Site icon TheUnmute.com

ਪੀ.ਏ.ਯੂ. ‘ਚ ਹਾੜ੍ਹੀ ਦੀਆਂ ਫ਼ਸਲਾਂ ਲਈ ਦੋ ਰੋਜ਼ਾ ਕਿਸਾਨ ਮੇਲਾ ਕਿਸਾਨਾਂ ਦੀ ਭਾਰੀ ਆਮਦ ਨਾਲ ਸ਼ੁਰੂ ਹੋਇਆ

Kisan Mela

ਲੁਧਿਆਣਾ 14 ਸਤੰਬਰ, 2023: ਪੀ.ਏ.ਯੂ. ਵੱਲੋਂ ਆਉਂਦੇ ਹਾੜ੍ਹੀ ਸੀਜ਼ਨ ਲਈ ਲਾਏ ਜਾ ਰਹੇ ਕਿਸਾਨ ਮੇਲਿਆਂ ਦੀ ਲੜੀ ਵਿਚ ਅੱਜ ਦੋ ਰੋਜ਼ਾ ਕਿਸਾਨ ਮੇਲਾ ਯੂਨੀਵਰਸਿਟੀ ਵਿਚ ਸ਼ੁਰੂ ਹੋਇਆ| ਇਸ ਮੇਲੇ ਵਿੱਚ ਪੰਜਾਬ ਅਤੇ ਗੁਆਂਢੀ ਸੂਬਿਆਂ ਤੋਂ ਭਾਰੀ ਗਿਣਤੀ ਵਿਚ ਕਿਸਾਨ ਪੁੱਜੇ| ਮੇਲੇ ਦੇ ਉਦਘਾਟਨੀ ਸਮਾਗਮ ਵਿਚ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ| ਇਸ ਸਮਾਗਮ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ| ਵਿਸ਼ਵ ਬੈਂਕ ਦੇ ਖੇਤੀਬਾੜੀ ਅਤੇ ਖੁਰਾਕ ਸੰਬੰਧੀ ਖੇਤਰੀ ਪ੍ਰਬੰਧਕ ਓਲੀਵਰ ਬਰਡੈਟ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ| ਇਸ ਤੋਂ ਇਲਾਵਾ ਪੀ.ਏ.ਯੂ. ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਕਿਰਨਜੋਤ ਕੌਰ ਗਿੱਲ, ਹਰਦਿਆਲ ਸਿੰਘ ਗਜ਼ਨੀਪੁਰ ਅਤੇ ਸ. ਅਮਨਦੀਪ ਸਿੰਘ ਬਰਾੜ ਵਿਸ਼ੇਸ਼ ਤੌਰ ਤੇ ਮੰਚ ਉੱਪਰ ਮੌਜੂਦ ਸਨ| ਉਹਨਾਂ ਨਾਲ ਪਨਸੀਡ ਦੇ ਨਿਰਦੇਸ਼ਕ, ਅਟਾਰੀ ਦੇ ਨਿਰਦੇਸ਼ਕ ਅਤੇ ਸਿਫਟ ਦੇ ਨਿਰਦੇਸ਼ਕ ਨੇ ਵੀ ਸ਼ਮੂਲੀਅਤ ਕੀਤੀ|

ਖੇਤੀਬਾੜੀ ਮੰਤਰੀ ਨੇ ਆਪਣੇ ਉਦਘਾਟਨੀ ਭਾਸ਼ਣ ਵਿਚ ਕਿਹਾ ਕਿ ਪੰਜਾਬ ਮੇਲਿਆਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਹੈ| ਇਸੇ ਧਰਤੀ ਉੱਪਰ ਕਿਸਾਨ ਮੇਲਿਆਂ ਦਾ ਲੱਗਣਾ ਵੱਖਰਾ ਅਤੇ ਸਾਡੇ ਪਿਤਾ-ਪੁਰਖੀ ਕਿੱਤੇ ਨਾਲ ਸੰਬੰਧਤ ਹੈ| ਉਹਨਾਂ ਕਿਹਾ ਕਿ ਆਪਣੇ ਆਰੰਭ ਤੋਂ ਹੀ ਪੀ.ਏ.ਯੂ. ਦੇ ਕਿਸਾਨ ਮੇਲੇ ਅਗਾਂਹਵਧੂ ਕਿਸਾਨੀ ਦੀ ਅਗਵਾਈ ਕਰਦੇ ਆ ਰਹੇ ਹਨ| ਪੀ.ਏ.ਯੂ. ਨੇ ਪਿਛਲੇ ਛੇ ਦਹਾਕਿਆਂ ਵਿਚ ਆਪਣੀਆਂ ਖੇਤੀ ਖੋਜਾਂ ਨਾਲ ਦੇਸ਼ ਦੇ ਅੰਨ-ਭੰਡਾਰ ਭਰੇ ਅਤੇ ਪੰਜਾਬ ਦੀ ਕਿਸਾਨੀ ਨੂੰ ਵਿਗਿਆਨਕ ਖੇਤੀ ਨਾਲ ਜੋੜਿਆ|

ਮੌਜੂਦਾ ਸਮੇਂ ਦੀ ਖੇਤੀ ਬਾਰੇ ਗੱਲ ਕਰਦਿਆਂ ਸ. ਖੁੱਡੀਆਂ ਨੇ ਕਿਹਾ ਕਿ ਖੇਤੀ ਹੁਣ ਤਕਨੀਕੀ ਕਿੱਤਾ ਬਣ ਗਈ ਹੈ ਅਤੇ ਖੇਤੀ ਵਿਚ ਚੁਣੌਤੀਆਂ ਪਹਿਲਾਂ ਨਾਲੋਂ ਜ਼ਿਆਦਾ ਹਨ| ਉਹਨਾਂ ਨੇ ਛੋਟੀ ਕਿਸਾਨੀ ਦੀ ਬਿਹਤਰੀ ਨੂੰ ਸਰਕਾਰ ਦਾ ਮੁੱਖ ਮੰਤਵ ਹੈ ਅਤੇ ਸਰਕਾਰ ਕਿਸਾਨੀ ਦੀ ਸਰਵਪੱਖੀ ਬਿਹਤਰੀ ਲਈ ਵਚਨਬੱਧ ਹੈ| ਉਹਨਾਂ ਕਿਹਾ ਕਿ ਕਿਸਾਨੀ ਨੂੰ ਲਾਹੇਵੰਦ ਧੰਦਾ ਬਨਾਉਣ ਲਈ ਕਿਸਾਨ ਬੀਬੀਆਂ ਦਾ ਸਾਥ ਬਹੁਤ ਜ਼ਰੂਰੀ ਹੈ ਅਤੇ ਸਹਾਇਕ ਧੰਦੇ ਅਪਣਾ ਕੇ ਉਹ ਪਰਿਵਾਰ ਦੀ ਆਰਥਿਕ ਸਥਿਤੀ ਸੁਖਾਵੀਂ ਬਨਾਉਣ ਲਈ ਵੱਡਮੁੱਲਾ ਯੋਗਦਾਨ ਪਾ ਸਕਦੀਆਂ ਹਨ| ਖੇਤੀਬਾੜੀ ਮੰਤਰੀ ਨੇ ਗੁਰਬਤ ਤੋਂ ਖੁਸ਼ਹਾਲੀ ਵੱਲ ਜਾਣ ਵਿਚ ਔਰਤਾਂ ਦੀ ਅਹਿਮ ਭੂਮਿਕਾ ਨੂੰ ਵਡਿਆਇਆ|

ਉਹਨਾਂ ਕਿਹਾ ਕਿ ਭਾਵੇਂ ਅੱਜ ਦਾ ਖੇਤੀ ਯੁੱਗ ਮਸ਼ੀਨ ਉੱਪਰ ਨਿਰਭਰ ਹੈ ਪਰ ਮਸ਼ੀਨਰੀ ਨੂੰ ਛੋਟੇ ਕਿਸਾਨਾਂ ਦੀ ਪਹੁੰਚ ਵਿਚ ਬਨਾਉਣ ਲਈ ਸਹਿਕਾਰੀ ਸਭਾਵਾਂ ਅਤੇ ਕਿਰਾਏ ਤੇ ਸੰਦ ਦੇਣ ਵਾਲੀਆਂ ਸੁਸਾਇਟੀਆਂ ਦੀ ਮਜ਼ਬੂਤੀ ਸਰਕਾਰ ਦੀ ਪਹਿਲਕਦਮੀ ਹੈ| ਸ. ਖੁੱਡੀਆਂ ਨੇ ਪੀ.ਏ.ਯੂ. ਦੇ ਮਾਹਿਰਾਂ ਦੀ ਮਿਹਨਤ ਦੀ ਪ੍ਰਸ਼ੰਸ਼ਾਂ ਕਰਿਦਆਂ ਕਿਹਾ ਕਿ ਪੀ.ਏ.ਯੂ. ਦੀਆਂ ਸਿਫ਼ਾਰਸ਼ਾਂ ਨੂੰ ਅਪਣਾ ਕੇ ਹੀ ਕਿਸਾਨ ਖੇਤੀਬਾੜੀ ਨੂੰ ਹੋਰ ਲਾਹੇਵੰਦ ਕਿੱਤਾ ਬਣਾ ਸਕਦੇ ਹਨ| ਉਹਨਾਂ ਨੇ ਆਉਂਦੇ ਦਿਨਾਂ ਵਿਚ ਪੰਜਾਬ ਦੀ ਖੇਤੀ ਨੀਤੀ ਲਾਗੂ ਕਰਨ ਦੀ ਸੰਭਾਵਨਾਂ ਵੀ ਪ੍ਰਗਟਾਈ|

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਸਾਨ ਸਰਕਾਰ ਮਿਲਣੀਆਂ ਤੋਂ ਬਾਅਦ ਮੇਲਿਆਂ ਵਿਚ ਕਿਸਾਨਾਂ ਦੀ ਭਾਰੀ ਆਮਦ ਦਾ ਸਵਾਗਤ ਕੀਤਾ| ਉਹਨਾਂ ਕਿਹਾ ਕਿ ਕਿਸਾਨਾਂ ਅਤੇ ਯੂਨੀਵਰਸਿਟੀ ਵਿਚਕਾਰ ਨਹੁੰ-ਮਾਸ ਦਾ ਰਿਸ਼ਤਾ ਹੈ ਅਤੇ ਇਹ ਇਕ-ਦੂਸਰੇ ਤੋਂ ਸਿੱਖਣ-ਸਿਖਾਉਣ ਦਾ ਅਮਲ ਹੈ| ਡਾ. ਗੋਸਲ ਨੇ ਕਿਹਾ ਕਿ ਖੇਤੀ ਖੇਤਰ ਦੀਆਂ ਮੁਸ਼ਕਿਲਾਂ ਸੁਣ ਕੇ ਖੇਤੀ ਨੀਤੀ ਦਾ ਨਿਰਮਾਣ ਕੀਤਾ ਜਾ ਰਿਹਾ ਹੈ|

ਨਾਲ ਹੀ ਉਹਨਾਂ ਨੇ ਪੀ.ਏ.ਯੂ. ਵਿਚ ਪ੍ਰਵਾਸੀ ਕਿਸਾਨ ਸੰਮੇਲਨ ਦੌਰਾਨ ਵਿਦੇਸ਼ੀ ਕਿਸਾਨਾਂ ਵੱਲੋਂ ਸਾਂਝੇ ਕੀਤੇ ਤਜਰਬਿਆਂ ਦੇ ਅਧਾਰ ਤੇ ਖੇਤੀ ਨੂੰ ਕਾਰੋਬਾਰੀ ਕਿੱਤਾ ਬਨਾਉਣ ਦੀ ਹਮਾਇਤ ਕੀਤੀ| ਡਾ. ਗੋਸਲ ਨੇ ਕਿਹਾ ਕਿ ਪੰਜਾਬ ਤੋਂ ਸਧਾਰਨ ਹਾਲਾਤ ਵਿਚ ਗਏ ਵਿਦੇਸ਼ੀ ਕਿਸਾਨ ਅੱਜ ਓਪਰੀਆਂ ਧਰਤੀਆਂ ਤੇ ਆਪਣੀ ਸਫ਼ਲਤਾ ਦੀ ਕਹਾਣੀ ਲਿਖ ਰਹੇ ਹਨ| ਇਹੀ ਸਫਲਤਾ ਪੰਜਾਬ ਵਿਚ ਵੀ ਸੰਭਵ ਹੋ ਸਕਦੀ ਹੈ ਜੇਕਰ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਖੇਤੀ ਸਿੱਖਿਆ ਹਾਸਲ ਕਰਵਾ ਕੇ ਉਹਨਾਂ ਨੂੰ ਮੰਡੀਕਰਨ ਅਤੇ ਖੇਤੀ ਵਪਾਰ ਨਾਲ ਜੋੜੀਏ|

ਵਿਸ਼ਵ ਬੈਂਕ ਦੇ ਖੇਤੀਬਾੜੀ ਅਤੇ ਖੁਰਾਕ ਸੰਬੰਧੀ ਖੇਤਰੀ ਪ੍ਰਬੰਧਕ ਸ਼੍ਰੀ ਓਲੀਵਰ ਬਰਡੈਟ ਨੇ ਕਿਸਾਨਾਂ ਨਾਲ ਭਾਵਪੂਰਤ ਗੱਲਬਾਤ ਦੌਰਾਨ ਕਿਹਾ ਕਿ ਇਥੇ ਆਉਣਾ ਅਤੇ ਕਿਸਾਨਾਂ ਦੇ ਭਾਰੀ ਸਮੂਹ ਨੂੰ ਦੇਖਣਾ ਮਾਣ ਵਾਲੀ ਗੱਲ ਹੈ| ਉਹਨਾਂ ਕਿਹਾ ਕਿ ਜਦੋਂ ਕੋਈ ਬਾਹਰੋਂ ਪੰਜਾਬ ਦਾ ਇਤਿਹਾਸ ਜਾਣਦਾ ਹੈ ਤਾਂ ਪੰਜਾਬ ਦੇਸ਼ ਦੇ ਅੰਨਦਾਤੇ ਵਜੋਂ ਉਭਰਦਾ ਹੈ| ਇਸ ਵਿਚ ਪੀ.ਏ.ਯੂ. ਦਾ ਬਹੁਤ ਵੱਡਾ ਅਤੇ ਇਤਿਹਾਸਕ ਯੋਗਦਾਨ ਹੈ| ਉਹਨਾਂ ਕਿਸਾਨਾਂ ਨੂੰ ਕਿਹਾ ਪੀ.ਏ.ਯੂ. ਵਰਗੀ ਸੰਸਥਾ ਨਾਲ ਜੁੜੇ ਹੋਣਾ ਤੁਹਾਡੀ ਖੁਸ਼ਕਿਸਮਤੀ ਹੈ ਅਤੇ ਸੰਸਾਰ ਦੀਆਂ ਹੋਰ ਯੂਨੀਵਰਸਿਟੀਆਂ ਨੂੰ ਇਸ ਸਾਂਝ ਤੋਂ ਸਿੱਖਣ ਦੀ ਲੋੜ ਹੈ| ਸ਼੍ਰੀ ਬਰਡੈਟ ਨੇ ਕਿਹਾ ਕਿ ਖੇਤੀ ਵਿਚ ਚੁਣੌਤੀਆਂ ਪੀੜੀਓ ਪੀੜੀ ਚਲਦੀਆਂ ਰਹੀਆਂ ਹਨ ਪਰ ਇਹਨਾਂ ਦੇ ਹੱਲ ਲਈ ਮਿਲ ਕੇ ਹੰਭਲਾ ਮਾਰਨ ਦੀ ਲੋੜ ਹੈ| ਨਾਲ ਹੀ ਉਹਨਾਂ ਨੇ ਵਿਸ਼ਵ ਬੈਂਕ ਵੱਲੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿਵਾਇਆ|

ਅਗਾਂਹਵਧੂ ਕਿਸਾਨ ਅਤੇ ਉੱਘੇ ਕਿੰਨੂ ਉਤਪਾਦਕ ਸ. ਅਮਨਦੀਪ ਬਰਾੜ ਨੇ ਆਪਣੇ ਤਜਰਬੇ ਕਿਸਾਨਾਂ ਨਾਲ ਸਾਂਝੇ ਕੀਤੇ| ਉਹਨਾਂ ਕਿਹਾ ਕਿ ਪੰਜਾਬ ਅੱਜ ਕਣਕ-ਝੋਨਾ ਅਤੇ ਕਪਾਹ ਦੇ ਖੇਤਰ ਵਿਚ ਕੌਮੀ ਪੱਧਰ ਤੇ ਭਰਪੂਰ ਯੋਗਦਾਨ ਪਾ ਰਿਹਾ ਹੈ ਪਰ ਇਸ ਨਾਲ ਪੰਜਾਬ ਦਾ ਵਾਤਾਰਵਨ ਨੁਕਸਾਨ ਦੀ ਮਾਰ ਹੇਠ ਹੈ| ਉਹਨਾਂ ਵਾਤਾਵਰਨ ਪੱਖੀ ਤਕਨੀਕਾਂ ਦੇ ਵਿਕਾਸ ਵਿਚ ਪੀ.ਏ.ਯੂ. ਮਾਹਿਰਾਂ ਦੇ ਯੋਗਦਾਨ ਦੀ ਗੱਲ ਕਰਦਿਆਂ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਸਿੰਚਾਈ ਲਈ ਪਾਣੀ ਦੀ ਵਰਤੋਂ ਕਰਨ, ਸੂਖਮ ਸਿੰਚਾਈ ਵਰਗੇ ਤਰੀਕੇ ਅਪਨਾਉਣ ਅਤੇ ਖੇਤੀ ਖਰਚੇ ਘਟਾਉਣ ਦੀ ਅਪੀਲ ਕੀਤੀ|

ਨਿਰਦੇਸ਼ਕ ਖੋਜ ਡਾ  ਅਜਮੇਰ ਸਿੰਘ ਢੱਟ ਨੇ ਹਾੜ੍ਹੀ ਦੀਆਂ ਫਸਲਾਂ ਬਾਰੇ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਸਾਂਝੀਆਂ ਕੀਤੀਆਂ| ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਨੇ ਹੋਂਦ ਵਿਚ ਆਉਣ ਤੋਂ ਲੈ ਕੇ ਹੁਣ ਤਕ ਵੱਖ ਵੱਖ ਫਸਲਾਂ ਦੀਆਂ 940 ਕਿਸਮਾਂ ਦੀ ਖੋਜ ਕੀਤੀ ਹੈ ਇਨ੍ਹਾਂ ਵਿੱਚੋਂ 229 ਕਿਸਮਾਂ ਕੌਮੀ ਪੱਧਰ ਤੇ ਕਾਸਤ ਲਈ ਪਛਾਣੀਆਂ ਗਈਆਂ ਹਨ| ਇਸ ਲਿਹਾਜ ਨਾਲ ਯੂਨੀਵਰਸਿਟੀ ਪੂਰੇ ਦੇਸ ਦੇ ਕਿਸਾਨਾਂ ਦੀ ਸੇਵਾ ਕਰਦੀ ਹੈ| ਉਨ੍ਹਾਂ ਨੇ ਦੱਸਿਆ ਕਿ ਹੁਣ ਪੀ ਏ ਯੂ ਝਾੜ ਦੇ ਨਾਲ ਪੌਸਟਿਕਤਾ ਵੱਲ ਵੀ ਧਿਆਨ ਦੇ ਰਹੀ ਹੈ| ਇਸ ਦਿਸਾ ਵਿਚ ਉਨ੍ਹਾਂ ਪੀ ਏ ਯੂ ਦੀ ਕਿਸਮ ਪੀ ਬੀ ਡਬਲਿਊ 826 ਦੀ ਸਫਲਤਾ ਲਈ ਕਿਸਾਨਾਂ ਦੀ ਮਿਹਨਤ ਨੂੰ ਵੀ ਵਧਾਈ ਦਿੱਤੀ|

ਕਣਕ ਦੀ ਨਵੀਂ ਕਿਸਮ ਚਪਾਤੀ-1 ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਨਵੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਵਿੱਚ ਸੂਗਰ ਦੇ ਮਰੀਜਾਂ  ਲਈ ਢੁਕਵੀਂ ਕਣਕ ਦੀ ਕਿਸਮ ਪੀ ਬੀ ਡਬਲਿਊ ਆਰ ਐੱਸ 1 ਵਿਸੇਸ ਖੋਜ ਪ੍ਰਾਪਤੀ ਹੈ| ਨਾਲ ਹੀ ਉਨ੍ਹਾਂ ਪੀ ਬੀ ਡਬਲਯੂ ਜ਼ਿੰਕ-2 ਦਾ ਜ਼ਿਕਰ ਕੀਤਾ ਜੋ ਜ਼ਿੰਕ ਦੇ ਭਰਪੂਰ ਤੱਤਾਂ ਵਾਲੀ ਹੈ| ਛੋਲਿਆਂ ਦੀ ਕਿਸਮ ਪੀ ਬੀ ਜੀ-10 ਅਤੇ ਪਕਾਵੇਂ ਮਟਰਾਂ ਦੀ ਕਿਸਮ ਆਈ ਪੀ ਐੱਫ ਡੀ-12 ਤੋਂ ਇਲਾਵਾ ਮੱਕੀ ਦੀ ਕਿਸਮ ਜੇ-1008 ਅਤੇ ਗੋਭੀ ਸਰੋਂ ਕੋਨੋਲਾ ਦੀ ਕਿਸਮ ਜੀ ਐੱਸ ਸੀ 7 ਬਾਰੇ ਵੀ  ਦੱਸਿਆ | ਉਤਪਾਦਨ ਤਕਨੀਕਾਂ ਵਿੱਚ ਸਰਫੇਸ ਸੀਡਿੰਗ ਲਈ ਕੰਬਾਇਨ ਨਾਲ ਵਾਢੀ ਤੋਂ ਬਾਅਦ ਕਣਕ ਦੇ ਬੀਜ ਅਤੇ ਖਾਦ ਦਾ ਛੱਟਾ ਦੇ ਕੇ ਕਟਰ-ਕਮ-ਸਪਰੈਡਰ ਚਲਾ ਕੇ ਪਾਣੀ ਲਾਉਣ ਅਤੇ ਕਣਕ ਵਿੱਚ ਬੀਜ ਦੀ ਸੋਧ ਬਾਰੇ ਗੱਲ ਕੀਤੀ | ਇਸ ਦੇ ਨਾਲ ਹੀ ਪੌਦ ਸੁਰੱਖਿਆ ਤਕਨੀਕਾਂ ਵਿਚ ਛੋਲਿਆਂ ਦੀ ਸੁੰਡੀ ਅਤੇ ਕਣਕ ਦੇ ਨਦੀਨਾਂ ਦੀ ਰੋਕਥਾਮ ਬਾਰੇ ਨਵੀਆਂ ਸਿਫਾਰਿਸਾਂ ਸਾਂਝੀਆਂ ਕਰਦਿਆਂ ਨਿਰਦੇਸਕ ਖੋਜ ਨੇ ਖੇਤੀ ਮਸ਼ੀਨਰੀ ਬਾਰੇ ਵੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ ਜਿਸ ਵਿੱਚ ਮਲਚ ਵਾਲੀ ਮਸੀਨ ਵਿਸੇਸ ਸੀ| ਉਨ੍ਹਾਂ ਕਿਹਾ ਕਿ ਆਉਂਦੇ ਸਮੇਂ ਡਰੋਨ ਤਕਨਾਲੋਜੀ ਤੇ ਕੰਮ ਕੀਤਾ ਜਾ ਰਿਹਾ ਹੈ

ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਨੇ ਸਵਾਗਤ ਦੇ ਸ਼ਬਦ ਕਹੇ| ਉਹਨਾਂ ਕਿਹਾ ਕਿ ਯੂਨੀਵਰਸਿਟੀ ਨੇ 1967 ਤੋਂ ਲੈ ਕੇ ਲਗਾਤਾਰ ਨਵੀਆਂ ਤਕਨੀਕਾਂ ਦੇ ਪਸਾਰ ਲਈ ਕਿਸਾਨ ਮੇਲੇ ਲਾਏ ਹਨ| ਕੋਵਿਡ ਦੌਰਾਨ ਵੀ ਇਹਨਾਂ ਮੇਲਿਆਂ ਦਾ ਆਯੋਜਨ ਆਨਲਾਈਨ ਤਰੀਕੇ ਨਾਲ ਹੁੰਦਾ ਰਿਹਾ| ਡਾ. ਬੁੱਟਰ ਨੇ ਕਿਹਾ ਕਿ ਬੀਤੇ ਦਿਨੀਂ ਪੀ.ਏ.ਯੂ. ਨੂੰ ਦੇਸ਼ ਦੀਆਂ ਪ੍ਰਮੁੱਖ ਖੇਤੀ ਯੂਨੀਵਰਸਿਟੀਆਂ ਵਿਚੋਂ ਸਿਖਰਲੀ ਰੈਂਕਿਗ ਹਾਸਲ ਹੋਈ ਹੈ| ਇਹ ਕਿਸਾਨਾਂ ਦੇ ਅਟੁੱਟ ਰਿਸ਼ਤੇ ਸਦਕਾ ਹੀ ਸੰਭਵ ਹੋਇਆ ਹੈ| ਡਾ. ਬੁੱਟਰ ਨੇ ਆਉਂਦੀ ਫਸਲ ਦੇ ਸਫਲਤਾ ਨਾਲ ਨੇਪਰੇ ਚੜ੍ਹਨ ਦੀ ਕਾਮਨਾ ਕੀਤੀ|  ਅੰਤ ਵਿਚ ਧੰਨਵਾਦ ਦੇ ਸ਼ਬਦ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜੀ ਪੀ ਐੱਸ ਸੋਢੀ ਨੇ ਕਹੇ| ਸਮਾਰੋਹ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਅਤੇ ਵਿਦਿਆਰਥੀ ਭਲਾਈ ਅਧਿਕਾਰੀ ਗੁਰਪ੍ਰੀਤ ਸਿੰਘ ਵਿਰਕ ਨੇ ਕੀਤਾ|

ਇਸ ਮੌਕੇ ਖੇਤੀਬਾੜੀ ਮੰਤਰੀ ਨੇ ਖੇਤੀ ਖੋਜ ਵਿਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਖੇਤੀ ਮਾਹਿਰਾਂ ਨੂੰ ਸਨਮਾਨਿਤ ਕੀਤਾ| ਇਹਨਾਂ ਵਿਚ ਸਬਜ਼ੀ ਵਿਗਿਆਨੀ ਡਾ. ਸਤਪਾਲ ਸ਼ਰਮਾ, ਝੋਨਾ ਵਿਗਿਆਨੀ ਡਾ. ਰਣਵੀਰ ਸਿੰਘ ਗਿੱਲ ਅਤੇ ਡਾ. ਜਗਜੀਤ ਸਿੰਘ ਲੋਰੇ, ਫਲ ਵਿਗਿਆਨੀ ਡਾ. ਜਸਵਿੰਦਰ ਸਿੰਘ ਬਰਾੜ, ਕਣਕ ਵਿਗਿਆਨੀ ਡਾ. ਜੀ ਐੱਸ ਮਾਵੀ ਅਤੇ ਡਾ. ਅਚਲਾ ਸ਼ਰਮਾ ਸ਼ਾਮਿਲ ਹਨ| ਨਾਲ ਹੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਪੀ.ਏ.ਯੂ ਸ਼ਹਿਦ ਮੱਖੀ ਪਾਲਕ ਐਸੋਸੀਏਸ਼ਨ ਵੱਲੋਂ ਤਿਆਰ ਕੀਤੀ ਵੈਬਸਾਈਟ ਲਾਂਚ ਕੀਤੀ|

ਇਸ ਮੌਕੇ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ, ਸਵੈ ਸੇਵੀ ਸੰਸਥਾਵਾਂ, ਨਿੱਜੀ ਮਸ਼ੀਨਰੀ ਨਿਰਮਾਤਾਵਾਂ, ਖੇਤੀ ਸਾਹਿਤ ਪ੍ਰਕਾਸ਼ਕਾਂ, ਰਾਜ ਦੀਆਂ ਬਾਗਬਾਨੀ ਨਰਸਰੀਆਂ ਅਤੇ ਬੀਜ ਉਤਪਾਦਕਾਂ ਦੇ ਨਾਲ-ਨਾਲ ਪ੍ਰੋਸੈਸਿੰਗ ਸਮੂਹਾਂ ਵੱਲੋਂ ਪ੍ਰਦਰਸ਼ਨੀਆਂ ਅਤੇ ਸਟਾਲ ਲਾਏ ਗਏ ਸਨ| ਇਸਦੇ ਨਾਲ ਹੀ ਯੂਨੀਵਰਸਿਟੀ ਦੇ ਬੀਜ ਵਿਕਰੀ ਕੇਂਦਰ ਉੱਪਰ ਵੀ ਕਿਸਾਨਾਂ ਦੀਆਂ ਲੰਮੀਆਂ ਕਤਾਰਾਂ ਵੇਖਣ ਨੂੰ ਮਿਲੀਆਂ|

Exit mobile version