ਚੰਡੀਗੜ੍ਹ 15 ਜੂਨ 2022: ਸੰਗਰੂਰ ਲੋਕ ਸਭਾ ਜ਼ਿਮਨੀ ਚੋਣਾਂ ਨੂੰ ਲੈ ਕੇ ਚੋਣ ਮੈਦਾਨ ਭਖਿਆ ਹੋਇਆ ਹੈ | ਵੱਖ ਵੱਖ ਸਿਆਸੀ ਪਾਰਟੀਆਂ ਵਲੋਂ ਆਪਣੇ ਉਮੀਦਵਾਰ ਦੇ ਹੱਕ ‘ਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ | ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਵੱਡੇ ਵੱਡੇ ਬਿਆਨਾਂ ਨਾਲ ਪੰਜਾਬੀਆਂ ਨੁੰ ਗੁੰਮਰਾਹ ਨਾ ਕਰਨ ਕਿ ਸਰਕਾਰ ਪਿੰਡਾਂ ਤੋਂ ਚੱਲੇਗੀ ਜਦੋਂ ਕਿ ਦਿਹਾਤੀ ਖੇਤਰਾਂ ਨੂੰ ਆਮ ਆਦਮੀ ਪਾਰਟੀ ਸਰਕਾਰ ਨੇ ਸਭ ਤੋਂ ਵੱਧ ਅਣਡਿੱਠ ਕੀਤਾ ਹੈ ਤੇ ਆਮ ਆਦਮੀ ਦੀ ਸੁਰੱਖਿਆ ਦੇ ਨਾਂ ’ਤੇ ਅਸਲ ਵਿਚ ਕੱਖ ਨਹੀਂ ਹੈ।
ਅੱਜ ਸੰਗਰੂਰ ਹਲਕੇ ਦੀ ਜ਼ਿਮਨੀ ਚੋਣ ਵਿਚ ਪੰਥਕ ਧਿਰਾਂ ਤੇ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਬੀਬਾ ਕਮਲਦੀਪ ਕੌਰ ਰਾਜੋਆਣਾ ਦੇ ਹੱਕ ਵਿਚ ਭਦੌੜ ਹਲਕੇ ਵਿਚ ਚੋਣ ਪ੍ਰਚਾਰ ਦੌਰਾਨ ਉਹਨਾਂ ਨੇ ਮੁੱਖ ਮੰਤਰੀ ਦੇ ਬਿਆਨ ਨੁੰ ਸ਼ਗੁਫਾ ਕਰਾਰ ਦਿੱਤਾ ਅਤੇ ਕਿਹਾ ਕਿ ਸਰਕਾਰ ਪਿੰਡਾਂ ਤੋਂ ਚਲਾਏ ਜਾਣ ਦੀ ਤਾਂ ਗੱਲ ਹੀ ਛੱਡੋ ਸਰਕਾਰ ਤਾਂ ਚੰਡੀਗੜ੍ਹ ਤੋਂ ਵੀ ਨਹੀਂ ਚਲ ਰਹੀ। ਸਰਕਾਰ ਦੀ ਵਾਗਡੋਰ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਹੱਥ ਵਿਚ ਹੈ ਜੋ ਪੰਜਾਬ ਮਾਮਲਿਆਂ ਵਿਚ ਸਾਰੇ ਫੈਸਲਾ ਲੈ ਰਹੇ ਹਨ। ਉਹਨਾਂ ਕਿਹਾ ਕਿ ਜ਼ਮੀਨੀ ਪੱਧਰ ’ਤੇ ਕੱਖ ਵੀ ਨਹੀਂ ਕੀਤਾ ਜਾ ਰਿਹਾ ਤੇ ਹਰ ਰੋਜ਼ ਪ੍ਰਾਪਤੀਆਂ ਦੇ ਵੱਡੇ ਵੱਡੇ ਇਸ਼ਤਿਹਾਰ ਜਾਰੀ ਕੀਤੇ ਜਾ ਰਹੇ ਹਨ।
ਪੰਜਾਬ ਦੀ ਕਾਨੁੰਨ ਵਿਵਸਥਾ ‘ਤੇ ਚੁੱਕੇ ਸਵਾਲ
ਉਹਨਾਂ ਕਿਹਾ ਕਿ ਤੁਸੀਂ ਆਪ ਵੇਖਿਆ ਹੈ ਕਿ ਅਮਨ ਕਾਨੁੰਨ ਵਿਵਸਥਾ ਦਾ ਕੀ ਹਾਲ ਹੈ ਤੇ ਇਹ ਕਿੰਨੀ ਵਿਗੜ ਗਈ ਹੈ ਤੇ ਸੂਬੇ ਵਿਚ ਪਹਿਲੀ ਵਾਰ ਧਾਰਮਿਕ ਝੜਪਾਂ ਵੀ ਹੋਈਆਂ ਹਨ ਤੇ ਵਿਕਾਸ ਕਾਰਜ ਠੱਪ ਹੋ ਗਏ ਹਨ। ਉਹਨਾਂ ਕਿਹਾ ਕਿ ਦਿਹਾਤੀ ਇਲਾਕਿਆਂ ਨੂੰ ਸਭ ਤੋਂ ਵੱਧ ਮਾਰ ਪਈ ਹੈ ਕਿਉਂਕਿ ਸਾਰੇ ਵਿਕਾਸ ਕਾਰਜ ਠੱਪ ਕਰ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਪਹਿਲੇ ਤਿੰਨ ਮਹੀਨਿਆਂ ਵਿਚ 9 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਹੈ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬੀ ਅਸਲੀਅਤ ਤੋਂ ਜਾਣੂ ਹਨ ਤੇ ਉਹਨਾਂ ਮਹਿਸੂਸ ਕਰ ਲਿਆ ਹੈ ਕਿ ਸ੍ਰੀ ਭਗਵੰਤ ਮਾਨ ਡੰਮੀ ਮੁੱਖ ਮੰਤਰੀ ਹੈ, ਜੋ ਉਹਨਾਂ ਲਈ ਕੱਖ ਨਹੀਂ ਕਰ ਸਕਦਾ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਉਹ ਆਮ ਆਦਮੀ ਪਾਰਟੀ ਖਿਲਾਫ ਪ੍ਰਦਰਸ਼ਨ ਕਰ ਰਹੇ ਨ ਤੇ ਧੂਰੀ ਵਿਚ ਇਸਦਾ ਦਫਤਰ ਖੋਲ੍ਹਣ ਤੋਂ ਵੀ ਰੋਕ ਦਿੱਤਾ। ਉਹਨਾਂ ਕਿਹਾ ਕ ਮੁੱਖ ਮੰਤਰੀ ਨੇ ਵੀ ਇਹ ਮਹਿਸੂਸ ਕਰ ਲਿਆ ਹੈ ਕਿ ਲੋਕ ਉਹਨਾਂ ਦੇ ਖਿਲਾਫ ਹੋ ਗਏ ਹਨ ਤੇ ਇਹੀ ਕਾਰਨ ਹੈ ਕਿ ਉਹਨਾਂ ਨੇ ਆਪਣੇ ਹਲਕੇ ਦਾ ਧੰਨਵਾਦੀ ਦੌਰਾ ਨਹੀਂ ਕੀਤਾ।
ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ
ਲੋਕਾਂ ਨੂੰ ਸਾਂਝੇ ਪੰਥਕ ਤੇ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਬੀਬਾ ਰਾਜੋਆਣਾ ਦੀ ਹਮਾਇਤ ਕਰਨ ਦੀ ਅਪੀਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਪਹਿਲਾਂ ਪੰਜਾਬੀਟਾ ਨੇ ਆਮ ਆਦਮੀ ਪਾਰਟੀ ਨੁੰ ਇਕ ਮੌਕਾ ਦਿੱਤਾ ਸੀ ਜਦੋਂ ਉਹਨਾਂ ਸੂਬੇ ਦਾ ਰਾਜ ਚਲਾਉਣ ਲਈ ਇਕ ਮੌਕਾ ਮੰਗਿਆ ਸੀ। ਉਹਨਾਂ ਕਿਹਾ ਕਿ ਹੁਣ ਅਸੀਂ ਤੁਹਾਨੁੰ ਅਪੀਲ ਕਰ ਰਹੇ ਹਾਂ ਕਿ ਬੰਦੀ ਸਿੰਘ ਜੋ ਦਹਾਕਿਆਂ ਤੋਂ ਜੇਲ੍ਹਾਂ ਵਿਚ ਬੰਦ ਦੀ ਰਿਹਾਈ ਵਾਸਤੇ ਬੀਬਾ ਰਾਜੋਆਣੀ ਨੁੰ ਇਕ ਮੌਕਾ ਦਿੱਤਾ ਜਾਵੇ। ਉਹਨਾਂ ਕਿਹਾ ਕਿ ਸੰਗਰੂਰ ਜ਼ਿਮਨੀ ਚੋਣ ਨਾਲ ਸੂਬੇ ਦੀ ਰਾਜਨੀਤੀ ’ਤੇ ਕੋਈ ਫਰਕ ਨਹੀੀ ਪਵੇਗਾ ਪਰ ਇਸ ਨਾਲ ਬੰਦੀ ਸਿੰਘਾਂ ਨੂੰ ਉਹਨਾਂ ਦੇ ਪਰਿਵਾਰਾਂ ਨਾਲ ਮਿਲਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਬੰਦੀ ਸਿੰਘਾਂ ਨਾਲ ਵੀ ਹਮਦਰਦੀ ਕੀਤੀ ਜਾਣੀ ਚਾਹੀਦੀ ਹੈ।
ਬਲਵੰਤ ਸਿੰਘ ਰਾਜੋਆਣਾ ਰਿਹਾਈ ਦੀ ਅਪੀਲ
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ 28 ਸਾਲਾਂ ਤੋਂ ਜੇਲ੍ਹ ਵਿਚ ਬੰਦ ਹਨ ਤੇ ਸੁਪਰੀਮ ਕੋਰਟ ਵੱਲੋਂ ਸ਼੍ਰੋਮਣੀ ਕਮੇਟੀ ਵੱਲੋਂ 2012 ਵਿਚ ਦਾਇਰ ਰਹਿਮ ਦੀ ਅਪੀਲ ’ਤੇ ਕੇਂਦਰ ਸਰਕਾਰ ਨੁੰ ਫੈਸਲਾ ਲੈਣ ਦੀ ਵਾਰ ਵਾਰ ਹਦਾਇਤ ਕਰਨ ਦੇ ਬਾਵਜੂਦ ਵੀ ਉਹਨਾਂ ਦੀ ਰਿਹਾਈ ਨਹੀਂ ਹੋ ਪਾ ਰਹੀ। ਉਹਨਾਂ ਕਿਹਾ ਕਿ ਉਹਨਾਂ ਨੁੰ ਇਸ ਅਰਸੇ ਦੌਰਾਨ ਪੈਰੋਲ ਵੀ ਨਹੀਂ ਦਿੱਤੀ ਗਈ ਤੇ ਉਹ ਸਿਰਫ 8 ਬਾਈ 8 ਦੇ ਕੋਠੜੇ ਵਿਚ ਬੰਦ ਹਨ। ਉਹਨਾਂ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਅਰਵਿੰਦ ਕੇਜਰੀਵਾਲ ’ਤੇ ਵੀ ਹੱਲਾ ਬੋਲਿਆ ਤੇ ਕਿਹਾ ਕਿ ਕੇਜਰੀਵਾਲ ਨੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਫਾਈਲ ’ਤੇ ਪਿਛਲੇ 7 ਮਹੀਨਿਆਂ ਤੋਂ ਹਸਤਾਖ਼ਰ ਕਰਨ ਤੋਂ ਨਾਂਹ ਕਰ ਦਿੱਤੀ ਹੈ ਹਾਲਾਂਕਿ ਸੁਪਰੀਮ ਕੋਰਟ ਨੇ ਉਹਨਾ ਨੁੰ ਰਿਹਾਅ ਕਰਨ ਵਾਸਤੇ ਆਖਿਆ ਸੀ। ਸਰਦਾਰ ਬਾਦਲ ਨੇ ਪਿੰਡ ਅਸਪਾਲ ਕਲਾਂ, ਸ਼ਹਿਣਾ, ਭਦੌੜ ਤੇ ਤਪਾ ਪਿੰਡਾਂ ਦਾ ਦੌਰਾ ਕੀਤਾ। ਉਹਨਾਂ ਦੇ ਨਾਲ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਪ੍ਰਕਾਸ਼ ਸਿੰਘ ਭੱਟੀ, ਸਤਨਾਮ ਸਿੰਘ ਰਾਹੀ ਤੇ ਟੇਕ ਸਿੰਘ ਧਨੌਲਾ ਵੀ ਮੌਜੂਦ ਸਨ।