ਚੰਡੀਗੜ੍ਹ, 15 ਮਾਰਚ 2023: ਪੰਜਾਬ ਦੇ ਲੁਧਿਆਣਾ ਵਿੱਚ ਸ਼ਰਧਾਲੂਆਂ ਨਾਲ ਭਰੀ ਇੱਕ ਪਿਕਅੱਪ ਪਲਟ ਗਈ। ਇਸ ਹਾਦਸੇ ‘ਚ ਕਰੀਬ 25 ਸ਼ਰਧਾਲੂਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ, ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਾਰੇ ਸਮਰਾਲਾ ਤੋਂ ਸ੍ਰੀ ਅਨੰਦਪੁਰ ਸਾਹਿਬ (Sri Anandpur Sahib) ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੇ ਸਨ। ਅਚਾਨਕ ਸਾਹਮਣੇ ਤੋਂ ਆ ਰਹੀ ਟਾਟਾ ਸਫਾਰੀ ਨੂੰ ਬਚਾਉਂਦਿਆ ਇਹ ਹਾਦਸਾ ਵਾਪਰਿਆ।
ਇਸ ਮੌਕੇ ਜ਼ਖਮੀ ਡਰਾਈਵਰ ਦਲਜੀਤ ਸਿੰਘ ਨੇ ਦੱਸਿਆ ਕਿ ਟਾਟਾ ਸਫਾਰੀ ਦਾ ਡਰਾਈਵਰ ਤੇਜ਼ ਰਫਤਾਰ ਨਾਲ ਕਾਰ ਚਲਾ ਰਿਹਾ ਸੀ। ਉਸ ਨੇ ਬਚਾਉਣ ਲਈ ਸਟੇਅਰਿੰਗ ਨਹਿਰ ਵਾਲੇ ਪਾਸੇ ਮੋੜ ਦਿੱਤੀ। ਇਸ ਦੇ ਬਾਵਜੂਦ ਟਾਟਾ ਸਫਾਰੀ ਉਸ ਨਾਲ ਟਕਰਾ ਗਈ ਅਤੇ ਉਸ ਦੀ ਪਿਕਅੱਪ ਪਲਟ ਗਈ। ਪਿਕਅੱਪ ਦੇ ਡਰਾਈਵਰ ਨੇ ਦੋਸ਼ ਲਾਇਆ ਕਿ ਸਫਾਰੀ ਦਾ ਡਰਾਈਵਰ ਮੋਬਾਈਲ ਦੀ ਵਰਤੋਂ ਕਰ ਰਿਹਾ ਸੀ।
ਇਸ ਦੌਰਾਨ ਆਸਪਾਸ ਦੇ ਲੋਕ ਤੁਰੰਤ ਉਨ੍ਹਾਂ ਵੱਲ ਭੱਜੇ ਅਤੇ ਸਾਰੇ ਜ਼ਖਮੀਆਂ ਨੂੰ ਬਾਹਰ ਕੱਢਿਆ। ਐਂਬੂਲੈਂਸ ਦੀ ਮਦਦ ਨਾਲ ਸਾਰਿਆਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਕੁਝ ਲੋਕਾਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਕਰੀਬ 10 ਜਣਿਆਂ ਦੀ ਹਾਲਤ ਜ਼ਿਆਦਾ ਗੰਭੀਰ ਹੈ। ਜ਼ਖਮੀਆਂ ਦੀ ਪਛਾਣ ਹੋਣੀ ਅਜੇ ਬਾਕੀ ਹੈ।