Site icon TheUnmute.com

DC ਤਰਨਤਾਰਨ ਦਾ ਨਿੱਜੀ ਸਹਾਇਕ ਤੇ ਉਸਦਾ ਸਾਥੀ ਰਿਸ਼ਵਤ ਲੈਂਦੇ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ

Vigilance Bureau

ਚੰਡੀਗੜ੍ਹ, 7 ਨਵੰਬਰ 2024: ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਨੇ ਡਿਪਟੀ ਕਮਿਸ਼ਨਰ ਤਰਨਤਾਰਨ ਦੇ ਨਿੱਜੀ ਸਹਾਇਕ ਅਤੇ ਉਸ ਦੇ ਸਾਥੀ ਖ਼ਿਲਾਫ 20 ਹਜ਼ਾਰ ਰੁਪਏ ਰਿਸ਼ਵਤ ਲੈਣ ਅਤੇ ਮੰਗਣ ਦੇ ਦੋਸ਼ ਹੇਠ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਗਿਆ ਹੈ |

ਤਰਨਤਾਰਨ ਦੇ ਡਿਪਟੀ ਕਮਿਸ਼ਨਰ ਦੇ ਨਿੱਜੀ ਸਹਾਇਕ ਹਰਮਨਦੀਪ ਸਿੰਘ, ਹਰਸਿਮਰਨਜੀਤ ਸਿੰਘ, ਕਲਰਕ, ਇਲੈਕਸ਼ਨ ਸੈੱਲ, ਤਰਨ ਤਾਰਨ ਅਤੇ ਠੇਕਾ ਅਧਾਰ ’ਤੇ ਡਾਟਾ ਐਂਟਰੀ ਆਪਰੇਟਰ ਵਜੋਂ ਤਾਇਨਾਤ ਉਸਦੇ ਸਾਥੀ ਜਗਰੂਪ ਸਿੰਘ ਖ਼ਿਲਾਫ ਇਹ ਰਿਸ਼ਵਤਖ਼ੋਰੀ ਦਾ ਕੇਸ ਦਰਜ ਕੀਤਾ ਗਿਆ ਹੈ।

ਉਕਤ ਮਾਮਲੇ ‘ਚ ਹਰਮਨਦੀਪ ਸਿੰਘ (ਪੀ.ਏ.) ਅਤੇ ਜਗਰੂਪ ਸਿੰਘ (ਡਾਟਾ ਐਂਟਰੀ ਆਪਰੇਟਰ) ਨੂੰ ਰੰਗੇ ਹੱਥੀਂ ਕਾਬੂ ਕਰ ਲਿਆ, ਜਦਕਿ ਤੀਜਾ ਸਾਥੀ ਹਰਸਿਮਰਨਜੀਤ ਸਿੰਘ ਕਲਰਕ ਗ੍ਰਿਫ਼ਤਾਰੀ ਤੋਂ ਬੱਚਣ ਲਈ ਭਗੌੜਾ ਹੋ ਗਿਆ ਹੈ | ਇਸ ਸਬੰਧੀ ਵਿਜੀਲੈਂਸ ਬਿਓਰੋ (Vigilance Bureau) ਨੇ ਦੱਸਿਆ ਕਿ ਉਕਤ ਮੁਲਜਮਾਂ ਨੂੰ ਸੰਦੀਪ ਸਿੰਘ ਵਾਸੀ ਮੁਹੱਲਾ ਟਾਂਕ ਖੱਤਰੀਆਂ, ਤਰਨ ਤਾਰਨ ਦੀ ਸ਼ਿਕਾਇਤ ‘ਤੇ ਕਾਬੂ ਕੀਤਾ ਗਿਆ ਹੈ।

ਇਸ ਮਾਮਲੇ ‘ਚ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ‘ਚ ਦੋਸ਼ ਲਾਇਆ ਕਿ ਮੁਲਜ਼ਮਾਂ ਨੇ ਹਾਲ ਹੀ ‘ਚ ਹੋਈਆਂ ਲੋਕ ਸਭਾ ਚੋਣਾਂ 2024 ਦੌਰਾਨ ਮੁਹੱਈਆ ਕਰਵਾਈਆਂ ਗਈਆਂ ਵੀਡੀਓਗ੍ਰਾਫੀ ਸੇਵਾਵਾਂ ਦੇ ਬਿੱਲ ਕਲੀਅਰ ਕਰਨ ਲਈ 1,00,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ, ਪਰ ਸੌਦਾ 50,000 ਰੁਪਏ ਵਿੱਚ ਤੈਅ ਹੋ ਗਿਆ ਸੀ। ਸ਼ਿਕਾਇਤਕਰਤਾ ਨੇ ਅੱਗੇ ਦੋਸ਼ ਲਾਇਆ ਕਿ ਮੁਲਜ਼ਮਾਂ ਨੇ ਪਹਿਲੀ ਕਿਸ਼ਤ ਵਜੋਂ 20 ਹਜ਼ਾਰ ਰੁਪਏ ਲਏ ਸਨ।

ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾ ਕੇ ਮੁਲਜ਼ਮ ਹਰਮਨਦੀਪ ਸਿੰਘ (ਪੀ.ਏ.) ਅਤੇ ਜਗਰੂਪ ਸਿੰਘ (ਡਾਟਾ ਐਂਟਰੀ ਆਪਰੇਟਰ) ਨੂੰ ਰਿਸ਼ਵਤ ਦੀ ਦੂਜੀ ਕਿਸ਼ਤ 20,000 ਰੁਪਏ ਦੀ ਹਾਜ਼ਰੀ ‘ਚ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਮਾਮਲੇ ‘ਚ ਅੰਮ੍ਰਿਤਸਰ ਰੇਂਜ ਵਿਜੀਲੈਂਸ ਬਿਊਰੋ ਦੇ ਥਾਣੇ ‘ਚ ਭ੍ਰਿਸ਼ਟਾਚਾਰ ਵਿਰੋਧੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੁਲਜਮਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

Exit mobile version