਂ ਸਬੰਧੀ ਪਲੇਠੀ ਮੀਟਿੰਗ ਦੌਰਾਨ ਕਹੀ।

ਸਿੱਖਿਆ ਮੰਤਰੀ  (Education Minister) ਨੇ ਸਮੂਹ ਅਧਿਕਾਰੀਆਂ ਅਤੇ ਸਕੂਲ ਮੁਖੀਆਂ ਪਾਸੋਂ ਸਿੱਖਿਆ ਸੁਧਾਰਾਂ ਲਈ ਸੁਝਾਅ ਮੰਗੇ ਗਏ ਹਨ ਅਤੇ ਉਹ ਇੱਕ ਵਾਰ ਫਿਰ ਯਾਦ ਕਰਵਾਉਂਦੇ ਹਨ ਕਿ ਇਹ ਸੁਝਾਅ ਸਕੂਲ ਮੁਖੀ ਆਪਣੇ ਸਕੂਲ ਦੇ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਨਾਲ ਰਾਏ-ਮਸ਼ਵਰਾ ਕਰਕੇ ਦੇਣ।

ਸਿੱਖਿਆ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਉਹ ਸਰਕਾਰੀ ਸਕੂਲਾਂ ਵਿੱਚ ਲਗਾਤਾਰ ਦੌਰੇ ‘ਤੇ ਜਾ ਰਹੇ ਹਨ ਅਤੇ ਉਨ੍ਹਾਂ ਨੇ ਦਿੱਲੀ ਦੇ ਸਕੂਲਾਂ ਵਿੱਚ ਵੀ ਆਪਣੀ ਟੀਮ ਨਾਲ ਦੌਰਾ ਕੀਤਾ ਹੈ। ਉਨ੍ਹਾਂ ਦਿੱਲੀ ਦੇ ਵਧੀਆ ਕੰਮਾਂ ਨੂੰ ਵੀ ਸਾਂਝਾ ਕੀਤਾ। ਉਨ੍ਹਾਂ ਪੰਜਾਬ ਦੇ ਸਕੂਲਾਂ ਵਿੱਚ ਦੌਰਿਆਂ ਦੌਰਾਨ ਚੰਗੇ ਤਜ਼ਰਬਿਆਂ ਦੀ ਤਾਰੀਫ਼ ਕੀਤੀ ਅਤੇ ਨਾਲ ਇਹ ਵੀ ਕਿਹਾ ਕਿ ਇਨ੍ਹਾਂ ਸਕੂਲਾਂ ਵਿੱਚ ਗੁਣਾਤਮਿਕ ਸਿੱਖਿਆ ਲਈ ਹੋਰ ਕੀਤੇ ਜਾ ਸਕਣ ਵਾਲੇ ਉਪਰਲਿਆਂ ਦੀ ਲੋੜ ਨੂੰ ਵੀ ਦਰਕਿਨਾਰ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਸਕੂਲਾਂ ਵਿੱਚ ਬੱਚਿਆਂ ਦਾ ਸਿੱਖਣ ਪੱਧਰ ਪਤਾ ਲਗਾਉਣ ਲਈ ਅਧਿਆਪਕਾਂ ਨੂੰ ਆਪਣੇ ਬੱਚਿਆਂ ਦੀ ਬੇਸ ਲਾਇਨ ਜਾਂਚ ਇਮਾਨਦਾਰੀ ਨਾਲ ਰਿਕਾਰਡ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਬੇਸ ਲਾਇਨ ਜਾਂਚ ਦੀ ਵਿਭਾਗ ਵੱਲੋਂ ਫੀਡਬੈਕ ਲੈਣ ਲਈ ਵਿਸ਼ੇਸ਼ ਟੀਮਾਂ ਗਠਨ ਕਰਕੇ ਸਮੀਖਿਆ ਕਰਵਾਈ ਜਾਵੇਗੀ।

ਮੀਤ ਹੇਅਰ ਨੇ ਮੀਟਿੰਗ ਦੌਰਾਨ ਇਹ ਗੱਲ ਵੀ ਦੁਹਰਾਈ ਕਿ ਪੰਜਾਬ ਸਰਕਾਰ ਦੀ ਭਵਿੱਖੀ ਯੋਜਨਾ ਹੈ ਕਿ ਅਧਿਆਪਕਾਂ ਤੋਂ ਕਿਸੇ ਕਿਸਮ ਦਾ ਨਾਨ-ਟੀਚਿੰਗ ਕੰਮ ਨਹੀਂ ਲਿਆ ਜਾਵੇਗਾ। ਸਿੱਖਿਆ ਮੰਤਰੀ ਨੇ ਪਿਛਲੇ ਦਿਨੀਂ ਸਿੱਖਿਆ ਵਿਭਾਗ ਦੀ ਵੈਬਸਾਈਟ ‘ਤੇ ਸਕੂਲ ਮੁਖੀਆਂ ਪਾਸੋਂ ਸਿੱਖਿਆ ਸੁਧਾਰ ਲਈ ਸੁਝਾਅ ਮੰਗੇ ਗਏ ਸਨ, ਉਸ ਵਿੱਚ ਕੁਝ ਸਕੂਲ ਮੁਖੀਆਂ ਦੇ ਪ੍ਰਾਪਤ ਹੋਏ ਸੁਝਾਵਾਂ ਨੂੰ ਵੀ ਪੜ੍ਹਿਆ ਅਤੇ ਮੁਖੀਆਂ ਵੱਲੋਂ ਪੋਰਟਲ ਦੇ ਦਿੱਤੇ ਜਾ ਰਹੇ ਚੰਗੇ ਜਵਾਬਾਂ ਦੀ ਵੀ ਸਰਾਹਨਾ ਕੀਤੀ। ਉਨ੍ਹਾਂ ਕਿਹਾ ਕਿ ਉਹ ਸਾਰੇ ਸੁਝਾਵਾਂ ਨੂੰ ਨਿਜੀ ਤੌਰ ‘ਤੇ ਵੀ ਪੜ੍ਹ ਰਹੇ ਹਨ ਅਤੇ ਇਨ੍ਹਾਂ ‘ਤੇ ਵਿਚਾਰ ਕਰਕੇ ਹੀ ਨਵੀ ਨੀਤੀ ਤਿਆਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਭਾਗ ਦੀ ਵੈਬਸਾਈਟ ‘ਤੇ ਮੰਗੇ ਗਏ ਸੁਝਾਵਾਂ ਦੀ ਮਿਤੀ ਵਿੱਚ 30 ਮਈ 2022 ਤੱਕ ਦਾ ਵਾਧਾ ਕਰ ਦਿੱਤਾ ਗਿਆ ਹੈ।

ਇਸ ਤੋਂ ਪਹਿਲਾਂ ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਕੁਲਜੀਤ ਪਾਲ ਸਿੰਘ ਨੇ ਵਿਭਾਗ ਦੇ ਹੋਰ ਅਧਿਕਾਰੀਆਂ ਨਾਲ ਮਿਲ ਕੇ ਸਿੱਖਿਆ ਮੰਤਰੀ ਮੀਤ ਹੇਅਰ ਦਾ ਸਿੱਖਿਆ ਵਿਭਾਗ ਦੇ ਮੁੱਖ ਦਫ਼ਤਰ ਵਿਖੇ ਪੁੱਜਣ ਉੱਤੇ ਸਵਾਗਤ ਕੀਤਾ। ਇਸ ਮੌਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਯੋਗ ਰਾਜ, ਡੀ.ਪੀ.ਆਈ. (ਐਲੀਮੈਂਟਰੀ ਸਿੱਖਿਆ) ਹਰਿੰਦਰ ਕੌਰ, ਡਿਪਟੀ ਐੱਸ.ਪੀ.ਡੀ. ਗੁਰਜੀਤ ਸਿੰਘ, ਡਿਪਟੀ ਡਾਇਰੈਕਟਰ ਗੁਰਜੋਤ ਸਿੰਘ, ਬੋਰਡ ਦੇ ਵਾਈਸ ਚੇਅਰਮੈਨ ਡਾ. ਵਰਿੰਦਰ ਭਾਟੀਆ, ਡਾ. ਭੁਪਿੰਦਰ ਸਿੰਘ ਬਾਠ ਵੀ ਹਾਜ਼ਰ ਸਨ।