Site icon TheUnmute.com

ਲੋਕ ਅਫ਼ਵਾਹਾਂ ਤੋਂ ਸੁਚੇਤ ਰਹਿਣ ਤੇ ਪਾਣੀ ਦੇ ਤੇਜ਼ ਵਹਾਅ ਦੇ ਨੇੜੇ ਨਾ ਜਾਣ: ਡਾ. ਬਲਬੀਰ ਸਿੰਘ

Dr. Balbir Singh

ਪਟਿਆਲਾ, 10 ਜੁਲਾਈ 2023: ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ (Dr. Balbir Singh) ਨੇ ਅੱਜ ਮੁੜ ਤਾਜ਼ਾ ਸਥਿਤੀ ਦਾ ਜਾਇਜ਼ਾ ਲੈਣ ਲਈ ਵੱਡੀ ਨਦੀ ਸਮੇਤ ਪਟਿਆਲਾ ਦਿਹਾਤੀ ਹਲਕੇ ਦੇ ਵੱਖ-ਵੱਖ ਖੇਤਰਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਨਾ ਫੈਲਾਉਣ ਅਤੇ ਨਾ ਹੀ ਅਫ਼ਵਾਹਾਂ ਉਪਰ ਯਕੀਨ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਲੋਕ ਪਾਣੀ ਦੇ ਤੇਜ ਵਹਾਅ ਦੇ ਨੇੜੇ ਨਾ ਜਾਣ।

ਸਿਹਤ ਮੰਤਰੀ ਨੇ ਕਿਹਾ ਕਿ ਪ੍ਰਭਾਵਤ ਲੋਕ ਕਿਸੇ ਵੀ ਤਰ੍ਹਾਂ ਦੀ ਹੰਗਾਮੀ ਸਥਿਤੀ ਵਿੱਚ ਮਦਦ ਲਈ 0175-2350550 ‘ਤੇ ਜਾਂ ਆਪਣੇ ਵਿਧਾਇਕਾਂ ਨਾਲ ਵੀ ਸੰਪਰਕ ਕਰ ਸਕਦੇ ਹਨ, ਕਿਉਂਕਿ ਜ਼ਿਲ੍ਹੇ ਦੇ ਸਮੁੱਚੇ ਵਿਧਾਇਕ ਅਤੇ ਸਮੁੱਚਾ ਜ਼ਿਲ੍ਹਾ ਪ੍ਰਸ਼ਾਸਨ, ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ‘ਤੇ ਇਸ ਵੇਲੇ ਸੰਕਟ ਦੀ ਸਥਿਤੀ ਵਿੱਚ ਲੋਕਾਂ ਦੇ ਨਾਲ ਖੜ੍ਹਾ ਹੈ।

ਵੱਖ-ਵੱਖ ਥਾਵਾਂ ਦਾ ਦੌਰਾ ਕਰਦਿਆਂ ਸਿਹਤ ਮੰਤਰੀ ਨੇ ਲੋਕਾਂ ਨੂੰ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਪੂਰੀ ਸਥਿਤੀ ‘ਤੇ ਨਿਗਰਾਨੀ ਕਰਦੇ ਹੋਏ ਪੂਰੀ ਅਗਵਾਈ ਦੇ ਰਹੇ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੀ ਪੂਰੀ ਚੌਕਸੀ ਨਾਲ ਬਚਾਅ ਕਾਰਜਾਂ ‘ਚ ਜੁਟਿਆ ਹੋਟਿਆ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਭਾਰੀ ਮੀਂਹ ਕਰਕੇ ਪਾਣੀ ਆਉਣ ਕਰਕੇ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਲੋਕਾਂ ਨੂੰ ਸਿਹਤ ਸੇਵਾਵਾਂ ਬਿਹਤਰ ਢੰਗ ਨਾਲ ਪ੍ਰਦਾਨ ਕਰਨ ਲਈ ਯਤਨਸ਼ੀਲ ਹੈ।

ਸਿਹਤ ਮੰਤਰੀ ਨੇ ਕਿਹਾ ਕਿ ਪਾਣੀ ਆਉਣ ਕਰਕੇ ਪੈਦਾ ਹੋਏ ਹਾਲਾਤ ਕਾਰਨ ਜੇਕਰ ਲੋਕਾਂ ਨੂੰ ਆਪਣੇ ਘਰਾਂ ਵਿੱਚੋਂ ਬਾਹਰ ਰਹਿਣਾ ਪੈਂਦਾ ਹੈ ਤਾਂ ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਪਾਮਕੋਰਟ, ਕੋਹਿਨੂਰ ਪੈਲੇਸ ਆਦਿ ਸਮੇਤ ਬਹੁਤ ਸਾਰੀਆਂ ਥਾਵਾਂ ਪਛਾਣ ਕਰਕੇ ਇੱਥੇ ਲੋਕਾਂ ਦੇ ਰਹਿਣ ਤੇ ਲੰਗਰ ਦੇ ਪੁਖ਼ਤਾ ਇੰਤਜਾਮ ਕੀਤੇ ਹਨ, ਇਸ ਲਈ ਲੋਕ ਘਬਰਾਹਟ ਵਿੱਚ ਨਾ ਆਉਣ ਸਗੋਂ ਚੁਕੰਨੇ ਰਹਿਣ। ਉਨ੍ਹਾਂ ਕਿਹਾ ਕਿ ਜੇਕਰ ਕਿਸ਼ਤੀਆਂ ਦੀ ਲੋੜ ਹੈ ਤਾਂ ਉਸਦਾ ਵੀ ਪ੍ਰਬੰਧ ਹੈ।

ਇਸ ਦੌਰਾਨ ਡਾ. ਬਲਬੀਰ ਸਿੰਘ ਨੇ ਵੱਡੀ ਨਦੀ, ਦੌਲਤਪੁਰ, ਮਿਰਜਾਪੁਰ ਆਦਿ ਸਮੇਤ ਨਵਾਂ ਬੱਸ ਸਟੈਂਡ, ਏਕਤਾ ਨਗਰ, ਤ੍ਰਿਪੜੀ, ਸਰਹਿੰਦ ਰੋਡ, ਫੋਕਲ ਪੁਆਇੰਟ, ਭਾਦਸੋਂ ਰੋਡ ਅਤੇ ਹੋਰ ਇਲਾਕਿਆਂ ਦਾ ਦੌਰਾ ਕੀਤਾ ਅਤੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਨਗਰ ਨਿਗਮ ਤੇ ਹੋਰ ਵਿਭਾਗਾਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ।

ਸਥਾਨਕ ਵਸਨੀਕਾਂ ਨੂੰ ਸਿਹਤ ਮੰਤਰੀ ਨੇ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਉਹ ਖ਼ੁਦ ਹਰ ਵੇਲੇ ਚੌਕਸ ਅਤੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹਨ, ਜਿਸ ਕਰਕੇ ਆਮ ਲੋਕਾਂ ਦੀ ਜਾਨ-ਮਾਨ ਦੀ ਰਾਖੀ ਕੀਤੀ ਜਾਵੇਗੀ ਅਤੇ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ।

Exit mobile version