Site icon TheUnmute.com

ਪਸਿਆਣਾ: ਆਰਥਿਕ ਤੰਗੀ ‘ਚੋਂ ਲੰਘ ਰਹੇ ਕਿਸਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

suicide

ਚੰਡੀਗੜ੍ਹ, 07 ਦਸੰਬਰ 2023: ਪਸਿਆਣਾ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਧਰਮਹੇੜੀ ਵਿੱਚ ਇੱਕ ਕਿਸਾਨ ਨੇ ਫਾਹਾ ਲੈ ਕੇ ਖੁਦਕੁਸ਼ੀ (suicide) ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਹੜ੍ਹਾਂ ਤੋਂ ਬਾਅਦ ਹੀ ਆਰਥਿਕ ਤੰਗੀ ਵਿੱਚੋਂ ਲੰਘ ਰਿਹਾ ਸੀ। ਇਸ ਕਿਸਾਨ ਨੂੰ ਹੜ੍ਹ ਦੌਰਾਨ ਦੁਧਾਰੂ ਪਸ਼ੂਆਂ ਅਤੇ ਫਸਲਾਂ ਦਾ ਨੁਕਸਾਨ ਹੋਇਆ ਸੀ, ਜਿਸ ਤੋਂ ਬਾਅਦ ਉਹ ਕਾਫੀ ਪ੍ਰੇਸ਼ਾਨੀ ਵਿਚ ਸੀ। ਬਲਬੀਰ ਸਿੰਘ ਨਾਂ ਦੇ ਇਸ ਸੱਠ ਸਾਲਾ ਬਜ਼ੁਰਗ ਕਿਸਾਨ ਦੀ ਲਾਸ਼ ਘਰ ਵਿੱਚ ਲਟਕਦੀ ਮਿਲੀ, ਜਿਸ ਤੋਂ ਬਾਅਦ ਪੁਲੀਸ ਨੂੰ ਸੂਚਿਤ ਕੀਤਾ ਗਿਆ।

ਬਲਬੀਰ ਸਿੰਘ ਕੋਲ ਖੇਤੀ ਲਈ ਢਾਈ ਏਕੜ ਦੇ ਕਰੀਬ ਜ਼ਮੀਨ ਸੀ। ਹੜ੍ਹ ਦੌਰਾਨ ਉਸ ਦੀਆਂ ਫ਼ਸਲਾਂ ਦਾ ਨੁਕਸਾਨ ਹੋਣ ਤੋਂ ਬਾਅਦ ਉਹ ਦੁਬਾਰਾ ਫ਼ਸਲ ਨਹੀਂ ਬੀਜ ਸਕਿਆ। ਉਸ ਦੇ ਦੁਧਾਰੂ ਪਸ਼ੂ ਹੜ੍ਹ ਵਿੱਚ ਰੁੜ੍ਹ ਜਾਣ ’ਤੇ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਸੀ ਤੇ ਪਰਿਵਾਰ ਦਾ ਇਹ ਆਰਥਿਕ ਨੁਕਸਾਨ ਹੋ ਰਿਹਾ ਸੀ ਪਰ ਕੋਈ ਹੱਲ ਨਹੀਂ ਨਿਕਲਿਆ। ਕਰਜ਼ਦਾਰਾਂ ਦੇ ਬਕਾਏ ਦੀ ਅਦਾਇਗੀ ਨਾ ਹੋਣ ਕਾਰਨ ਬਲਬੀਰ ਸਿੰਘ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ।

ਪਸਿਆਣਾ ਥਾਣੇ ਦੇ ਐਸਐਚਓ ਕਰਨਵੀਰ ਸੰਧੂ ਨੇ ਦੱਸਿਆ ਕਿ ਰਾਮਨਗਰ ਪੁਲੀਸ ਚੌਕੀ ਨੇ ਕਿਸਾਨ ਦੀ ਮੌਤ ਤੋਂ ਬਾਅਦ ਧਾਰਾ 174 ਤਹਿਤ ਪੋਸਟਮਾਰਟਮ ਕਰਵਾਇਆ ਹੈ। ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ, ਜਿਸ ਕਾਰਨ ਕਰਜ਼ੇ ਦੀ ਰਕਮ ਦਾ ਪਤਾ ਨਹੀਂ ਲੱਗ ਸਕਿਆ, ਪਰ ਪਰਿਵਾਰ ਨੇ ਆਰਥਿਕ ਤੰਗੀ ਦਾ ਜ਼ਰੂਰ ਜ਼ਿਕਰ ਕੀਤਾ ਹੈ।

Exit mobile version