ਹਰਪ੍ਰੀਤ ਸਿੰਘ ਕਾਹਲੋਂ
Sr Executive Editor
The Unmute
“ਮੈਂ ਤਾਂ ਇਹ ਵੀ ਸਮਝਦਾ ਹਾਂ ਕਿ ਜਿਹੜੀ ਨਮੋਸ਼ੀ ਹੈ ਇਹ ਵੀ ਇੱਕ ਹਾਂ ਪੱਖੀ ਭਾਵਨਾ ਹੈ ਕਿਉਂਕਿ ਨਮੋਸ਼ੀ ‘ਚੋਂ ਹੀ ਬੰਦਾ ਫਿਰ ਅਗਲੀ ਕਿਰਿਆ ਕਰਦਾ। ਇਸ ਭਾਵਨਾ ‘ਚੋਂ ਹੀ ਬੰਦੇ ਉੱਠਦੇ ਹਨ, ਅਵਾਮ ਜਾਗਦਾ ਹੈ ਕਿ ਸਾਨੂੰ ਕੁਝ ਕਰਨਾ ਚਾਹੀਦਾ ਹੈ।”
ਸੁਰਜੀਤ ਪਾਤਰ
ਪੰਜਾਬੀ ਸ਼ਾਇਰ
ਜਿਸ ਕਾਵਿਕ ਸੰਵੇਦਨਾ ਨਾਲ ਮਨੁੱਖੀ ਸੰਵੇਦਨਾਵਾਂ ਦੀ ਡਾ. ਸੁਰਜੀਤ ਪਾਤਰ ਨੇ ਤਰਜਮਾਨੀ ਕੀਤੀ ਉਹ ਉਹਨਾਂ ਨੂੰ ਸਾਹਿਤ ਦੇ ਖੇਤਰ ‘ਚ ਅਦਬੀ ਸ਼ਖ਼ਸੀਅਤ ਦਾ ਰੁਤਬਾ ਬਖਸ਼ਦਾ ਹੈ।
ਜਲੰਧਰ ਦੇ ਪਿੰਡ ‘ਪੱਤਰ ਕਲਾਂ’ ‘ਚ 14 ਜਨਵਰੀ 1945 ਨੂੰ ਜਨਮੇ ਸੁਰਜੀਤ ਪਾਤਰ ਅੱਜ ਹਰ ਪਾਠਕ ਵਰਗ ਦਾ ਜਾਣਿਆ ਪਛਾਣਿਆ ਨਾਮ ਹੈ।1960 ਤੋਂ ਸ਼ੁਰੂ ਕੀਤਾ ਆਪਣਾ ਕਲ਼ਮੀ ਹੁਨਰ ਪਾਤਰ ਦੇ ਅੱਖ਼ਰਾਂ ਦੀ ਅਵਾਜ਼ ਬਣਕੇ ਇੰਝ ਉਭਰਿਆ ਕਿ ਸਾਹਿਤ ਦੀਆਂ ਨਵੀਆਂ ਵਿਧਾਵਾਂ ਨੂੰ ਸਥਾਪਿਤ ਕਰਦਾ ਗਿਆ।
‘ਹਵਾ ਵਿੱਚ ਲਿਖੇ ਹਰਫ਼,ਬਿਰਖ਼ ਅਰਜ਼ ਕਰੇ,ਹਨੇਰੇ ਵਿੱਚ ਸੁਲਗਦੀ ਵਰਨਮਾਲਾ, ਲਫ਼ਜ਼ਾਂ ਦੀ ਦਰਗਾਹ ਤੇ ਸੁਰਜ਼ਮੀਨ ਸਿਰਲੇਖ ਨਾਲ ਲਿਖੀਆਂ ਕਿਤਾਬਾਂ ਨਾਲ ਉਹਨਾਂ ਕਵਿਤਾ ਦੇ ਰੂਪ ਨੂੰ ਮਜ਼ਬੂਤ ਢੰਗ ਨਾਲ ਸਥਾਪਿਤ ਕੀਤਾ ਹੈ। 1993 ਨੂੰ ‘ਹਨੇਰੇ ਵਿੱਚ ਸੁਲਗਦੀ ਵਰਨਮਾਲਾ’ ਦੇ ਲਈ ਉਹਨਾਂ ਨੂੰ ਸਾਹਿਤ ਸੰਸਾਰ ਦੇ ਉੱਚ ਪੁਰਸਕਾਰ ਭਾਰਤੀ ਸਾਹਿਤ ਅਕਾਮਦੀ ਨਾਲ ਨਵਾਜਿਆ ਗਿਆ।…ਤੇ ਹੁਣ ਸੁਰਜੀਤ ਪਾਤਰ ਨਾਲ ਇੱਕ ਸਨਮਾਨ ਹੋਰ ਜੁੜ ਗਿਆ ਹੈ-‘ਪਦਮਸ਼੍ਰੀ’
ਕਹਿੰਦੇ ਹਨ ਕਿ ਜਦੋਂ ਜ਼ਿੰਦਗੀ ਦੇ ਤਜਰਬੇ ਵੱਧ ਜਾਣ ਤਾਂ ਉਪਲਬਧੀਆਂ ‘ਤੇ ਮਾਣ ਹੋਣਾ ਬੰਦ ਹੋ ਜਾਂਦਾ ਹੈ ਅਜਿਹੇ ਨੁਕਤੇ ‘ਚ ‘ਪਦਮਸ਼੍ਰੀ’ ਪੁਰਸਕਾਰ ਦਾ ਮਿਲਣਾ ਕਿੰਝ ਮਹਿਸੂਸ ਕਰਦੇ ਹੋ ?
ਸੁਰਜੀਤ ਪਾਤਰ: ਮੈਂ ਸਮਝਦਾ ਹਾਂ ਜੋ ਕਵਿਤਾ ਲੋਕਾਂ ਦੇ ਦੁੱਖ ਸੁੱਖ ‘ਚ ਸ਼ਾਮਲ ਹੋਵੇ, ਕਿਸੇ ਕਵਿਤਾ ਉਹਨਾਂ ਲੋਕਾਂ ਦੀ ਧਰਤੀ ਦੀ ਸੰਵੇਦਨਾ ਨੂੰ ਸਮਝੇ,ਇਸ ਨੂੰ ਮੈਂ ਸਭ ਤੋਂ ਵੱਡਾ ਸਨਮਾਣ ਸਮਝਦਾ ਹਾਂ।ਮੈਨੂੰ ਖੁਸ਼ੀ ਹੈ ਕਿ ਮੈਂ ਆਪਣੀ ਮਾਂ ਬੋਲੀ ਦੀ ਸੇਵਾ ਕਰਦਾ ਹਾਂ। ਮੈਂ ਜੋ ਵੀ ਪ੍ਰਾਪਤ ਕੀਤਾ ਹੈ ਉਹ ਮੇਰੀ ਮਾਂ ਬੋਲੀ ਸਦਕਾ ਹੀ ਹੈ। ਪੰਜਾਬੀ ਕਵਿਤਾ ਦੀ ਇੱਕ ਲੰਮੀ ਲੋਕ ਪ੍ਰੰਪਰਾ ਜੋ ਗੁਰੂ ਨਾਨਕ, ਬੁੱਲ੍ਹੇ ਸ਼ਾਹ ਤੇ ਸੁਲਤਾਨ ਬਾਹੂ ਤੋਂ ਗੁਜ਼ਰਦੀ ਸਾਡੇ ਤੱਕ ਪਹੁੰਚਦੀ ਹੈ ਮੈਂ ਉਸ ਨੂੰ ਨਮਸਕਾਰ ਕਰਦਾ ਹਾਂ।
ਫਿਰ ਕਿਸੇ ਪੁਰਸਕਾਰ ਰੂਪੀ ਨਵਾਜ਼ਿਸ਼ ਦੇ ਅਰਥ ਕੀ ਬੱਚਦੇ ਹਨ ?
ਮੈਂ ਪੁਰਸਕਾਰਾਂ ਨੂੰ ਬੇਮਾਇਨੇ ਨਹੀਂ ਸਮਝਦਾ। ਜਿਵੇਂ ਕਿ ਅਸੀ ਸਮਾਜ ‘ਚ ਰਹਿੰਦੇ ਹਾਂ ਤੇ ਕਵਿਤਾ ਜੋ ਕਿ ਕਵੀ ਤੱਕ ਸੀਮਤ ਰਹਿੰਦੀ ਹੈ ਉਸ ਨੂੰ ਲੋਕ ਰਾਜ ਤੱਕ ਮਕਬੂਲ ਹੋਣ ਲਈ ਇਹ ਇੱਕ ਵੱਖਰੀ ਤਰ੍ਹਾਂ ਦਾ ਉਪਰਾਲਾ ਹੁੰਦਾ ਹੈ। ਇਹ ਸਰਕਾਰਾਂ ਦਾ ਕਰਤੱਵ ਹੁੰਦਾ ਹੈ ਕਿ ਉਹ ਹਰ ਤਰ੍ਹਾਂ ਦੀ ਕਲਾ ਨੂੰ ਅਜਿਹੇ ਤਰੀਕਿਆਂ ਨਾਲ ਪ੍ਰਫੂਲਿਤ ਕਰਦੀ ਹੈ। ਕਲਾ ਦੀ ਅਜਿਹੀ ਮਕਬੂਲੀਅਤ ਲਈ ਸਾਰੀਆਂ ਗੱਲਾਂ ਦੇ ਨਾਲ ਨਾਲ ਇਹ ਵੀ ਜ਼ਰੂਰੀ ਹੁੰਦਾ ਹੈ ਕਿ ਕਲਾ ਦਾ ਸਮਾਜ ‘ਚ ਬਿੰਬ ਬਣਾਇਆ ਜਾਵੇ।
ਸੋ ਇਹ ਚੀਜ਼ਾਂ ਉਸ ਸਮਾਜ ਨੂੰ ਜਾਂ ਉਸ ਲੋਕ ਰਾਜ ਨੂੰ ਮਹਿਮਾ ਦਿੰਦੀਆਂ ਹਨ ਕਿ ਉਹ ਆਪਣੇ ਕਲਾਕਾਰਾਂ ਦਾ ਆਪਣੇ ਹੁਨਰਾਂ ਵਾਲਿਆਂ ਦਾ ਸਨਮਾਨ ਕਰਦਾ ਹੈ।ਕਿਉਂ ਕਿ ਜਿਵੇਂ ਅਸੀ ਵੇਖਦੇ ਹਾਂ ਕਿ ਇੱਕ ਪਾਸੇ ਸਾਡੇ ਖੇਡਾਂ ਦੇ ਨਾਇਕ ਹਨ,ਸਿਨੇਮਾ ਦੇ ਨਾਇਕ ਹਨ,ਉੱਥੇ ਮੇਰੇ ਮਨ ‘ਚ ਇਹ ਵੀ ਆਉਂਦਾ ਹੈ ਕਿ ਸਾਡੇ ਦੇਸ਼ ‘ਚ ਕਲਾ ਦੇ ਨਾਇਕ ਵੀ ਜ਼ਰੂਰੀ ਹਨ। ਜਿੰਨਾ ਚੋਂ ਚਿੱਤਰਕਾਰੀ ਦੇ ਨਾਇਕ,ਸੰਗੀਤ ਦੇ ਨਾਇਕ,ਸਾਹਿਤ ਦੇ ਨਾਇਕ ਆਦਿ ਸ਼ਾਮਲ ਹਨ।ਸੋ ਇਹ ਸਭ ਚੀਜ਼ਾਂ ਰਲਕੇ ਇਹ ਜ਼ਰੂਰੀ ਬਣਾਉਂਦੀਆਂ ਹਨ ਕਿ ਉਹ ਆਮ ਲੋਕਾਂ ਨੂੰ ਸੰਦੇਸ਼ ਦਿੰਦੀਆਂ ਹਨ,ਇਹ ਇਵੇਂ ਹੈ ਕਿ ਕਈ ਵਾਰੀ ਤੁਹਾਨੂੰ ਬਹੁਤ ਲੋਕ ਸਨਮਾਨ ਮਿਲਣ ਤੋਂ ਬਾਅਦ ਹੀ ਜਾਣਦੇ ਹਨ।ਸੋ ਅਜਿਹੇ ‘ਚ ਪੁਰਸਕਾਰਾਂ ਦੀ ਆਪਣੀ ਅਹਿਮੀਅਤ ਹੈ ਕਿਉਂ ਕਿ ਇਸ ਨਾਲ ਇਹ ਕੌਸ਼ਿਸ਼ ਹੋਰ ਪਕੇਰੀ ਹੁੰਦੀ ਹੈ ਕਿ ਇੰਝ ਸਮਾਜ ਕਲਾ ਨਾਲ ਹੋਰ ਗੂੜ੍ਹੇ ਹੋ ਕੇ ਜੁੜ ਸਕੇ।
ਅੱਜ ਤਾਂ ਤੁਹਾਡਾ ਇੱਕ ਨਾਮ ਹੈ,ਸ਼ੋਹਰਤ ਹੈ, ਤੁਸੀ ‘ਪਦਮ ਸ਼੍ਰੀ’ ਹੋ ਪਰ ਉੱਮਰ ਦਾ ਇੱਕ ਅਜਿਹਾ ਦੌਰ ਵੀ ਹੁੰਦਾ ਹੈ ਜਦੋਂ ਸੁਫ਼ਨੇ ਪੁੰਗਰਦੇ ਹਨ।ਉਹਨਾਂ ਸਮਿਆਂ ‘ਚ ਕਦੀ ਸੋਚਿਆ ਸੀ ਕਿ ਜ਼ਿੰਦਗੀ ਦਾ ਜਸ਼ਨ ਕੁਝ ਇਸ ਜਗ੍ਹਾ ‘ਤੇ ਪਹੁੰਚੇਗਾ ?
ਸੋ ਇੱਕ ਸੰਵਾਦ ਹੈ ਜੋ ਮੇਰੀ ਕਵਿਤਾ ‘ਚ ਮੁੱਢ ਤੋਂ ਚੱਲ ਰਿਹਾ ਹੈ।ਜਿਵੇਂ ਕਿ ਮੈਂ ਕਹਿੰਦਾ ਹਾਂ,“ਧਰਮ ਹੈ,ਇਖ਼ਲਾਕ ਹੈ,ਕਾਨੂੰਨ ਹੈ ਇਹ ਕੌਣ ਹੈ,ਮੇਰੀ ਬਿਰਖ਼ਾਂ ਤੇਰੀਆਂ ਬਰਸਾਤ ਵਿਚਲਾ ਫਾਸਲਾ।”ਸੋ ਇਹਨਾਂ ਸਵਾਲਾਂ ਨੂੰ ਲੱਭਦੇ ਹੋਏ ਜੇ ਮੈਂ ਕੁਦਰਤ ਤੇ ਸੱਭਿਆਚਾਰ ਦੇ ਸੰਵਾਦ ਨੂੰ ਲੱਭਿਆ ਹੈ ਤਾਂ ਜ਼ਿੰਦਗੀ ਦਾ ਜਸ਼ਨ ਆਪਣੇ ਮੁਕਾਮ ‘ਤੇ ਜ਼ਰੂਰ ਪਹੁੰਚਿਆ ਹੈ।
ਸਾਹਿਤ ਦੀ ਮਕਬੂਲੀਅਤ ‘ਚ ਅਰਥਾਂ ਦੀ ਤਰਾਸ਼ ਬਹੁਤ ਮਾਇਨੇ ਰੱਖਦੀ ਹੈ,ਪਰ ਜਦੋਂ ਆਪਾਂ ਪੜ੍ਹਦੇ ਹਾਂ ਕਿ ‘ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ,ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ’ ਤੁਹਾਡੀ ਇਸ ਰਚਨਾ ਦੀ ਵਿਲੱਖਣ ਮਕਬੂਲੀਅਤ ਹੈ ਪਰ ਇਸ ਦੇ ਨਾਲ ਨਾਲ ਇਸ ‘ਚ ਸ਼ਸ਼ੋਪੰਜ ਵਾਲੀ ਹਾਲਤ ਦਾ ਝਲਕਾਰਾ ਕਿਉਂ ਮਿਲਦਾ ਹੈ,ਇਹ ਇੰਝ ਲੱਗਦਾ ਹੈ ਕਿ ਲਿਖਣ ਵਾਲਾ ਖੁਦ ਵੀ ਉਲਝਨ ‘ਚ ਹੈ ?
ਸੁਰਜੀਤ ਪਾਤਰ: ਨਹੀਂ ਇਹ ਸ਼ਸ਼ੋਪੰਜ ਵਾਲੀ ਅਵਸਥਾ ਇਸ ਤਰ੍ਹਾਂ ਦੀ ਹੈ ਜਿਵੇਂ ਕਿ ਬਾਬਾ ਸ਼ੇਖ਼ ਫ਼ਰੀਦ ਜੀ ਦਾ ਸਲੋਕ ਹੈ ਕਿ ਗਲੀਆ ਚਿਕੱੜ ਦੂਰ ਘਰ ਨਾਲ ਪਿਆਰੇ ਨੇਹੂ,ਚਲਾ ਤਾਂ ਭਿਜੇ ਕੰਬਲੀ ਰਹਾ ਤਾਂ ਤੁਟੇ ਨੇਹੋ।ਪਰ ਉਹ ਅਗਲੀ ਪੰਕਤੀ ‘ਚ ਇਹ ਵੀ ਕਹਿ ਦਿੰਦੇ ਹਨ ਕਿ ਭਿਜਹੁ ਸਿੰਜਹੁ ਕੰਬਲੀ ਅਲ੍ਹਾ ਬਰਸੇ ਮੇਹੂ,ਜਾਇ ਮਿਲਾਂ ਤਿਨਾ ਸੱਜਣਾ ਤੁਟੈ ਨਾਹਿ ਨੇਹੂ।ਸੋ ਇਸ ਗ਼ਜ਼ਲ ‘ਚ ਵੀ ਅਜਿਹੀ ਬਣਤਰ ਹੈ,ਸ਼ੁਰੂਆਤ ‘ਚ ਬੇਸ਼ੱਕ ਸ਼ਸ਼ੋਪੰਜ ਹੈ ਪਰ ਉਸ ਤੋਂ ਬਾਅਦ ਕਵਿਤਾ ਹੋਰ ਤਰ੍ਹਾਂ ਚੱਲਦੀ ਹੈ।
ਇਸ ‘ਚ ਪਹਿਲੇ ਸ਼ੇਅਰ ‘ਚ ਤਾਂ ਇੱਕ ਤੇਵਰ ਹੈ ਬਾਕੀ ਸ਼ੇਅਰਾਂ ‘ਚ ਤਾਂ ਮੈਂ ਸਾਰੀ ਗੱਲ ਕਰਦਾ ਹਾਂ।ਸੋ ਇਸ ‘ਚ ਸ਼ਸ਼ੋਪੰਜ ਤਾਂ ਇੰਨਾ ਕੀ ਹੈ ਜਿੰਨਾ ਕਿ ਕਿਸੇ ਅਮਦਾਜ਼ ਲਈ ਜ਼ਰੂਰੀ ਹੁੰਦਾ ਹੈ।ਮਸਲਨ ਬੁੱਲ੍ਹੇ ਸ਼ਾਹ ਕਹਿੰਦਾ ਹੈ ਕਿ ਸੱਚ ਆਖਾਂ ਤਾਂ ਭਾਂਬੜ ਮੱਚਦਾ ਏ,ਝੂਠ ਆਖਾਂ ਤਾਂ ਕੁਝ ਬੱਚਦਾ ਏ,ਜੀਅ ਦੋਹਾਂ ਗੱਲਾਂ ਤੋਂ ਜੱਕਦਾ ਏ,ਜੱਕ ਜੱਕ ਕੇ ਜੀਬਾਂ ਕਹਿੰਦੀ ਏ,ਮੂੰਹ ਆਈ ਬਾਤ ਨਾ ਰਹਿੰਦੀ ਏ।ਸੋ ਸ਼ਸ਼ੋਪੰਜ ਤਾਂ ਇਸ ਗੱਲ ਦੀ ਨਿਸ਼ਾਨੀ ਹੈ ਕਿ ਸਾਡੀ ਦੁਨੀਆ ‘ਚ ਸੱਚ ਬੋਲਣਾ ਬਹੁਤ ਮੁਸ਼ਕਲ ਹੈ।
ਪਰ ਇਹ ਤਾਂ ਆਮ ਬੰਦੇ ਦੀ ਇੱਕ ਨਿਸ਼ਾਨੀ ਹੈ ਜਿਵੇਂ ਕਿ ਉਹ ਭ੍ਰਿਸ਼ਟਾਚਾਰ ਤੋਂ ਵੀ ਅੱਕਿਆ ਹੁੰਦਾ ਅੰਦਰਖਾਤੇ ਉਹ ਭ੍ਰਿਸ਼ਟਾਚਾਰ ਦਾ ਸ਼ਿਕਾਰ ਹੋ ਰਿਹਾ ਹੁੰਦਾ ਤੇ ਅੰਦਰੋ ਅੰਦਰ ਖਿਆਲ ਬੁਣਦਾ ਜਾਂਦਾ ਕਿ ਮੈਂ ਸਿਸਟਮ ਨੂੰ ਬਦਲ ਦੇਣਾ ਹੈ। ਇਹ ਉਹਦੇ ਅੰਦਰ ਲੁਕੀਆਂ ਕਚੀਚਿਆਂ ਹਨ ਪਰ ਕਲਪਨਾ ਤੇ ਯਥਾਰਥ ‘ਚ ਅੰਤਰ ਬਹੁਤ ਹੁੰਦਾ ਹੈ ਤੇ ਇਸ ਖਿਚੋਤਾਣ ‘ਚ ਖਿਆਲ ਹਕੀਕਤ ਤੋਂ ਹਾਰ ਜਾਂਦਾ ਹੈ ਤੇ ਬੰਦਾ ਸਿਰਫ ਤੜਪਦਾ ਹੈ ?
ਸੁਰਜੀਤ ਪਾਤਰ: ਨਹੀਂ ਇੰਝ ਨਹੀਂ ਹੁੰਦਾ,ਇਸ ਸੰਸਾਰ ‘ਚ ਆਪੋ ਆਪਣੇ ਤਰੀਕੇ ਨਾਲ ਇਸ ਸਾਰੇ ਢਾਂਚੇ ਨੂੰ ਬਦਲਣ ਲਈ ਕਿੰਨੇ ਲੋਕ ਜੂਝ ਰਹੇ ਹਨ।ਜਿਹੜੀਆਂ ਸੋਚਾਂ ਹੁੰਦੀਆਂ ਇਹ ਆਪਣਾ ਅਸਰ ਕਰਦੀਆਂ ਹਨ।ਜਿਹੜੀ ਅੰਦਰਲੀ ਕਸ਼ਮਕਸ਼ ਵੀ ਹੈ ਉਹ ਵੀ ਜਿਉਂਦੇ ਲੋਕਾਂ ਦੀ ਨਿਸ਼ਾਨੀ ਹੁੰਦੀ ਹੈ।ਜਿਹੜੇ ਪੱਥਰਾਏ ਹਨ ਉਹਨਾਂ ਅੰਦਰ ਅਜਿਹਾ ਕੁਝ ਨਹੀਂ ਵਾਪਰਦਾ।ਜਿਹੜੇ ਇਹ ਸ਼ਸ਼ੋਪੰਜ ਪੈਂਦਾ ਹੁੰਦੇ ਹ ਇਹ ਵੀ ਜਿਊਂਦੇ ਲੋਕਾਂ ਦੀ ਨਿਸ਼ਾਨੀ ਹੈ।ਮੈਂ ਤਾਂ ਇਹ ਵੀ ਸਮਝਦਾ ਹਾਂ ਕਿ ਜਿਹੜੀ ਨਮੋਸ਼ੀ ਹੈ ਇਹ ਵੀ ਇੱਕ ਹਾਂ ਪੱਖੀ ਭਾਵਨਾ ਹੈ ਕਿਉਂ ਕਿ ਨਮੋਸ਼ੀ ਚੋਂ ਹੀ ਬੰਦਾ ਫਿਰ ਅਗਲੀ ਕਿਰਿਆ ਕਰਦਾ।
ਇਸ ਭਾਵਨਾ ਚੋਂ ਹੀ ਬੰਦੇ ਉੱਠਦੇ ਹਨ,ਅਵਾਮ ਜਾਗਦਾ ਹੈ ਕਿ ਸਾਨੂੰ ਕੁਝ ਕਰਨਾ ਚਾਹੀਦਾ ਹੈ। ਸੀਚੇਵਾਲ ਜਾਂ ਭਗਤ ਪੂਰਨ ਸਿੰਘ ਪਿੰਗਲਵਾੜੇ ਵਾਲੇ ਵਰਗੇ ਹੀ ਅਜਿਹੀਆਂ ਮਿਸਾਲਾਂ ਬਣਦੀਆਂ ਹਨ।ਜਿਵੇਂ ਕਿ ਕਿਸੇ ਨੇ ਬਹੁਤ ਸੋਹਣੀ ਗੱਲ ਕਹੀ ਸੀ ਕਿ ਅੱਜ ਤੱਕ ਪੱਥਰਾਂ ਨੇ ਪਾਣੀ ‘ਤੇ ਕੋਈ ਨਿਸ਼ਾਨ ਨਹੀਂ ਛੱਡਿਆ ਸਗੋਂ ਪਾਣੀਆਂ ਨੇ ਹੀ ਪੱਥਰਾਂ ‘ਤੇ ਨਿਸ਼ਾਨ ਛੱਡੇ ਹਨ।ਇਹ ਬਹੁਤ ਹੀ ਕੁਦਰਤੀ ਵਰਤਾਰਾ ਹੈ।ਸਾਡੇ ਵੇਖਦੇ ਹੀ ਬਹੁਤ ਸਮਾਜ ਬਦਲਿਆ ਹੈ।ਜਿਵੇਂ ਕਿ ਕੁਦਰਤੀ ਗੱਲ ਹੈ ਕੋਈ ਔਕੜ ਆਉਣ ‘ਤੇ ਮਨੁੱਖ ਨੇ ਆਪਣੀ ਜਾਨ ਬਚਾਉਣੀ ਹੁੰਦੀ ਹੈ ਪਰ ਕਈ ਵਾਰ ਮਨੁੱਖ ਆਪਣੀ ਜਾਨ ਦੇ ਦਿੰਦਾ ਹੈ ਕੁਝ ਹੋਰ ਬਚਾਉਣ ਦੀ ਖਾਤਰ।ਇਹ ਕੁਦਰਤੀ ਨਹੀਂ ਹੈ ਪਰ ਆਦਮੀ ਨੇ ਇਸ ਨੂੰ ਵਿਕਸਤ ਕਰ ਲਿਆ।ਸੋ ਇਸ ਚੀਜ਼ ਨੂੰ ਮੈਂ ਇਦਾਂ ਸਮਝਦਾ ਹਾਂ ਕਿ ਤੜਪ ਜ਼ਿੰਦਾ ਰਹਿਣੀ ਚਾਹੀਦੀ ਹੈ,ਜਿਵੇਂ ਕਿ ਮੈਂ ਇੱਕ ਜਗ੍ਹਾ ਲਿਖਿਆ ਹੈ ਕਿ ਕਵਿਤਾ ਜਦੋਂ ਖਿਲਾਫ ਕਹੇ ਤਾਂ ਉਸ ਦੇ ਲਫਜ਼ ਨਹੀਂ ਬਦਲੀਦੇ,ਆਪਣੇ ਆਪ ਨੂੰ ਬਦਲੀਦਾ ਹੈ,ਨਾ ਵੀ ਬਦਲ ਸਕੋ ਤਾਂ ਵੀ ਬਦਲ ਹੋਣ ਲਈ ਤੜਪੀਦਾ ਹੈ,ਤੜਪਣ ਵਿੱਚ ਹੀ ਕਾਵਿਕਤਾ ਹੈ,ਤੜਪਣ ਵਿੱਚ ਹੀ ਇਨਕਲਾਬ ਹੈ।
ਤੁਹਾਡੀ ਰਚਨਾਵਾਂ ‘ਹਵਾ ਵਿੱਚ ਲਿਖੇ ਹਰਫ਼,ਬਿਰਖ਼ ਅਰਜ਼ ਕਰੇ,ਪੱਤਝੜ੍ਹ ਦੀ ਪਾਂਜੇਬ,ਹਨੇਰੇ ਵਿੱਚ ਸੁਲਗਦੀ ਵਰਣਮਾਲਾ,ਸੁਰਜ਼ਮੀਨ ਬੇਸ਼ੱਕ ਲਫ਼ਜ਼ਾਂ ਦੀ ਦਰਗਾਹ ਇਸ ਦਾ ਅਪਵਾਦ ਹੈ ਪਰ ਬਾਕੀ ਰਚਨਾਵਾਂ ਦੇ ਸਿਰਲੇਖ ‘ਚ ਇੱਕ ਸ਼ਬਦ ਕੁਦਰਤ ਤੋਂ ਆਇਆ ਹੈ ਤੇ ਇੱਕ ਸ਼ਬਦ ਸੱਭਿਆਚਾਰ ਦਾ ਹੈ।ਹਰ ਸਿਰਲੇਖ ‘ਚ ਅਜਿਹੀ ਸਾਂਝ ਕੋਈ ਸੋਚਿਆ ਸਮਝਿਆ ਵਰਤਾਰਾ ਸੀ ਜਾਂ ਇਤਫ਼ਾਕੀਆ ਇੰਝ ਸਿਰਲੇਖ ਦਿੰਦੇ ਗਏ ?
ਸੁਰਜੀਤ ਪਾਤਰ: ਮੈਂ ਇਸ ਬਾਰੇ ਇੰਝ ਸੋਚਦਾ ਹਾਂ ਕਿ ਇਹ ਹੋਇਆ ਤਾਂ ਅਚੇਤ ਹੀ ਹੈ।ਜਿਵੇਂ ਕਿ ਹਵਾ ਵਿੱਚ ਲਿਖੇ ਹਰਫ਼ ‘ਚ ਹਵਾ ਸ਼ਬਦ ਕੁਦਰਤ ਹੈ ਤੇ ਹਰਫ਼ ਸੱਭਿਆਚਾਰ ਚੋਂ ਆਇਆ ਸ਼ਬਦ ਹੈ।ਇਸੇ ਤਰ੍ਹਾਂ ਪੱਤਝੜ੍ਹ ਦੀ ਪਾਂਜੇਬ ਜਾਂ ਸੁਰਜ਼ਮੀਨ ਜਾਂ ਹੋਰ ਸਿਰਲੇਖਾਂ ‘ਚ ਹੈ।ਇਹ ਜਿਹੜਾ ਸਾਡੇ ਮਨਾਂ ‘ਚ ਨਿਰੰਤਰ ਸੰਘਰਸ਼ ਚੱਲ ਰਿਹਾ ਹੈ ਕਿ ਕੁਦਰਤ ਤੇ ਸੱਭਿਆਚਾਰ ਦਾ ਕਿੱਥੇ ਕੁ ਮਿਲਾਪ ਹੋਵੇ।ਭਾਵ ਕਿ ਕਿੱਥੇ ਉਹ ਜਗ੍ਹਾ ਹੈ ਜਿੱਥੇ ਬੰਦੇ ਕੁਦਰਤੀ ਜੀਵਨ ਚਾਹੁੰਦਾ ਹੈ,ਜਿਵੇਂ ਕਿ ਇਹਨਾਂ ਨੂੰ ਕਿੰਝ ਸੁਰਬੱਧ ਕੀਤਾ ਜਾ ਸਕੇ ਕਿ ਉਹ ਸਾਡੇ ਸਾਰਿਆਂ ਲਈ ਸੋਹਣੀਆਂ ਤੇ ਕਲਿਆਣਕਾਰੀ ਹੋਣ।ਕੁਦਰਤ ਸਿਰਫ ਇਹ ਨਹੀਂ ਕਿ ਬੱਸ ਰੁੱਖ,ਬੂਟੇ,ਜੰਗਲ,ਧਰਤੀ ਸਗੋਂ ਕੁਦਰਤ ਇਹ ਵੀ ਹੈ ਜੋ ਸਾਡੇ ਅੰਦਰ ਹੈ।ਜਿਵੇਂ ਕਿ ਸਾਡੇ ਅੰਦਰ ਵੀ 90 ਪ੍ਰੀਤਸ਼ਤ ਕੁਦਰਤ ਹੀ ਹੈ ਤੇ 10 ਫੀਸਦੀ ਹੀ ਸੱਭਿਆਚਾਰ ਹੋਵੇਗਾ।ਸੋ ਇਹ ਮੇਰੀ ਕਵਿਤਾ ਦਾ ਸੰਵਾਦ ਹੈ ਜੋ ਮੁੱਢ ਤੋਂ ਚੱਲ ਰਿਹਾ।
ਸਾਹਿਤ,ਸਮਾਜ,ਸਿਆਸਤ ਤੇ ਸਿਨੇਮਾ ਜਿਸ ਅੰਦਾਜ਼ ‘ਚ ਜੁੜੇ ਹੋਏ ਹਨ ਤੇ ਅਜੋਕੇ ਸਦੰਰਭ ‘ਚ ਇਹਨਾਂ ਦੀ ਆਪਸੀ ਤਰਾਸ਼ ਜਿਸ ਰੂਪ ‘ਚ ਇੱਕ ਦੂਜੇ ਦੀ ਪੂਰਕ ਹੈ ਇਸ ਬਾਰੇ ਤੁਸੀ ਕੀ ਸਮਝਦੇ ਹੋ ?
ਸੁਰਜੀਤ ਪਾਤਰ: ਸਾਹਿਤ,ਸਮਾਜ,ਸਿਨੇਮਾ ਤੇ ਸਿਆਸਤ ਇਹ ਸਾਰਾ ਕੁਝ ਆਪਸ ‘ਚ ਜੁੜਿਆ ਹੋਇਆ ਹੈ ਤੇ ਇਹ ਮਨੁੱਖ ਦੀਆਂ ਗਤੀਵਿਧੀਆਂ ਹਨ।ਜਿਵੇਂ ਕਿ ਮੰਨ ਲਓ ਕਿ ਸਮਾਜ ਹੈ ਤੇ ਸਾਹਿਤ ਹੈ ਇਹ ਸਦੀਆਂ ਤੋਂ ਹੈ ਜਦੋਂ ਬੰਦਾ ਸ਼ੁਰੂ ਹੁੰਦਾ ਹੈ।ਬੰਦਾ ਸਾਹਿਤ ਦੀ ਸਿਰਜਣਾ ਉਦੋਂ ਹੀ ਸ਼ੁਰੂ ਕਰ ਦਿੰਦਾ ਹੈ ਜਦੋਂ ਉਹ ਲਿਖਣਾ ਵੀ ਨਹੀਂ ਸਿੱਖਦਾ।ਉਹ ਇਸ ਨੂੰ ਆਪਣੇ ਬੋਲਾਂ ‘ਚ ਸਿਰਜਦਾ ਹੈ।ਸੋ ਇੰਝ ਸਿਰਜਨਾ ਹੁੰਦੀ ਜਾਂਦੀ ਹੈ ਜਿਵੇਂ ਕਿ ਉਹ ਗੁਫਾਵਾਂ ‘ਚ ਚਿੱਤਰ ਬਣਾਉਂਦਾ ਹੋਇਆ ਚਿੱਤਰਕਾਰ ਵੀ ਬਣ ਜਾਂਦਾ ਹੈ।ਇੰਝ ਸੱਭਿਅਤਾ ਜਨਮ ਲੈਂਦੀ ਹੈ ਕਬੀਲੇ ਬਣਦੇ ਹਨ ਤੇ ਸਿਆਸਤ ਵੀ ਨਾਲ ਚੱਲ ਪੈਂਦੀ ਹੈ।ਇਹ ਕਬੀਲਿਆਂ ਦੇ ਆਪਣੇ ਪ੍ਰਬੰਧਕੀ ਢਾਂਚੇ ‘ਚ ਵੇਖਣ ਨੂੰ ਮਿਲਦਾ ਹੈ।ਸਿਨੇਮਾ ਇੱਕ ਬਹੁਤ ਬਾਅਦ ‘ਚ ਸ਼ੁਰੂ ਹੋਈ ਇਕਾਈ ਹੈ ਜਿਸ ‘ਚ ਸਾਹਿਤ ਵੀ ਸ਼ਾਮਲ ਹੈ,ਸਮਾਜ ਵੀ ਸ਼ਾਮਲ ਹੈ ਤੇ ਸਿਆਸਤ ਵੀ ਪਰ ਇਸ ‘ਚ ਸਿਨੇਮਾ ਤੇ ਸਾਹਿਤ ਦਾ ਫਰਕ ਮੈਂ ਇਹ ਸਮਝਦਾ ਹਾਂ ਕਿ ਸਿਨੇਮਾ ਦਾ ਦਾਇਰਾ ਬਹੁਤ ਵੱਡਾ ਹੈ।ਪਰ ਇਸ ਦੀਆਂ ਹੱਦਬੰਦੀਆਂ ਵੀ ਹਨ ਜੋ ਸਾਹਿਤ ਦੀ ਤਰਾਸ਼ ‘ਚ ਸੌਖਾ ਹੈ ਉਹ ਸਿਨੇਮਾ ‘ਚ ਸੰਭਵ ਨਹੀਂ ਹੈ।ਸਾਹਿਤ ਇਸ ਪੱਖੋਂ ਜ਼ਿਆਦਾ ਅਜ਼ਾਦ ਹੈ।
ਪਰ ਸਾਹਿਤ ਦੇ ਇਸੇ ਅਜ਼ਾਦ ਅੰਦਾਜ਼ ਵਿੱਚ ਗਲੀ ਗਲੀ ਹਰ ਕੋਈ ਬਿਨਾਂ ਕਿਸੇ ਪੜ੍ਹਾਈ ਤੇ ਚਿੰਤਨ ਤੋਂ ਲੇਖਕ ਬਣਨ ਦਾ ਸਿਹਰਾ ਲੈਅ ਬਹਿੰਦਾ ਹੈ ਤੇ ਪਬਲੀਸ਼ਰਾਂ ਤੋਂ ਕੁਝ ਕਿਤਾਬਾਂ ਛਪਵਾਕੇ ਉਹ ਆਪਣੀ ਵਿਦਵਤਾ ਸਿੱਧ ਕਰਦਾ ਹੈ,ਅਜਿਹਾ ਰੁਝਾਨ ਆਮ ਕਿਤਾਬਾਂ ਦੀ ਦੁਕਾਨ ‘ਤੇ ਅਜਿਹੇ ਲੇਖਕਾਂ ਦੀ ਕਿਤਾਬਾਂ ਵੇਖਕੇ ਪਤਾ ਲੱਗ ਜਾਂਦਾ ਹੈ ਸੋ ਅਜਿਹੇ ‘ਚ ਜਿਹੜੀ ਇਹ ‘ਥੋਕ ਭਾਅ ਦੀ ਚਾਨਣੀ’ ਆਈ ਹੋਈ ਹੈ ਇਸ ਨਾਲ ਸਾਹਿਤ ਦਾ ਅਜ਼ਾਦ ਵਰਤਾਰਾ ਗੁਣਵਤਾ ਤੋਂ ਸੱਖਣਾ ਨਹੀਂ ਹੋ ਰਿਹਾ ?
ਸੁਰਜੀਤ ਪਾਤਰ: ਨਹੀਂ ਅਜਿਹਾ ਨੁਕਸਾਨ ਸਗੋਂ ਸਿਨੇਮਾ ਜਾਂ ਟੀ.ਵੀ ਦੀ ਰਚਨਾ ‘ਚ ਜ਼ਿਆਦਾ ਹੋ ਰਿਹਾ ਹੈ ਕਿਉਂ ਕਿ ਸਿਨੇਮਾ ਦੀ ਬਹੁਮਤ ਅੱਖ ਕਦਰਾਂ ਕੀਮਤਾਂ ਤੋਂ ਸੱਖਣੀ ਹੈ।ਸਾਹਿਤ ਬੇਸ਼ੱਕ ਔਸਤ ਵੀ ਹੋਵੇ ਪਰ ਕਦਰਾਂ ਕੀਮਤਾਂ ਦੀ ਨਿਸ਼ਾਨਦੇਹੀ ਤਾਂ ਜ਼ਰੂਰ ਹੁੰਦੀ ਹੈ।ਕਿਉਂ ਕਿ ਸਾਹਿਤ ‘ਚ ਆਰਥਿਕ ਪੱਖ ਨੂੰ ਧਿਆਨ ‘ਚ ਰੱਖ ਕੇ ਕੋਈ ਬੰਦਾ ਨਹੀਂ ਛਪਵਾਉਂਦਾ ਸਗੋਂ ਉਸ ਦੀ ਦਿਲੋਂ ਇਹੋ ਮੁਰਾਦ ਹੁੰਦੀ ਹੈ ਕਿ ਉਸ ਦਾ ਨਾਮ ਹੋਵੇ।
ਪਰ ਬਿਨਾਂ ਆਰਥਿਕਤਾ ਨੂੰ ਧਿਆਨ ‘ਚ ਰੱਖਕੇ ਕੋਈ ਕਦੋਂ ਤੱਕ ਸਾਹਿਤ ਦੀ ਦੁਨੀਆਂ ‘ਚ ਵਿਚਰ ਸਕੇਗਾ ਆਖਰ ਪਾਪੀ ਪੇਟ ਦਾ ਵੀ ਤਾਂ ਸਵਾਲ ਹੈ,ਕਿਉਂ ਕਿ ਅਜੋਕੇ ਲੇਖਕਾਂ ਚੋਂ ਇਸ ਨੂੰ ਰੋਜ਼ੀ ਰੋਟੀ ਦਾ ਸਾਧਨ ਮੰਨ ਕੇ ਤਾਂ ਕੋਈ ਰਚਨਾ ਨਹੀਂ ਕਰ ਰਿਹਾ,ਫੁੱਲ ਟਾਈਮ ਕੋਈ ਲੇਖਕ ਨਹੀਂ ਹੈ ਤੇ ਇਸ ਘਾਟ ‘ਚ ਲੇਖਕ ਵਰਗੇ ਨਜ਼ਰੀਏ ਤੋਂ ਕੋਈ ਰਚਨਾ ਸਾਹਮਣੇ ਨਹੀਂ ਆ ਰਹੀ ?
ਸੁਰਜੀਤ ਪਾਤਰ: ਹਾਂ ਇਹ ਗੱਲ ਬਿਲਕੁਲ ਸਹੀ ਹੈ ਕਿ ਹੋਲ ਟਾਈਮ ਲੇਖਕ ਬਣਨ ਲਈ ਬਹੁਤ ਕੁਝ ਨਾਲ ਕਰਨਾ ਪੈਂਦਾ ਹੈ।ਜਿਵੇਂ ਕਿ ਸਤਿਆਰਥੀ,ਸੁਖਬੀਰ ਜਾਂ ਅਮ੍ਰਿਤਾ ਪ੍ਰੀਤਮ ਨੂੰ ਗੁਜ਼ਾਰਾ ਕਰਨ ਲਈ ਅਨੁਵਾਦ ਕਰਨੇ ਪਏ ਜਾਂ ਰਸਾਲੇ ਕੱਢਣੇ ਪਏ।ਪਰ ਇਸ ਨੂੰ ਕਮਰਸ ਨਾਲ ਨਹੀਂ ਜੋੜਨਾ ਚਾਹੀਦਾ।ਇਹ ਠੀਕ ਹੈ ਕਿ ਸਾਹਿਤ ‘ਚ ਇੰਝ ਵੱਧ ਰਹੀ ਲੇਖਕਾਂ ਦੀ ਗਿਣਤੀ ਜੋ ਪੱੜ੍ਹਾਈ ਜਾਂ ਚਿੰਤਨ ਤੋਂ ਦੂਰ ਹਨ ਉਹਨਾਂ ਨਾਲ ਬਹੁਤ ਸਾਰਾ ਸਾਹਿਤ ਬਹੁਤ ਵਧੀਆ ਗੁਣਵਤਾ ਦਾ ਨਹੀਂ ਮਿਲ ਰਿਹਾ।ਪਰ ਇੰਝ ਸਾਹਿਤ ਦੀ ਵੱਧ ਰਹੀ ਮਿਕਦਾਰ ਦੇ ਸਾਰਥਕ ਨਤੀਜੇ ਵੀ ਹਨ।ਇਸ ‘ਚ ਹੱਲ ਤਾਂ ਇਹੋ ਹੈ ਕਿ ਪੰਜਾਬੀ ਬਤੌਰ ਪਾਠਕ ਪੱੜ੍ਹਣ ਦਾ ਰੁਝਾਨ ਵਧਾਉਣ ਜਿਸ ਨਾਲ ਚੰਗੇ ਸਾਹਿਤ ਦੀ ਪੇਸ਼ਕਾਰੀ ‘ਚ ਆਪਣੇ ਆਪ ਵਾਧਾ ਹੁੰਦਾ ਜਾਵੇਗਾ।ਕਿਉਂ ਕਿ ਹਰ ਲੇਖਕ ਇਹੋ ਚਾਹੁੰਦਾ ਹਾਂ ਜੇ ਮੈਨੂੰ ਪੈਸਾ ਨਹੀਂ ਮਿਲ ਰਿਹਾ ਤਾਂ ਪਾਠਕ ਮੈਨੂੰ ਪੱੜ੍ਹਣ ਜ਼ਰੂਰ।
ਜਦੋਂ ਗੱਲ ਸਾਹਿਤ,ਸਮਾਜ,ਸਿਨੇਮਾ ਤੇ ਸਿਆਸਤ ਦੀ ਚੱਲ ਰਹੀ ਹੈ ਤਾਂ ਇਹ ਸਾਫ ਹੈ ਕਿ ਇਹਨਾਂ ਦਾ ਅਸਲ ਮੰਤਵ ਮਨੁੱਖ ਦੇ ਲਈ ਕਲਿਆਣਕਾਰੀ ਹੋਣ ‘ਚ ਹੈ।ਪਰ ਸਾਹਿਤ ਦੇ ਖੇਤਰ ‘ਚ ਅਕਾਦਮੀਆਂ ਦੀ ਅਜਿਹੀ ਸਿਆਸਤ ਸਮਾਜ ਦੇ ਸੰਦਰਭ ‘ਚ ਕਲਿਆਣਕਾਰੀ ਨਾ ਹੋਕੇ ਲੰਬੜਦਾਰੀਆਂ ਦੇ ਤੁਰਜਮੇ ਹੀ ਬਣਦੀਆਂ ਜਾ ਰਹੀਆਂ ਹਨ।ਅਜਿਹਾ ਕਿਉਂ ?
ਸੁਰਜੀਤ ਪਾਤਰ: ਇਹ ਇੰਝ ਹੈ ਕਿ ਸੰਸਥਾਵਾਂ ਦਾ ਮਤਲਬ ਇਹੋ ਹੁੰਦਾ ਹੈ ਕਿ ਉਹ ਲੇਖਕਾਂ ਤੇ ਆਲੋਚਕਾ ਲਈ ਇੱਕ ਸੱਥ ਮੁਹੱਈਆ ਕਰਵਾ ਸਕਣ ਜਿੱਥੇ ਉਹ ਸਾਹਿਤ ਦੇ ਵਿਕਾਸ ਲਈ ਸੋਚ ਸਕਣ ਜੋ ਕਿ ਪੁਰਸਕਾਰ,ਰਸਾਲਿਆਂ ਦੀ ਪ੍ਰਕਾਸ਼ਣਾ,ਪਾਠਕਾਂ ਲਈ ਕੁਝ ਪ੍ਰੋਗਰਾਮ ਵਿਉਂਤ ਕੇ ਦੇ ਰੂਪ ‘ਚ ਮਨੁੱਖਤਾ ਲਈ ਜਾਂ ਸਮਾਜ ਲਈ ਹੋਵੇ।ਪਰ ਇਹ ਬੰਦਿਆ ਦੀ ਬਣੀਆ ਸਾਹਿਤ ਸਭਾਵਾਂ ਹੁੰਦੀਆਂ ਹਨ ਸੋ ਇਸ ‘ਚ ਹਮੇਸ਼ਾ ਇਸ ਤਰ੍ਹਾਂ ਰਹੇਗਾ।ਇਸ ‘ਚ ਆਪਸੀ ਸਹਿਮਤੀ ਦੇ ਫਰਕ ਹੋਣਗੇ,ਇਸ ਵਿੱਚ ਰਾਏ ਦਾ ਫਰਕ ਰਹੇਗਾ।ਸੋ ਮਨੁੱਖੀ ਮਨ ਦੀਆਂ ਪ੍ਰਵਿਰਤੀਆਂ ‘ਚ ਅੰਹ,ਚੌਧਰਾਂ,ਰਾਏ,ਨਿਜੀ ਹਿੱਤ ਦਖਲ ਦਿੰਦੇ ਰਹਿੰਦੇ ਹਨ।ਨੋਬਲ ਪ੍ਰਾਈਜ਼ ਦੀਆਂ ਸੰਸਥਾਵਾਂ ਵੀ ਇਸ ਤੋਂ ਬੱਚ ਨਹੀਂ ਸਕੀਆ।ਉੱਥੇ ਵੀ ਕੋਈ ਮਤਭੇਦ,ਸਿਆਸੀ ਹਿੱਤ ਜਾਂ ਹੋਰ ਚੀਜ਼ਾਂ ਦੀ ਗੁੰਜਾਇਸ਼ ਰਹੀ ਹੈ।
ਤੁਸੀ ਫ਼ਿਲਮ ‘ਸ਼ਹੀਦ ਉੱਧਮ ਸਿੰਘ’ ਨੂੰ ਲਿਖਿਆ,ਦੀਪਾ ਮਹਿਤਾ ਦੀ ਫ਼ਿਲਮ ‘ਵਿਦੇਸ਼-ਹੈਵਨ ਆਨ ਅਰਥ’ ਲਈ ਵੀ ਅਸਿੱਧੇ ਤੌਰ ‘ਤੇ ਪੰਜਾਬੀ ਸੰਵਾਦ ਲਿਖੇ (ਇਸ ਫ਼ਿਲਮ ਦਾ ਅਹਿਮ ਹਿੱਸਾ ਨੀਲਮ ਮਾਨ ਸਿੰਘ ਚੌਧਰੀ ਵੱਲੋਂ ਖੇਡੇ ਗਏ ਪੰਜਾਬੀ ਨਾਟਕ ‘ਨਾਗਮੰਡਲ’ ਤੋਂ ਪ੍ਰੇਰਿਤ ਹੈ ਜੋ ਅਸਲ ‘ਚ ਗਰੀਸ਼ ਕਰਨਾਡ ਦਾ ਲਿਖਿਆ ਨਾਟਕ ਹੈ) ਅਤੇ ਇਹਨਾਂ ਫ਼ਿਲਮਾਂ ਨੂੰ ਆਲੋਚਕਾਂ ਤੇ ਲੋਕਾਂ ਨੇ ਖੂਬ ਸਰਾਹਿਆ।ਫਿਰ ਤੁਸੀ ਫ਼ਿਲਮ ਲੇਖਣ ਤੋਂ ਦੂਰ ਕਿਉਂ ਰਹੇ ਹੋ ?
ਸੁਰਜੀਤ ਪਾਤਰ: ਬਹੁਤ ਸਾਰੇ ਕਾਰਨ ਹਨ।ਜਿਵੇਂ ਕਿ ਫ਼ਿਲਮ ‘ਚ ਕੰਮ ਕਰਨਾ ਸਾਂਝਾ ਉੱਧਮ ਹੈ।ਜਿਵੇਂ ਕਿ ਫ਼ਿਲਮ ਸ਼ਹੀਦ ਉੱਧਮ ਸਿੰਘ ਨੂੰ ਮੈਂ ਕੁਝ ਹੋਰ ਤਰ੍ਹਾਂ ਲਿਖਿਆ ਸੀ ਪਰ ਉਸ ਦਾ ਸਿਨੇਮਾਈ ਤਰਜੁਮਾ ਨਿਰਦੇਸ਼ਕ ਲਈ ਕੁਝ ਹੋਰ ਤਰ੍ਹਾਂ ਵਿਉਂਤਿਆ ਗਿਆ।ਕਹਿਣ ਤੋਂ ਭਾਵ ਇਹ ਹੈ ਕਿ ਅਜਿਹੇ ਲੇਖਣ ‘ਚ ਲੇਖਕ ਦੀ ਬਹੁਤ ਹੱਦਬੰਦੀ ਹੈ ਕਿਉਂ ਕਿ ਫ਼ਿਲਮ ਬਹੁਤ ਸਾਰੀ ਗਤੀਵਿਧੀਆਂ ਚੋਂ ਗੁਜ਼ਰਦੀ ਹੈ।ਜਿੱਥੋਂ ਤੱਕ ਦੀਪਾ ਮਹਿਤਾ ਦੀ ਫ਼ਿਲਮ ‘ਹੈਵਨ ਆਨ ਅਰਥ’ ਦਾ ਸਵਾਲ ਹੈ ਤਾਂ ਉਸ ‘ਚ ਮੇਰਾ ਕੋਈ ਬਹੁਤਾ ਯੋਗਦਾਨ ਨਹੀਂ।ਇਸ ਫ਼ਿਲਮ ਦੀ ਅਸਲ ਕਮਾਨ ਤਾਂ ਦੀਪਾ ਮਹਿਤਾ ਦੇ ਹੱਥ ਹੀ ਸੀ।ਇਸ ਫ਼ਿਲਮ ਦਾ ਅਹਿਮ ਹਿੱਸਾ ਜੋ ਨਾਗਮੰਡਲ ਤੋਂ ਪ੍ਰੇਰਿਤ ਸੀ ਉਸ ਨਾਟਕ ਦੇ ਪੰਜਾਬੀ ਸੰਵਾਦ ਉਹਨਾਂ ਜਿਉਂ ਦੇ ਤਿਉਂ ਲਏ ਸਨ।ਜਿਵੇਂ ਕਿ ਫ਼ਿਲਮ ਵਿਚਲੀ ਕਵਿਤਾ,“ਇੱਕ ਕੁੜੀ ਘੜੇ ਨੂੰ ਪੁੱਛਦੀ ਵੇ ਕਿੱਥੇ ਚਲਿਆ ਤੂੰ,ਸੱਤ ਸਮੁੰਦਰ ਪਾਰ ਨੀ ਕੁੜੀਏ ਅੱਠਵੀ ਧਰਤੀ ਨੂੰ।” ਇਸ ਤੋਂ ਦੂਰ ਰਹਿਣ ਦੇ ਇਹਨਾਂ ਕਾਰਨਾਂ ਤੋਂ ਇਲਾਵਾ ਇਹ ਹੈ ਕਿ ਮੇਰੇ ਤੋਂ ਲੁਧਿਆਣਾ ਨਹੀਂ ਛੱਡਿਆ ਗਿਆ ਭਾਵ ਪੰਜਾਬ ਨਹੀਂ ਛੱਡਿਆ ਗਿਆ ਤੇ ਇਸ ਲਈ ਕਈ ਵਾਰ ਜ਼ਰੂਰੀ ਹੁੰਦਾ ਹੈ ਕਿ ਆਸਰਾ ਮੁੰਬਈ ‘ਚ ਪਾਇਆ ਜਾਵੇ।
ਤੁਹਾਡੀ ਪੀ.ਐੱਚ.ਡੀ ਦਾ ਵਿਸ਼ਾ ਸੀ “ਟਰਾਂਸਫੋਰਮੇਸ਼ਨ ਆਫ ਫੋਕ ਲੋਰ ਇਨ ਗੁਰੁ ਨਾਨਕ ਬਾਣੀ”,ਇਸ ਸਦੰਰਭ ‘ਚ ਇਹ ਸਵਾਲ ਹੈ ਕਿ ਪੰਜਾਬ ਤੇ ਪੰਜਾਬੀ ਜ਼ਿੰਦਗੀ ‘ਚ ਗੁਰੁ ਨਾਨਕ ਬਾਣੀ ਅਜੌਕੇ ਆਧੁਨਿਕ ਹਲਾਤਾਂ ਵਿੱਚ ਕਿੰਨਾ ਕੁ ਜਵਾਬ ਦੇ ਰਹੀ ਹੈ ਜਦੋਂ ਕਿ ਸਾਡੀ ਫੋਕ ਲੋਰ ਵੀ ਸੰਘਰਸ਼ ਕਰਦੀ ਨਜ਼ਰ ਆ ਰਹੀ ਹੈ ?
ਸੁਰਜੀਤ ਪਾਤਰ: ਗੁਰੂ ਨਾਨਕ ਬਾਣੀ ਬਾਰੇ ਮੈਂ ਸੋਚਦਾ ਹਾਂ ਕਿ ਗੂਰੂ ਨਾਨਕ ਬਾਣੀ ਅਧਿਆਤਮਕ ਲੋਕਾਂ ਲਈ ਕੁਝ ਹੋਰ ਅਰਥ ਰੱਖਦੀ ਹੋ ਸਕਦੀ ਹੈ,ਇਹ ਸਾਹਿਤਕਾਰਾਂ ਲਈ ਕੁਝ ਹੋਰ ਅਰਥ ਰੱਖਦੀ ਹੈ।ਇੱਕ ਕਵੀ ਹੋਣ ਦੇ ਨਾਤੇ ਜਾਂ ਇੱਕ ਸਮਾਜ ਅਤੇ ਸ਼੍ਰਿਸ਼ਟੀ ਬਾਰੇ ਨਜ਼ਰੀਆ ਰੱਖਦੇ ਹੋਏ ਇਸ ਬਾਣੀ ਦਾ ਅਧਿਐਨ ਕਰਦੇ ਹੋਏ ਮੈਂ ਇਸ ਨੂੰ ਅਜੋਕੇ ਸੰਦਰਭ ‘ਚ ਬਹੁਤ ਗੰਭੀਰਤਾ ਨਾਲ ਸਮਝਦਾ ਹਾਂ।ਬੇਸ਼ੱਕ ਇਹ ਬਹੁਤ ਉੱਚ ਦਾਰਸ਼ਨਿਕ ਵਰਤਾਰੇ ‘ਚ ਹੈ।ਗੁਰੁ ਨਾਨਕ ਸਾਹਿਬ ਨੇ ਇਸ ਲਈ ਕੋਈ ਖਾਸ ਪ੍ਰਬੰਧ ਨਹੀਂ ਉਲੀਕਿਆ।ਗੁਰੁ ਨਾਨਕ ਬਾਣੀ ਦੇ ਸਦੰਰਭ ‘ਚ ਮੈਂ ਇੱਕ ਮਿਸਾਲ ਦਿੰਦਾ ਹਾਂ ਜਿਵੇਂ ਕਿ ਆਰਤੀ ਇੱਕ ਪ੍ਰੰਪਰਾਤਮਕ ਵਰਤਾਰਾ ਹੈ,ਜਿਹਨੂੰ ਅਸੀ ਅਨੁਸ਼ਠਾਨ ਕਹਿੰਦੇ ਹਾਂ ਜਿਹੜੀ ਮੰਦਰਾਂ ‘ਚ ਵਰਤੀ ਜਾਂਦੀ ਹੈ।ਗੁਰੁ ਨਾਨਕ ਸਾਹਿਬ ਨੇ ਇਹ ਨਹੀਂ ਕਿਹਾ ਕਿ ਤੁਸੀ ਆਰਤੀ ਨਾ ਕਰੋ,ਇੱਥੇ ਉਹਨਾਂ ਨੇ ਆਰਤੀ ਨੂੰ ਟਰਾਂਸਫੋਰਮ ਕੀਤਾ,ਕਿ “ਗਗਨ ਮੇਂ ਥਾਲ ਰਵਿ ਚੰਦ” ਆਰਤੀ ਹੋ ਰਹੀ ਹੈ ਜਿਹੜੀ ਬੜੇ ਵੱਡੇ ਪੱਧਰ ‘ਤੇ ਹੋ ਰਹੀ ਹੈ।
ਜਿਹੜੀ ਪੁਰਾਣੇ ਵਕਤ ਦੀ ਆਰਤੀ ਸੀ ਉਸ ‘ਚ ਜਾਤਕ ਰੂਪਕ ਸਨ ਜਿਵੇਂ ਕਿ ਰਾਜੇ ਕੋਲ ਸੋਨੇ ਦਾ ਥਾਲ ਹੋਵੇ,ਵਜ਼ੀਰ ਕੋਲ ਚਾਂਦੀ ਦਾ ਥਾਲ ਹੋਵੇ ਤੇ ਗਰੀਬ ਕੋਲ ਕੈਂਹੇ ਜਾਂ ਪਿੱਤਲ ਦਾ ਥਾਲ ਹੋਵੇ।ਇੱਥੇ ਗੁਰੁ ਨਾਨਕ ਸਾਹਿਬ ਨੇ ਜੋ ਆਰਤੀ ਦਾ ਟਰਾਂਸਫੋਰਮ ਕੀਤਾ ਤਾਂ ਇਹੋ ਕਿਹਾ ਕਿ ਹਾਂ ਆਰਤੀ ਹੋ ਰਹੀ ਹੈ ਪਰ ਉਹਨਾਂ ਇਸ ਤਰ੍ਹਾਂ ਸਾਰਿਆਂ ਦਾ ਸਾਝਾਂ ਥਾਲ ਬਣਾ ਦਿੱਤਾ।ਇਹ ਗੁਰੁ ਨਾਨਕ ਸਾਹਿਬ ਦੀ ਹੀ ਮਕਬੂਲੀਅਤ ਹੈ ਕਿ ਟੈਗੋਰ ਨੇ ਇਸ ਨੂੰ ਯੂਨੀਵਰਸਲ ਗੀਤ ਸੰਬੋਧਿਤ ਕੀਤਾ।ਸੋ ਇਸ ਗੱਲ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਕਿ ਤੁਸੀ ਕਿਸੇ ਨੂੰ ਬਿਨਾਂ ਖੰਡਨ ਤੋਂ ਕਿਸ ਤਰ੍ਹਾਂ ਲਾਗੂ ਕਰਦੇ ਹੋ।ਆਮ ਤੌਰ ‘ਤੇ ਇਹ ਕਿਹਾ ਜਾਂਦਾ ਹੈ ਕਿ ਜੇ ਤੁਸੀ ਕਿਸੇ ਕੌਮ ਤੋਂ ਉਸ ਦੀਆਂ ਰੀਤਾਂ ਜਾਂ ਅਨੁਸ਼ਠਾਨ ਖੋਹ ਲਵੋ ਤਾਂ ਅੰਦਰੋ ਉਹ ਸੁੰਨਾ ਜਾਂ ਖਾਲੀਪਨ ਮਹਿਸੂਸ ਕਰੇਗਾ।ਪਰ ਗੁਰੁ ਨਾਨਕ ਸਾਹਿਬ ਨੇ ਇਦਾਂ ਕੀਤਾ ਕਿ ਤੁਹਾਨੂੰ ਖਾਲੀਪਨ ਮਹਿਸੂਸ ਹੋਏ ਬਿਨਾਂ ਉਸ ਦਾ ਇੱਕ ਵੱਖਰਾ ਤੇ ਸੱਜਰਾ ਨਜ਼ਰੀਆ ਪੇਸ਼ ਕੀਤਾ।
ਜਿਵੇਂ ਕਿ ਇੱਕ ਹੋਰ ਸਦੰਰਭ ਹੈ ਕਿ ਧਰਤੀ ਬਲਦਾ ਦੇ ਸਿੰਗ੍ਹਾਂ ‘ਤੇ ਖੜੋਤੀ ਹੈ,ਉੱਥੇ ਵੀ ਉਹ ਕਹਿੰਦੇ ਹਨ ਕਿ “ਧੋਲ ਧਰਮ ਦਇਆ ਕਾ ਪੂਤ,ਸੰਤੋਖ ਥਾਪ ਰੱਖਿਆ ਜਿਨ ਸੂਤ” ਕਿ ਹਾਂ ਧਰਤੀ ਖੜ੍ਹੀ ਹੈ ਪਰ ਉਹ ਧੌਲ ਦਇਆ ਦਾ ਪੁੱਤਰ ਹੈ।ਭਾਵ ਕਿ ਸਾਡਾ ਸੰਸਾਰ ਦਇਆ ‘ਤੇ ਖੜੌਤਾ ਹੈ।ਜਿਹੜੀ ਸਾਡੀ ਇੱਕ ਦੂਜੇ ਪ੍ਰਤੀ ਦਇਆ ਹਮਦਰਦੀ ਹੈ ਉਹੀ ਸਾਡੀ ਮਨੁੱਖਤਾ ਦਾ ਅਧਾਰ ਹੈ।
“ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ” ਦੇ ਸਦੰਰਭ ‘ਚ ਵੀ ਉਹ ਕਹਿੰਦੇ ਹਨ ਕਿ ਮੁੱਸਲਮਾਨ ਸੂਅਰ ਵੀ ਖਾਂਦਾ ਹੈ ਤੇ ਹਿੰਦੂ ਗਾਂ ਵੀ ਖਾਂਦਾ ਹੈ ਜੇ ਉਹ ਕਿਸੇ ਦਾ ਹੱਕ ਖਾਂਦੇ ਹਨ।ਜਨੇਊ ਦੇ ਹਵਾਲੇ ਤੋਂ ਵੀ ਇਹੋ ਟਰਾਂਸਫੋਰਮ ਹੈ ਗੂਰੂ ਨਾਨਕ ਬਾਣੀ ਦਾ ਫੋਕ ਲੋਰ ‘ਚ ਜਦੋਂ ਉਹ ਪੰਡਿਤ ਨੂੰ ਜਨੇਊ ਲਈ ਨਾਂਹ ਨਹੀਂ ਕਹਿੰਦੇ ਉਹ ਪੰਿਡਤ ਨੂੰ ਇਹੋ ਕਹਿੰਦੇ ਕਿ ਲਿਆਓ ਜਨੇਊ ਪਰ ਉਸ ‘ਚ ਦਇਆ ਦਾ ਕਪਾਹ ਹੋਵੇ,ਸੰਤੋਖ ਦਾ ਸੂਤ ਹੋਵੇ ਜੋ ਨਾ ਜਲੇ ਨਾ ਗਲੇ ਨਾ ਮੈਲਾ ਹੋਵੇ।ਸੋ ਮੈਂ ਸਮਝਦਾ ਹਾਂ ਗੁਰੁ ਨਾਨਕ ਸਾਹਿਬ ਦੀ ਬਾਣੀ ਦੀ ਪ੍ਰਸੰਗਕਿਤਾ ਇਸ ਵਿੱਚ ਹੈ ਕਿ ਉਹਨਾਂ ਨੇ ਰੀਤੀ ਮਰਿਆਦਾ ਦੀ ਥਾਂ ਕਦਰਾਂ ਕੀਮਤਾਂ ਨੂੰ ਆਪਣਾ ਅਧਾਰ ਬਣਾਇਆ।ਜਿਵੇਂ ਉਹ ਕਹਿੰਦੇ ਹਨ ਕਿ “ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵੀਸਰੈ”।“ਬਾਬਰਵਾਣੀ ਫਿਰ ਗਈ” ਦੇ “ਏਤਿ ਮਾਰ ਪਈ ਕੁਰਲਾਨੇ ਤੈਂ ਕੀ ਦਰਦ ਨਾ ਆਇਆ” ਰਾਂਹੀ ਬਾਬਰ ਦੇ ਜ਼ੁਲਮਾਂ ਨੂੰ ਫਟਕਾਰ ਮਾਰਦੇ ਹਨ। ਸੋ ਅਜੌਕੇ ਹਲਾਤਾਂ ‘ਚ ਵੀ ਕਦਰਾਂ ਕੀਮਤਾਂ ਦੀ ਵਿਆਖਿਆ ਬਹੁਤ ਜ਼ਰੂਰੀ ਹੈ ਉਹ ਵੀ ਬਿਨਾਂ ਕਿਸੇ ਨੂੰ ਗਲਤ ਕਿਹਾ ਉਸਦੇ ਦੇ ਮਨ ਨੂੰ ਬਦਲਣ ਦਾ ਇਹ ਤਰੀਕਾਂ ਵੀ ਕੁੜਤਨਾਂ ਨੂੰ ਘਟਾ ਕਿ ਸੁਹਾਵਣੀ ਦੁਨੀਆ ਸਥਾਪਤ ਕਰਨ ਵਾਲਾ ਢੰਗ ਹੈ।
ਲੁਧਿਆਣਾ ਸ਼ਹਿਰ ਦੀ ਗੱਲ ਤੁਰਦੀ ਹੈ ਤਾਂ ਸਤਿਲੁਜ ਦੇ ਗੰਦੇ ਪਾਣੀਆਂ ਦਾ ਜ਼ਿਕਰ ਛਿੜਦਾ ਹੈ,ਪਰਵਾਸੀ ਬੰਦਿਆ ਦੀ ਭੀੜ ਤੇ ਸਨਅਤੀਕਰਨ ਦੀ ਗੱਲ ਹੁੰਦੀ ਹੈ,ਯਕਦਮ ਆਈ ਅਮੀਰੀ ਤੇ ਅਪਰਾਧ ਦੀਆਂ ਗੱਲਾਂ ਤੋਂ ਲੈਕੇ ਖੇਤੀਬਾੜੀ ਯੂਨੀਵਰਸਿਟੀ ਦੇ ਤੁਜਰਬਿਆਂ ਦੀ ਗੱਲ ਚਲਦੀ ਹੈ।ਸਾਹਿਰ ਲੁਧਿਆਣਵੀ ਦਾ ਸ਼ਹਿਰ ਕਹਿੰਦੇ ਹਨ ਇਸਨੂੰ,ਤੁਹਾਡੀ ਕਲਮ ਦਾ ਨਿਵਾਸ ਸਥਾਨ ਵੀ ਕਹਿੰਦੇ ਹਨ,ਤੁਹਾਡੇ ਨਜ਼ਰੀਏ ‘ਚ ਲੁਧਿਆਣਾ ਦੀ ਨਿਸ਼ਾਨਦੇਹੀ ਕੀ ਹੈ ?
ਸੁਰਜੀਤ ਪਾਤਰ: ਇਸ ਤੋਂ ਪਹਿਲਾਂ ਮੈਂ ਇਹ ਵੀ ਕਹਿਣਾ ਚਾਹਵਾਂਗਾ ਕਿ ਕਪਰੂਥਲਾ ਤੋਂ ਮੈਂ ਬੀ.ਏ ਕੀਤੀ ਤੇ ਪਟਿਆਲਾ ਤੋਂ ਐੱਮ.ਏ ਕੀਤੀ ਇਹ ਸ਼ਹਿਰ ਬਹੁਤ ਸ਼ਾਂਤ ਤੇ ਸੁਹਾਵਣੇ ਸ਼ਹਿਰ ਸਨ।ਪਟਿਆਲਾ ਬਾਰੇ ਮੈਂ ਕਵਿਤਾ ਵੀ ਲਿਖੀ ਸੀ ਕਿ ਇੱਥੇ ਸੂਰਜ ਕਾਲੇ ਚਸ਼ਮੇ ਪਹਿਣਕੇ ਆਉਂਦਾ ਹੈ ਤੇ ਚੰਨ ਮੁੰਦਰਾ ਪਾਕੇ ਆਉਂਦਾ ਹੈ ਤੇ ਇੱਥੇ ਹੀ ਮੈਂ ‘ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖੈਰ ਹੈ’ ਲਿਖੀ।ਇਹਨਾਂ ਦਾ ਜ਼ਿਕਰ ਮੈਂ ਆਪਣੀ ਕਿਤਾਬ ‘ਸੂਰਜ ਮੰਦਰ ਦੀਆਂ ਪੌੜੀਆ’ ‘ਚ ਵੀ ਕੀਤਾ ਹੈ।ਇਹਨਾਂ ਸ਼ਹਿਰਾਂ ਨਾਲ ਮੇਰੀ ਬਹੁਤ ਨਿੱਘੀ ਸਾਂਝ ਰਹੀ ਹੈ ਪਰ ਲੁਧਿਆਣਾ ਮੇਰੇ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਰਕੇ ਖੂਬਸੂਰਤ ਹੋ ਗਿਆ।ਇੱਥੇ ਮੈਨੂੰ ਪ੍ਰੋ: ਮੋਹਨ ਸਿੰਘ ਲੈਕੇ ਆਏ ਸਨ।ਉਹਨਾਂ ਸਮਿਆਂ ‘ਚ ਮਹਿੰਦਰ ਸਿੰਘ ਰੰਧਾਵਾ ਉੱਪ ਕੁਲਪਤੀ ਸਨ।ਮੈਨੂੰ ਅੱਜ ਵੀ ਯਾਦ ਹੈ ਜਦੋਂ ਮੈਂ ਲੁਧਿਆਣੇ ਆਇਆ ਸਾਂ ਤਾਂ ਮੀਂਹ ਪੈ ਕੇ ਹੱਟਿਆ ਸੀ ਤੇ ਮੈਂ ਪੱਥਰ ‘ਤੇ ਉੱਕਰੀ ਹੋਈ ਕਵਿਤਾ ਵੇਖੀ “ਧਰਤੀ ਲਾਟ ਕਰੇਂਦੀਏ ਤੇਰਾ ਮੱਥਾ ਨੂਰੋ ਨੂਰ” ਜੋ ਮੈਨੂੰ ਬਹੁਤ ਵਧੀਆ ਲੱਗਾ।ਇੱਥੋਂ ਦੀ ਯੂਨੀਵਰਸਿਟੀ ਦੂਜੀਆਂ ਯੂਨੀਵਰਸਿਟੀਆਂ ਦੇ ਮੁਕਾਬਲੇ ਲੋਕਾਂ ਦੇ ਵਧੇਰੇ ਨੇੜੇ ਸੀ ਜਿਸ ਕਰਕੇ ਪਿੰਡਾਂ ਦੀ ਝਾਕੀ ਵੇਖਣ ਨੂੰ ਮਿਲਦੀ ਰਹਿੰਦੀ ਸੀ।ਇੱਥੇ ਹੀ ਮੇਰੀ ਸਾਂਝ ਕੁਲਵੰਤ ਸਿੰਘ ਵਿਰਕ,ਸੰਤ ਸਿੰਘ ਸੇਖੋਂ,ਗੁਲਜ਼ਾਰ ਸਿੰਘ ਸੰਧੂ,ਡਾ. ਸਾਧੂ ਸਿੰਘ,ਅਮਰਜੀਤ ਗਰੇਵਾਲ,ਸੁਖਚੈਨ ਮਿਸਤਰੀ ਨਾਲ ਪਈ।
ਇੱਥੇ ਹੀ ਸਾਡਾ ਇੱਕ ਸੁਫ਼ਨਾ ਪੁੰਘਰਿਆ ਸੀ ਕਿ ਜਿਵੇਂ ਪੰਜਾਬ ਨੇ ਆਪਣੇ ਸਾਂਝੇ ਸੱਭਿਆਚਾਰ ਦਾ ਸ਼ਹਿਰ ਲਾਹੌਰ ਗਵਾ ਲਿਆ ਸੀ ਅਸੀ ਲਾਹੌਰ ਵਰਗਾ ਹੀ ਕੋਈ ਸ਼ਹਿਰ ਬਣਾਈਏ।ਜਿੱਥੇ ਠੀਕ ਉਸੇ ਤਰ੍ਹਾਂ ਦੀ ਸੱਭਿਆਚਾਰ ਜ਼ਿੰਦਗੀ ਹੋਵੇ,ਇੱਥੇ ਨਾਟਕ ਮੰਚਨ ਹੋਵੇ,ਫ਼ਿਲਮਾਂ ਬਣਨ ਪਰ ਅਜਿਹਾ ਸਾਰਾ ਕੁਝ ਸੰਭਵ ਨਹੀਂ ਹੋਇਆ।ਪਰ ਲੁਧਿਆਣਾ ਨਾਲ ਮੇਰਾ ਹੁਣ ਅਟੁੱਟ ਰਿਸ਼ਤਾ ਬਣ ਗਿਆ ਹੈ। ਲੁਧਿਆਣਾ ਸ਼ਹਿਰ ਕਲਾ ਤੇ ਆਮ ਜ਼ਿੰਦਗੀ ਲਈ ਆਪਣੇ ਆਪ ਦੀ ਸੋਹਣੀ ਵਿਉਂਤਬੰਦੀ ਨਹੀਂ ਕਰ ਸਕਿਆ।ਇੱਥੇ ਅਜੇ ਵੀ ਕਈ ਘਾਟਾ ਮਹਿਸੂਸ ਹੁੰਦੀ ਹਨ।ਜਿਵੇਂ ਕਿ ਇੱਥੇ ਜਨਤਕ ਰੁਝੇਵੇਂ ਲਈ ਕੋਈ ਸਾਂਝਾ ਆਡੀਟੋਰੀਅਮ ਨਹੀਂ ਹੈ।ਇੱਥੇ ਪੰਜਾਬੀ ਜ਼ਿੰਦਗੀ ਗਵਾਚੀ ਜਿਹੀ ਮਹਿਸੂਸ ਹੁੰਦੀ ਹੈ।ਲੁਧਿਆਣਾ ਸ਼ਹਿਰ ਇੰਨਾ ਜ਼ਿਆਦਾ ਫੈਲਿਆ ਹੋਇਆ ਹੈ ਕਿ ਇਸ ਦੇ ਫੈਲਾਅ ‘ਚ ਸੁਚੱਜਾ ਨਮੂਨਾ ਨਹੀਂ ਰੱਖਿਆ ਗਿਆ।
ਬਾਤ ਨਿਕਲੀ ਹੈ ਤੋ ਦੂਰ ਤਲਕ ਜਾਏਗੀ,ਕਹਿੰਦੇ ਹਨ ਕਿ ਸਾਹਿਤ ਦੇ ਖੇਤਰ ‘ਚ ਸੁਰਜੀਤ ਪਾਤਰ ਹੁਣ ਬੀਤਿਆ ਸਮਾਂ ਹੋ ਚੁੱਕਾ ਹੈ। ਇਸ ਚਰਚਾ ਨੂੰ ਤੁਸੀ ਕਿਸ ਤਰ੍ਹਾਂ ਲੈਂਦੇ ਹੋ ?
ਸੁਰਜੀਤ ਪਾਤਰ : ਮੈਂ ਤਾਂ ਇਹਦੇ ਬਾਰੇ ਇਹ ਅਕਸਰ ਕਹਿੰਦਾ ਹਾਂ ਕਿ ਜਿਹੜੀ ਕਵਿਤਾ ਮੈਂ ਲਿਖ ਦਿੱਤੀ ਤਾਂ ਉਹ ਜਨਤਕ ਚੀਜ਼ ਹੋ ਗਈ ਹੈ ਤੇ ਉਸ ਬਾਰੇ ਹਰ ਕਿਸੇ ਨੂੰ ਕਹਿਣ ਦਾ ਅਧਿਕਾਰ ਹੋ ਜਾਂਦਾ ਹੈ।ਮੈਨੂੰ ਕਵਿਤਾ ਬਾਰੇ ਬਹੁਤ ਕੁਝ ਚੰਗਾ ਵੀ ਸੁਨਣ ਨੂੰ ਮਿਲਦਾ ਹੈ ਤੇ ਬਹੁਤ ਸਾਰਾ ਕੁਝ ਨਾਂ ਪੱਖੀ ਸੁਨਣ ਨੂੰ ਵੀ ਮਿਲਦਾ ਹੈ ਤੇ ਮੈਂ ਦੋਵਾਂ ਦਾ ਮੁਕਾਬਲਾ ਕਰਦਾ ਹਾਂ।ਇਹ ਸ਼ੁਰੂ ਤੋਂ ਹੀ ਹੈ ਜਿਵੇਂ ਕਿ ਇਹ ਮੇਰੇ ਲਈ ਮਸਲਨ ਇੱਕ ਖੇਡ ਦੀ ਤਰ੍ਹਾਂ ਹੈ ਜਿਸ ‘ਚ ਉਤਾਰ ਚੜ੍ਹਾਅ ਹਨ।ਕਵਿਤਾ ਨੂੰ ਮੈਂ ਕੋਈ ਖ਼ਬਰ ਨਹੀਂ ਸਮਝਦਾ ਜੋ ਕਿ ਪੁਰਾਣੀ ਹੋ ਜਾਂਦੀ ਹੈ ਇਹ ਕਿਸੇ ਨਾ ਕਿਸੇ ਰੂਪ ‘ਚ ਮੁੜ ਸਾਡੇ ਸਾਹਮਣੇ ਨਵੇਕਲੇ ਅੰਦਾਜ਼ ‘ਚ ਪੇਸ਼ ਹੁੰਦੀ ਹੈ।ਮੇਰਾ ਖ਼ਿਆਲ ਹੈ ਕਿ ਕਵੀ ਕਈ ਵਾਰ ਜਿਊਂਦਾ ਹੈ ਤੇ ਕਈ ਵਾਰ ਮਰਦਾ ਹੈ।ਸੋ ਕਵੀ ਨੂੰ ਅਜਿਹੀ ਹਜ਼ਾਰਾਂ ਜ਼ਿੰਦਗੀਆਂ ਤੇ ਮੌਤਾਂ ਲਈ ਤਿਆਰ ਰਹਿਣਾ ਚਾਹੀਦਾ ਹੈ।ਮੈਨੂੰ ਖੁਸ਼ੀ ਹੁੰਦੀ ਹੈ ਕਿ ਮੈਂ ਕੁਝ ਨਵਾਂ ਰਚਾ ਤੇ ਯਕੀਨ ਮੰਨਣਾ ਮੈਂ ਅੱਜ ਵੀ ਆਪਣੇ ਆਪ ਨੂੰ ਰਚਨਾ ਨਾਲ ਭਰਿਆ ਮਹਿਸੂਸ ਕਰਦਾ ਹਾਂ।ਪਿਛਲੇ ਦਿਨੀ ਜੋ ਮੈਂ ਭਾਸ਼ਾ ਬਾਰੇ ਕਵਿਤਾਵਾਂ ਲਿਖੀਆਂ, ‘ਮਰ ਰਹੀ ਮੇਰੀ ਭਾਸ਼ਾ ਜਾਂ ਸ਼ਬਦਕੋਸ਼ ਦੇ ਬੂਹੇ ‘ਤੇ ਜਾਂ ਲੋਕ ਜੋ ਆਖਦੇ ਨੇ’ ਜੋ ਅਜਿਹੀ ਕਵਿਤਾਵਾਂ ਨੇ ਜੋ ਆਪਣੇ ਕੰਮ ਪੱਖੋਂ ਬਹੁਤ ਵੱਖਰੀਆਂ ਤੇ ਰਚਨਾਤਮਕ ਲੱਗਦੀਆਂ ਹਨ।
ਮੈਂ ਇੱਕ ਕਵਿਤਾ ਲਿਖੀ ‘ਸ਼ੀਸ਼ੇ ਤੇ ਚਿਹਰੇ’ ਇਸ ਵਿੱਚ ਮੈਂ ਸ਼ੀਸ਼ੇ ਆਲੋਚਕਾਂ ਨੂੰ ਤੇ ਚਿਹਰੇ ਕਵੀਆਂ ਨੂੰ ਕਿਹਾ।ਇੱਕ ਹਵਾਲਾ ਹੈ ਕਿ ਜਦੋਂ ‘ਕੀਟਸ’ ਦੀ ਮੌਤ ਹੋਈ ਤਾਂ ‘ਸ਼ੈਲੇ’ ਨੇ ਲਿਖਿਆ ਹੈ ਕਿ ਕੀਟਸ ਦੀ ਮੌਤ ਬਿਮਾਰੀ ਕਾਰਨ ਨਹੀਂ ਹੋਈ,ਉਹਨਾਂ ਨੂੰ ਇੱਕ ਤ੍ਰੈਮਾਸਿਕ ਰਸਾਲੇ ਦੇ ਸੰਪਾਦਕ ਦੀ ਟਿੱਪਣੀ ਨੇ ਮਾਰਿਆ ਹੈ।ਉਸ ਸੰਪਾਦਕ ਨੇ ਹਰ ਵਾਰ ਕੀਟਸ ਬਾਰੇ ਬਹੁਤ ਮਾੜਾ ਲਿਖਿਆ ਸੀ।ਪਰ ਬਾਅਦ ਵਿੱਚ ‘ਬਾਇਰਨ’ ਨੇ ਇੱਕ ਜਗ੍ਹਾ ਲਿਖਿਆ ਸੀ ਕਿ ਬੜਾ ਦੁੱਖ ਹੁੰਦਾ ਹੈ ਕਿ ਜਿਹੜੀ ‘ਕੀਟਸ’ ਵਰਗੀ ਆਤਮਾ ਹੈ ਉਹ ਕਿਸੇ ਆਲੋਚਕ ਦੀ ਚਾਰ ਗੱਲਾਂ ਨਾਲ ਨਹੀਂ ਮਰ ਸਕਦਾ।ਕਿਉਂ ਕਿ ਉਹ ਇੱਕ ਆਤਿਸ਼ ਅੱਗ ਹੈ ਸੋ ਕਵੀਆਂ ਨੂੰ ਅਜਿਹੀਆਂ ਛੋਟੀਆਂ ਮੋਟੀਆਂ ਗੱਲਾਂ ਲਈ ਤਿਆਰ ਰਹਿਣਾ ਚਾਹੀਦਾ ਹੈ।ਕਿਉਂ ਕਿ ਕਵਿਤਾ ਕੋਈ ਵਿਗਿਆਨ ਜਾਂ ਕਿਸੇ ਖੇਡ ਦੀ ਛਾਲ ਨਹੀਂ ਜਿਸ ਨੂੰ ਤੁਸੀ ਮਿਣ ਲਓਗੇ ਕਿ ਇਹ ਕਿੰਨੀ ਲੰਮੀ ਹੈ।ਕਵਿਤਾ ਦਾ ਜੋ ਹੁੰਗਾਰਾ ਹੁੰਦਾ ਹੈ ਉਹ ਬਹੁਤ ਥਾਵਾਂ ‘ਤੇ ਵੱਖਰਾ ਵੱਖਰਾ ਹੁੰਦਾ ਹੈ ਤੇ ਇਸ ਦਾ ਅਸਰ ਹਰ ਸਦੀ ‘ਚ ਵੀ ਵੱਖਰਾ ਹੁੰਦਾ ਹੈ।ਕਵਿਤਾ ਦੀ ਜਨਮ ਤਾਰੀਖ਼ ਤਾਂ ਹੋ ਸਕਦੀ ਹੈ ਪਰ ਮਰਨ ਤਾਰੀਖ਼ ਨਹੀਂ ਹੋ ਸਕਦੀ।