ਚੰਡੀਗੜ੍ਹ 06 ਅਕਤੂਬਰ 2022: 8 ਅਕਤੂਬਰ ਨੂੰ ਭਾਰਤੀ ਹਵਾਈ ਸੈਨਾ ਚੰਡੀਗੜ੍ਹ ‘ਚ ਏਅਰ ਸ਼ੋਅ ਕਰਨ ਜਾ ਰਹੀ ਹੈ। ਇਹ ਏਅਰ ਸ਼ੋਅ ਹਵਾਈ ਸੈਨਾ ਦਿਵਸ ਮੌਕੇ ਚੰਡੀਗੜ੍ਹ ਦੀ ਸੁਖਨਾ ਝੀਲ ਵਿਖੇ ਆਯੋਜਿਤ ਕੀਤਾ ਜਾਵੇਗਾ। ਸ਼ੋਅ ‘ਚ ਹਵਾਈ ਸੈਨਾ ਦਿਵਸ ਦੇ ਫਲਾਈਪਾਸਟ ਵਿੱਚ 74 ਜਹਾਜ਼ ਹਿੱਸਾ ਲੈਣਗੇ। ਇਸ ਵਿਚ ਸਿੰਗਲ ਇੰਜਣ ਵਾਲੇ ਮਿਗ-21 ਜਹਾਜ਼, ਟਰਾਂਸਪੋਰਟ ਏਅਰਕ੍ਰਾਫਟ ਸਮੇਤ ਹੈਲੀਕਾਪਟਰ ਵੀ ਸ਼ਾਮਲ ਹੋਣਗੇ ਅਤੇ ਆਪਣੀ ਕਲਾਬਾਜ਼ੀ ਦਾ ਪ੍ਰਦਰਸ਼ਨ ਕਰਨਗੇ |
ਇਸਦੇ ਚੱਲਦਿਆਂ ਸੀਟੀਯੂ ਦੀਆਂ ਬੱਸਾਂ (CTU buses) ਨੂੰ ਕੁਝ ਥਾਵਾਂ ਤੋਂ ਆਉਣ ਵਾਲੇ ਲੋਕਾਂ ਨੂੰ ਝੀਲ ਤੱਕ ਲਿਜਾਣ ਅਤੇ ਫਿਰ ਵਾਪਸ ਛੱਡਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਅਜਿਹੇ ‘ਚ ਲੋਕ ਉਸ ਦਿਨ ਸੀਟੀਯੂ ਦੀਆਂ ਬੱਸਾਂ ‘ਚ ਸਫਰ ਨਹੀਂ ਕਰ ਸਕਣਗੇ। ਟਰਾਈਸਿਟੀ ਵਿੱਚ ਲੋਕਾਂ ਦੀ ਸੇਵਾ ਲਈ ਸਿਰਫ਼ 40 ਇਲੈਕਟ੍ਰਿਕ ਬੱਸਾਂ ਚੱਲਣਗੀਆਂ। ਬਾਕੀ ਸਾਰੀਆਂ ਬੱਸਾਂ ਸੁਖਨਾ ਝੀਲ ‘ਤੇ ਏਅਰ ਸ਼ੋਅ ਲਈ ਬੁੱਕ ਕੀਤੀਆਂ ਜਾਣਗੀਆਂ।
ਏਅਰ ਸ਼ੋਅ ਲਈ 8 ਅਕਤੂਬਰ ਨੂੰ ਸਵੇਰੇ 10.30 ਵਜੇ ਤੋਂ ਰਾਤ 8.00 ਵਜੇ ਤੱਕ ਬੱਸਾਂ ਬੁੱਕ ਕੀਤੀਆਂ ਜਾਣਗੀਆਂ। ਇਸ ਕਾਰਨ ਸਕੂਲ, ਕਾਲਜ ਅਤੇ ਕਾਰੋਬਾਰ ਲਈ ਜਾਣ ਵਾਲੇ ਹਜ਼ਾਰਾਂ ਲੋਕਾਂ ਨੂੰ ਆਟੋ ਅਤੇ ਕੈਬ ਵਿੱਚ ਸਫਰ ਕਰਨਾ ਪਵੇਗਾ । ਸ਼ਹਿਰ ਵਿੱਚ 11 ਪੁਆਇੰਟ ਬਣਾਏ ਗਏ ਹਨ ਜਿੱਥੋਂ ਸੀਟੀਯੂ ਦੀਆਂ ਬੱਸਾਂ ਲੋਕਾਂ ਨੂੰ ਏਅਰ ਸ਼ੋਅ ਲਈ ਲੈ ਕੇ ਜਾਣਗੀਆਂ ਅਤੇ ਫਿਰ ਉਨ੍ਹਾਂ ਨੂੰ ਵਾਪਸ ਛੱਡਣਗੀਆਂ। ਪ੍ਰਸ਼ਾਸਨ ਵੱਲੋਂ ਇਸ ਵਿੱਚ 400 ਦੇ ਕਰੀਬ ਬੱਸਾਂ ਸ਼ਾਮਲ ਕੀਤੀਆਂ ਗਈਆਂ ਹਨ। ਝੀਲ ‘ਤੇ ਹਜ਼ਾਰਾਂ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ। ਸਲਾਟ ਵੀ ਲਗਭਗ ਪੂਰੀ ਤਰ੍ਹਾਂ ਭਰੇ ਹੋਏ ਹਨ।