Site icon TheUnmute.com

Pearl Scam: ਹੁਣ SIT ਕਰੇਗੀ ਪਰਲ ਗਰੁੱਪ ਘੁਟਾਲੇ ਮਾਮਲੇ ਦੀ ਜਾਂਚ

Mera Swachh Shahr Campaign

ਚੰਡੀਗੜ੍ਹ, 27 ਮਈ 2023: ਵਿਜੀਲੈਂਸ ਨੇ ਪਰਲ ਗਰੁੱਪ (Pearl Group) ਦੇ 60,000 ਕਰੋੜ ਰੁਪਏ ਦੇ ਘੁਟਾਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕੀਤਾ ਹੈ। ਹੁਣ SIT ਇਸ ਪੂਰੇ ਮਾਮਲੇ ਦੀ ਜਾਂਚ ਕਰੇਗੀ। ਪੰਜਾਬ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਰਾਹੁਲ ਐਸ.ਦੀ ਅਗਵਾਈ ‘ਚ 7 ਮੈਂਬਰੀ ਵਿਸ਼ੇਸ਼ ਜਾਂਚ ਟੀਮ ਗਠਿਤ ਕੀਤੀ ਗਈ ਹੈ। ਇਨ੍ਹਾਂ ਵਿੱਚ ਵਿਜੀਲੈਂਸ ਬਿਊਰੋ ਦੇ ਸੰਯੁਕਤ ਡਾਇਰੈਕਟਰ (ਪ੍ਰਸ਼ਾਸਨ) ਕੰਵਲਦੀਪ ਸਿੰਘ, ਏਆਈਜੀ ਦਲਜੀਤ ਸਿੰਘ ਰਾਣਾ, ਵਿਜੀਲੈਂਸ ਬਿਊਰੋ (ਹੈੱਡਕੁਆਰਟਰ) ਦੇ ਡੀਐਸਪੀ ਸਲਾਮੂਦੀਨ, ਹੈੱਡਕੁਆਰਟਰ ਵਿਖੇ ਰੋਪੜ ਰੇਂਜ ਦੇ ਡੀਐਸਪੀ ਨਵਦੀਪ ਸਿੰਘ, ਵਿਜੀਲੈਂਸ ਬਿਊਰੋ ਦੇ ਫਿਰੋਜ਼ਪੁਰ ਰੇਂਜ ਦੇ ਇੰਸਪੈਕਟਰ ਮੋਹਿਤ ਧਵਨ ਅਤੇ ਆਰਥਿਕ ਅਪਰਾਧ ਸ਼ਾਖਾ ਦੀ ਇੰਸਪੈਕਟਰ ਮਾਧਵੀ ਕਲਿਆਣ ਸ਼ਾਮਲ ਹਨ। ਇਸ ਦੇ ਨਾਲ ਹੀ ਬੀਓਆਈ ਨੇ ਵਿਜੀਲੈਂਸ ਬਿਊਰੋ ਦੇ ਸਾਰੇ ਏਆਈਜੀ ਅਤੇ ਐਸਐਸਪੀਜ਼ ਨੂੰ ਹਦਾਇਤ ਕੀਤੀ ਹੈ ਕਿ ਲੋੜ ਪੈਣ ‘ਤੇ ਉਹ ਉਕਤ ਐਸਆਈਟੀ ਨੂੰ ਸਹਿਯੋਗ ਦੇਣ।

ਜਿਕਰਯੋਗ ਹੈ ਕਿ ਪਰਲ ਗਰੁੱਪ (Pearl Group)  ਨੇ ਪੰਜਾਬ ਸਮੇਤ ਦੇਸ਼ ਭਰ ਦੇ 5 ਕਰੋੜ ਆਮ ਲੋਕਾਂ ਤੋਂ ਖੇਤੀ ਅਤੇ ਰੀਅਲ ਅਸਟੇਟ ਵਰਗੇ ਕਾਰੋਬਾਰਾਂ ‘ਚ ਪੈਸਾ ਲਗਾਉਣ ਦੇ ਨਾਂ ‘ਤੇ ਕਰੋੜਾਂ ਰੁਪਏ ਇਕੱਠੇ ਕੀਤੇ, ਜਿਸ ‘ਚੋਂ ਇਕੱਲੇ ਪੰਜਾਬ ‘ਚ ਕਰੀਬ 10 ਲੱਖ ਲੋਕਾਂ ਨਾਲ ਠੱਗੀ ਹੋਈ ਹੈ। ਕੰਪਨੀ ਨੇ ਇਹ ਨਿਵੇਸ਼ 18 ਸਾਲਾਂ ਦੀ ਮਿਆਦ ਵਿੱਚ ਗੈਰ-ਕਾਨੂੰਨੀ ਢੰਗ ਨਾਲ ਹਾਸਲ ਕੀਤਾ। ਜਦੋਂ ਪੈਸੇ ਵਾਪਸ ਕਰਨ ਦਾ ਸਮਾਂ ਆਇਆ ਤਾਂ ਕੰਪਨੀ ਨੇ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ। ਫਿਰ ਸੇਬੀ ਨੇ ਇਸ ਮਾਮਲੇ ਵਿੱਚ ਦਖਲ ਦਿੱਤਾ ਅਤੇ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ। ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਧੋਖਾਧੜੀ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਗਰੁੱਪ ਦੀਆਂ ਜਾਇਦਾਦਾਂ ਵੇਚ ਕੇ ਲੋਕਾਂ ਦੇ ਪੈਸੇ ਦੀ ਭਰਪਾਈ ਕਰਨ ਦਾ ਵਾਅਦਾ ਕੀਤਾ ਸੀ।

Exit mobile version