Site icon TheUnmute.com

ਅਪਾਹਜ ਵਿਅਕਤੀ ਚੋਣਾਂ ਸੰਬੰਧੀ ਮਤਦਾਤਾ ਕੇਂਦਰਿਤ ਸੇਵਾਵਾਂ ਦਾ ਲਾਭ ਲੈਣ ਲਈ ਸਕਸ਼ਮ ਐਪ ਦੀ ਕਰਨ ਵਰਤੋਂ

Saksham app

ਚੰਡੀਗੜ੍ਹ, 13 ਅਪ੍ਰੈਲ 2024: ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣਾਂ ਵਿੱਚ ਸਾਰੇ ਵਰਗਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਯਤਨਾਂ ਦੇ ਤਹਿਤ, ਸਕਸ਼ਮ ਐਪ (Saksham app) ਨੂੰ ਅਪਾਹਜ ਲੋਕਾਂ ਲਈ ਵੋਟ ਦੇ ਅਧਿਕਾਰ ਦੀ ਵਰਤੋਂ ਨੂੰ ਆਸਾਨ ਅਤੇ ਸੁਵਿਧਾਜਨਕ ਬਣਾਉਣ ਦੇ ਉਦੇਸ਼ ਨਾਲ ਬਣਾਇਆ ਗਿਆ ਹੈ। ਅਪਾਹਜ ਵਿਅਕਤੀਆਂ ਦੀ ਸਹੂਲਤ ਨੂੰ ਦੇਖਦੇ ਹੋਏ ਇਹ ਮੋਬਾਈਲ ਐਪ ਅਪਾਹਜ ਵੋਟਰਾਂ ਲਈ ਵਰਦਾਨ ਹੈ।

ਬੁਲਾਰੇ ਨੇ ਦੱਸਿਆ ਕਿ ਅਪਾਹਜ ਵਿਅਕਤੀ ਚੋਣਾਂ ਨਾਲ ਸਬੰਧਤ ਵੱਖ-ਵੱਖ ਮਤਦਾਤਾ ਕੇਂਦਰਿਤ ਸੇਵਾਵਾਂ ਦਾ ਲਾਭ ਲੈਣ ਲਈ ਇਸ ਐਪ ਦੀ ਵਰਤੋਂ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਕਸ਼ਮ ਐਪ ਦੇ ਇੰਟਰਫੇਸ ਨੂੰ ਅਪਾਹਜ ਲੋਕਾਂ ਦੀਆਂ ਲੋੜਾਂ ਮੁਤਾਬਕ ਢਾਲਿਆ ਗਿਆ ਹੈ। ਸਕਸ਼ਮ ਐਪ ਰਾਹੀਂ, ਇੱਕ ਅਪਾਹਜ ਵੋਟਰ ਵੋਟਰ ਸੂਚੀ ਵਿੱਚ ਆਪਣਾ ਨਾਮ ਚੈੱਕ ਕਰ ਸਕਦਾ ਹੈ, ਪੋਲਿੰਗ ਬੂਥ ਦੀ ਸਥਿਤੀ ਦਾ ਪਤਾ ਲਗਾ ਸਕਦਾ ਹੈ ਅਤੇ ਬੂਥ ਤੱਕ ਪਹੁੰਚਣ ਲਈ ਵ੍ਹੀਲਚੇਅਰ ਦੀ ਬੇਨਤੀ ਕਰ ਸਕਦਾ ਹੈ।

ਕੋਈ ਵਿਅਕਤੀ ਆਪਣੇ ਆਪ ਨੂੰ ਇੱਕ ਨਵੇਂ ਵੋਟਰ ਵਜੋਂ ਰਜਿਸਟਰ ਕਰ ਸਕਦਾ ਹੈ, ਵੋਟਰ ਕਾਰਡ ਵਿੱਚ ਸੁਧਾਰ ਲਈ ਬੇਨਤੀ ਕਰ ਸਕਦਾ ਹੈ, ਵੋਟਰ ਕਾਰਡ ਨੂੰ ਆਧਾਰ ਨਾਲ ਲਿੰਕ ਜਾਂ ਚੋਣ ਪ੍ਰਕਿਰਿਆ ਨਾਲ ਸਬੰਧਤ ਹੋਰ ਕਿਸਮ ਦੀਆਂ ਸੇਵਾਵਾਂ ਦਾ ਲਾਭ ਲੈ ਸਕਦਾ ਹੈ । ਇੱਥੋਂ ਤੱਕ ਕਿ ਚੋਣ ਲੜ ਰਹੇ ਉਮੀਦਵਾਰਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।

ਉਨ੍ਹਾਂ ਦੱਸਿਆ ਕਿ ਸਕਸ਼ਮ ਐਪ (Saksham app) ਰਾਹੀਂ ਅਪਾਹਜ ਵੋਟਰ ਵੋਟਿੰਗ ਸਬੰਧੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਲਈ ਸੰਪਰਕ ਕਰ ਸਕਦੇ ਹਨ ਅਤੇ ਸ਼ਿਕਾਇਤ ਵੀ ਦਰਜ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਸਕਸ਼ਮ ਐਪ ‘ਤੇ ਚੋਣਾਂ ਨਾਲ ਸਬੰਧਤ ਗਿਆਨ ਵਧਾਉਣ ਲਈ ਕਈ ਲੇਖ ਵੀ ਉਪਲਬਧ ਹਨ। ਆਪਣੇ ਐਂਡਰੌਇਡ ਮੋਬਾਈਲ ‘ਤੇ ਗੂਗਲ ਪਲੇ ਸਟੋਰ ਤੋਂ ਸਕਸ਼ਮ ਐਪ ਨੂੰ ਡਾਊਨਲੋਡ ਕਰੋ। ਐਪ ਖੋਲ੍ਹਦੇ ਹੀ ਵੋਟਰ ਰਜਿਸਟ੍ਰੇਸ਼ਨ, ਪੋਲਿੰਗ ਬੂਥ ‘ਤੇ ਸੁਵਿਧਾਵਾਂ, ਵੋਟਰ ਕਾਰਡ ਨਾਲ ਸਬੰਧਤ ਜਾਣਕਾਰੀ ਅਤੇ ਸ਼ਿਕਾਇਤ ਅਤੇ ਜਾਣਕਾਰੀ ਦੇ ਵਿਕਲਪ ਉਪਲਬਧ ਹੋਣਗੇ। ਇਸ ਤੋਂ ਬਾਅਦ ਐਪ ਨੂੰ ਹੋਰ ਸਹੂਲਤਾਂ ਲਈ ਵਰਤਿਆ ਜਾ ਸਕਦਾ ਹੈ।

Exit mobile version