ਚੰਡੀਗੜ੍ਹ 10 ਅਕਤੂਬਰ 2023: ਸ. ਬਲਦੇਵ ਸਿੰਘ ਸਿਰਸਾ ਦੀ ਅਗਵਾਈ ਵਿੱਚ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ (ਰਜਿ.) ਵੱਲੋਂ ਪੰਜਾਬੀ ਯੂਨੀਵਰਸਿਟੀ ਵਿੱਚ ਮਾਲਵੇ ਦੇ ਪੇਂਡੂ ਖੇਤਰ ਦੇ ਬਹੁਤ ਹੀ ਗਰੀਬ ਪਰਿਵਾਰ ਦੀ ਇੱਕ ਹੋਣਹਾਰ ਲੜਕੀ ਦੀ ਯੂਨੀਵਰਸਿਟੀ ਅਧਿਕਾਰੀਆਂ ਦੀ ਘੋਰ ਅਣਗਹਿਲੀ ਕਾਰਨ ਹੋਈ ਮੌਤ ਨੂੰ ਰੋਲਣ ਵਾਸਤੇ ਵਰਤੇ ਜਾ ਰਹੇ ਹਥਕੰਡਿਆਂ ਦਾ ਖੁਲਾਸਾ ਕਰਦੇ ਹੋਏ ਮੰਗ ਕੀਤੀ ਕਿ ਯੂਨੀਵਰਸਿਟੀ ਅਧਿਕਾਰੀਆਂ ਸਮੇਤ ਵਾਈਸ ਚਾਂਸਲਰ ਦੇ ਅਣਗਹਿਲੀ ਨਾਲ ਕਤਲ ਦਾ 304 -ਏ ਦਾ ਮੁਕੱਦਮਾ ਦਰਜ ਕੀਤਾ ਜਾਵੇ ।
ਇਸ ਦੇ ਨਾਲ ਹੀ ਇਨਸਾਫ ਮੰਗਦੇ ਵਿਦਿਆਰਥੀਆਂ ਦੇ ਸ਼ਾਂਤਮਈ ਪ੍ਰਦਰਸ਼ਨ ਉਪਰ ਲਿਖਤੀ ਸ਼ਿਕਾਇਤ ਦੀ ਵੀਸੀ ਦੀ ਜਿੱਦ ਕਾਰਨ, ਉਸਦੀਆਂ ਬੇਹੱਦ ਗਲਤ, ਪੱਖਪਾਤੀ ਅਤੇ ਨਿਯਮਾਂ ਵਿਰੁੱਧ ਕੀਤੀਆਂ ਵਿੱਤੀ, ਪ੍ਰਸ਼ਾਸ਼ਨਿਕ ਅਤੇ ਅਕਾਦਿਮਕ ਧਾਂਦਲੀਆਂ ਦਾ ਪਰਦਾਫਾਸ਼ ਕਰਨ ਵਾਲੇ ਵਿਦਿਆਰਥੀਆਂ ਦੀ ਜ਼ੁਬਾਨ ਬੰਦੀ ਲਈ, ਉਨ੍ਹਾਂ ਉਪਰ 308 ਤਹਿਤ ਝੂਠਾ ਫੌਜਦਾਰੀ ਕੇਸ ਮੜ੍ਹਣ ਦਾ ਕੀਤਾ ਪ੍ਰਪਖੰਚ ਬੰਦ ਕਰਨ ਦੀ ਮੰਗ ਕੀਤੀ ਤੇ ਕੇਸ ਰੱਦ ਕਰਨ ਦੀ ਮੰਗ ਕੀਤੀ ।
ਉਨ੍ਹਾਂ ਕਿਹਾ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਪ੍ਰਧਾਨ ਮੰਤਰੀ ਦੇ ਨਾਹਰੇ ਦੀਆਂ ਧਜੀਆਂ ਉਡਾਉਂਦੇ ਹੋਏ ਕੁੜੀਆਂ ਨਾਲ ਹੋ ਰਹੀਆਂ ਘਟੀਆ ਹਰਕਤਾਂ ਵਾਲੇ ਦਿਨੇ ਸ਼ਰਾਬ ਨਾਲ ਗੁੱਟ ਹੋ ਕੇ ਕਲਾਸਾਂ ਵਿੱਚ ਆਉਣ ਵਾਲੇ ਕਹੇ ਜਾਂਦੇ ਪ੍ਰੋਫੈਸਰ ਦੇ ਅਤਿ ਮਾੜੇ ਗਾਲੀ ਗਲੋਚ ਵਰਗੇ ਸ਼ਬਦਾਂ ਦਾ ਧਿਆਨ ਨਾ ਦਿੰਦੇ ਹੋਏ ਲੜਕੀਆਂ ਦੇ ਰੋਹ ਨੂੰ ਡੰਡੇ ਨਾਲ ਚੁੱਪ ਕਰਵਾਉਣ ਦੇ ਯਤਨਾਂ ਦੀ ਨਿਖੇਧੀ ਕੀਤੀ । ਪ੍ਰੋ. ਸੁਰਜੀਤ ਸਿੰਘ ਬਾਬਤ ਲੜਕੀਆਂ ਨੇ ਕੈਮਰੇ ਸਾਹਮਣੇ ਘਟੀਆ ਅਤੇ ਔਰਤ ਦੀ ਸ਼ਾਨ ਵਿਰੁੱਧ ਵਰਤੇ ਜਾਂਦੇ ਗਾਲੀ ਨੁੰਮਾ ਤੇ ਉਨ੍ਹਾਂ ਦੀ ਅਸਮਤ ਉਪਰ ਕੀਤੇ ਜਾਂਦੇ ਹਮਲਾਵਰ ਸ਼ਬਦਾਂ ਬਾਬਤ, ਦਿੱਤੇ ਬਿਆਨਾਂ ਦੀ ਵਾਈਸ ਚਾਂਸਲਰ ਵੱਲੋਂ ਪੂਰੀ ਅਣਦੇਖੀ ਕਰਨਾ ਸਾਬਤ ਕਰਦਾ ਹੈ ਕਿ ਲੜਕੀਆਂ ਵਿਰੁੱਧ ਅਸ਼ਲੀਲ ਭਾਸ਼ਾ ਵਰਤਨ ਵਿੱਚ ਵਾਈਸ ਚਾਂਸਲਰ ਦੀ ਮਿਲੀ ਭੁਗਤ ਹੈ ।
ਵਾਈਸ ਚਾਂਸਲਰ ਲੜਕੀ ਦੀ ਮੌਤ ਬਾਬਤ ਕੋਈ ਵੀ ਤੱਥ ਦੱਸਣ ਦੀ ਥਾਂ ਕਹਿ ਰਿਹਾ ਹੈ ਕਿ ਮੈਨੂੰ ਆਪਣੇ ਪ੍ਰੋਫੈਸਰ ਦਾ ਫਿਕਰ ਹੈ ਮੈਂ ਉਸਨੂੰ ਬਚਾਉਣਾ ਹੈ । ਸਪਸ਼ਟ ਹੈ ਕਿ ਉਸਨੂੰ ਲੜਕੀ ਦੇ ਮਰਨ ਦੀ ਕੋਈ ਪ੍ਰਵਾਹ ਨਹੀਂ ਹੈ । ਲੜਕੀ ਦੀ ਆਖਰੀ ਜਾਂਚ ਤੇ ਇਲਾਜ ਜੇ ਕਿਸੇ ਕੁਆਲੀਫਾਈਡ ਡਾਕਟਰ ਨੇ ਕੀਤਾ ਉਹ ਯੂਨੀਵਰਸਿਟੀ ਦਾ ਅਧਿਕਾਰੀ ਹੈ ।
ਲੜਕੀ ਚਾਰ ਘੰਟੇ ਯੂਨੀਵਰਸਿਟੀ ਅਧਿਕਾਰੀਆਂ ਦi ਦੇਖ ਰੇਖ ਹੇਠ ਰਹੀ । ਉਸਦੀ ਬਿਮਾਰੀ ਬੁੱਝਣ ਵਿੱਚ , ਉਸਦਾ ਇਲਾਜ ਉਪਲਬਧ ਮੈਡੀਕਲ ਕਾਲਜ ਵਿੱਚ ਕਰਵਾਉਣ ਲਈ ਕੋਸ਼ਿਸ਼ ਨਾ ਕਰਨ ਵਿੱਚ ਕੀਤੀ ਘੋਰ ਕੁਤਾਹੀ ਉਸ ਲੜਕੀ ਦੀ ਮੌਤ ਦਾ ਕਾਰਨ ਹੈ ਕਿਉਂ ਕਿ ਯੂਨੀਵਰਸਿਟੀ ਵਿੱਚੋਂ ਜਾਣ ਉਪਰੰਤ ਲੜਕੀ ਕੁੱਝ ਘੰਟਿਆਂ ਵਿੱਚ ਹੀ ਮੌਤ ਦੇ ਮੂੰਹ ਜਾ ਪਈ । ਅਰਥਾਤ ਯੂਨੀਵਰਸਿਟੀ ਨੇ ਉਸਦਾ ਇਲਾਜ ਕਰਵਾਉਣ ਵਿੱਚ ਮੁੱਢਲੇ ਸੁਨਹਿਰੀ ਪਲ ਜੋ ਉਸਦਾ ਜੀਵਣ ਬਚਾ ਸਕਦੇ ਸਨ ਅਤਿ-ਗੈਰ ਜ਼ਿੰਮੇਵਾਰੀ ਤੇ ਅਣਗਹਿਲੀ ਨਾਲ ਗੁਆ ਦਿੱਤੇ ਤੇ ਬਿਮਾਰੀ ਵਧਦੀ ਗਈ ਜੋ ਕੁੱਝ ਘੰਟਿਆਂ ਵਿੱਚ ਹੀ ਜਾਣਲੇਵਾ ਸਾਬਤ ਹੋਈ ।
ਪ੍ਰਸ਼ਾਸ਼ਨ ਵੱਲੋਂ ਬਣਾਈ ਜਾਂਚ ਕਮੇਟੀ ਦੇ ਪੱਖਪਾਤੀ ਰਵੱਈਏ ਉਪਰ ਟਿੱਪਣੀ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਲੜਕੀਆਂ ਦੀ ਗਵਾਹੀ ਗੁਪਤ ਰੱਖਣ ਦੇ ਫੈਸਲੇ ਦੀ ਘੋਰ ਉਲੰਘਣਾ ਕਰਦੇ ਹੋਏ, ਕਮੇਟੀ ਵੱਲੋਂ ਵਿਭਾਗਾਂ ਦੇ ਮੁਖੀਆਂ ਤੇ ਯੂਨੀਵਰਸਿਟੀ ਅਧਿਕਾਰੀਆਂ ਨੂੰ ਗਵਾਹੀ ਦੇਣ ਵਾਲੀਆਂ ਕੁੜੀਆਂ ਦੀ ਸੂਚੀ ਭੇਜਣਾ ਸਾਬਤ ਕਰਦਾ ਹੈ ਕਿ ਇਸ ਕਮੇਟੀ ਤੋਂ ਇਨਸਾਫ ਦੀ ਕੋਈ ਉਮੀਦ ਨਹੀਂ । ਬਲਕਿ ਵਿਦਿਆਰਥੀ ਆਗੂਆਂ ਦਾ ਦੋਸ਼ ਹੈ ਕਿ ਕਮੇਟੀ ਦੇ ਵਧੀਕ ਸ਼ੈਸ਼ਨ ਜੱਜ ਰਿਟਾਇਰਡ ) ਨੇ ਉਨ੍ਹਾਂ ਨੂੰ ਕਿਹਾ ਹੈ ਕਿ ਜੇ ਕਰ ਉਹ ਲੜਕੀਆਂ ਦੀ ਪਹਿਚਾਣ ਗੁਪਤ ਰੱਖਣ ਦੀ ਮੰਗ ਕਰਨਗੇ ਤਾਂ ਉਹ ਵਿਦਿਆਰਥੀਆਂ ਵਿਰੁੱਧ ਲਿਖ ਦੇਣਗੇ ਕਿ ਵਿਦਿਆਰਥੀ ਉਨ੍ਹਾਂ ਉਪਰ ਦਬਾਅ ਪਾਉਂਦੇ ਹਨ ।ਇਸ ਤੋਂ ਸਪਸ਼ਟ ਸੰਕੇਤ ਹਨ ਕਿ ਇਸ ਕਮੇਟੀ ਨੇ ਨਿਰਪਖਤਾ ਦਾ ਪੱਲਾ ਛੱਡ ਕੇ ਜਾਂਚ ਕਰਨ ਦਾ ਮਨ ਬਣਾ ਲਿਆ ਹੈ ।
ਸਾਰੇ ਘਟਣਾਕ੍ਰਮ ਨੂੰ ਕਾਮਰੇਡ ਬਨਾਮ ਸਿੱਖ ਬਣਾਉਣ ਦੀ ਖੇਡ ਵੀ ਇਹ ਅਧਿਕਾਰੀ ਅਤੇ ਉਨ੍ਹਾਂ ਦੇ ਚਹੇਤੇ ਹੀ ਖੇਡ ਰਹੇ ਹਨ । ਉਪ੍ਰੋਕਤ ਮੌਤ , ਵਿਦਿਆਰਥਣਾਂ ਨਾਲ ਕੀਤੇ ਜਾ ਰਹੇ ਦੁਰ ਵਿਹਾਰ , ਵਿਦਿਆਰਥੀਆਂ ਵਿਰੁੱਧ ਬਦਲਾ ਲਊ ਕਾਰਵਾਈਆਂ , ਯੂਨੀਵਰਸਿਟੀ ਨੂੰ ਬਚਾਉਣ ਲਈ 90 ਕਰੋੜ ਗ੍ਰਾਂਟ ਮਿਲਣ ਦੇ ਬਾਵਜੂਦ ਤਨਖਾਹਾਂ ਨਾ ਦੇ ਕੇ ਅਰਾਜਕਤਾ ਫੈਲਾਉਣ ਲਈ ਖੜ੍ਹੇ ਕੀਤੇ ਪ੍ਰਪੰਚ ਅਤੇ ਗਵਾਹੀਆਂ ਦਬਾਉਣ ਦੇ ਯਤਨਾਂ ਵਿਰੁੱਧ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਮੰਗ ਕੀਤੀ ਗਈ ਕਿ ਯੂਨੀਵਰਸਿਟੀ ਦੇ ਪਿਛਲੇ ਦੋ ਸਾਲ ਦੇ ਘਟਨਾ ਕ੍ਰਮ ਦੀ ਵਿਤੀ , ਪ੍ਰਸ਼ਾਸ਼ਨਿਕ ਤੇ ਅਕਾਦਮਿਕ ਬੇਨਿਯਮੀਆਂ ਦੇ ਲੱਗਦੇ ਦੋਸ਼ਾਂ ਦੀ ਅਤੇ ਮੌਜੂਦਾ ਘਟਨਾਕ੍ਰਮ ਦੀ ਜਾਂਚ ਹਾਈ ਕੋਰਟ ਦੇ ਜੱਜ ਸਹਿਬਾਨ ਤੋਂ ਕਰਵਾਉਣ ਲਈ ਪੰਜਾਬ ਸਰਕਾਰ , ਮੁੱਖ ਮੰਤਰੀ ਪੰਜਾਬ ਅਤੇ ਗਵਰਨਰ ਪੰਜਾਬ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਦਾ ਫਰਜ ਬਣਦਾ ਹੈ ਕਿ ਮਾਨਯੋਗ ਹਾਈ ਕੋਰਟ ਦੇ ਚੀਫ ਜਸਟਿਸ ਸਾਹਿਬ ਨੂੰ ਪੜਤਾਲ ਲਈ ਜੱਜ ਸਾਹਿਬ ਦਾ ਨਾਮ ਨਾਮਜ਼ਾਦ ਕਰਨ ਲਈ ਲਿਖਤੀ ਬੇਨਤੀ ਕੀਤੀ ਜਾਵੇ ।