Site icon TheUnmute.com

ਪਟਿਆਲਾ: ਵਿਦਿਆਰਥੀ ਪਰਾਲੀ ਨੂੰ ਅੱਗ ਲਾਉਣ ਨਾਲ ਵਾਤਾਵਰਣ ਨੂੰ ਹੁੰਦੇ ਨੁਕਸਾਨ ਤੋਂ ਪੂਰੀ ਤਰ੍ਹਾਂ ਸੁਚੇਤ

Patiala

ਪਟਿਆਲਾ, 17 ਅਕਤੂਬਰ 2023: ਪਟਿਆਲਾ (Patiala) ਜ਼ਿਲ੍ਹੇ ਦੇ ਸਕੂਲੀ ਵਿਦਿਆਰਥੀ ਪਰਾਲੀ ਨੂੰ ਫੂਕਣ ਕਰਕੇ ਸਾਡੇ ਵਾਤਾਵਰਣ ਨੂੰ ਹੁੰਦੇ ਨੁਕਸਾਨ ਤੋਂ ਪੂਰੀ ਤਰ੍ਹਾਂ ਸੁਚੇਤ ਹਨ। ਅਜਿਹਾ ਉਸ ਵੇਲੇ ਸਾਹਮਣੇ ਆਇਆ ਜਦੋਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਆਪਣੇ ਫੀਲਡ ਦੌਰੇ ਮੌਕੇ ਹਾਮਝੇੜੀ ਦੇ ਸਰਕਾਰੀ ਸੈਲਫ਼ ਸਮਾਰਟ ਸਕੂਲ ਵਿਖੇ ਪੁੱਜੇ, ਜਿੱਥੇ ਉਨ੍ਹਾਂ ਨੇ ਵਿਦਿਆਰਥੀਆਂ ਨਾਲ ਵਾਤਾਵਰਣ ਬਾਰੇ ਖੁੱਲ੍ਹਕੇ ਗੱਲਾਂ ਕੀਤੀਆਂ।

ਇਸ ਸਕੂਲ ਦੀਆਂ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ ਨੂੰ ਕਿਹਾ ਕਿ ਉਹ ਆਪਣੇ ਮਾਪਿਆਂ ਸਮੇਤ ਹੋਰਨਾਂ ਕਿਸਾਨਾਂ ਨੂੰ ਵੀ ਆਪਣੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਨਾਹ ਲਗਾਉਣ ਬਾਰੇ ਜਾਗਰੂਕ ਕਰਨਗੇ। ਇਨ੍ਹਾਂ ਵਿਦਿਆਰਥੀਆਂ ਨੇ ਦੱਸਿਆ ਕਿ ਪਰਾਲੀ ਫੂਕਣ ਨਾਲ ਪ੍ਰਦੂਸ਼ਨ ਫੈਲਦਾ ਹੈ, ਆਕਸੀਜਨ ਦੀ ਮਾਤਰਾ ਘਟਣ ਕਰਕੇ ਸਾਹ ਲੈਣ ਵਿੱਚ ਦਿੱਕਤਾਂ ਆ ਜਾਂਦੀਆ ਹਨ, ਜਮੀਨ ਦੀ ਉਪਜਾਊ ਸ਼ਕਤੀ ਘਟਣ ਦੇ ਨਾਲ-ਨਾਲ ਮਿੱਤਰ ਕੀੜੇ ਵੀ ਸੜ ਜਾਂਦੇ ਹਨ।

ਉਨ੍ਹਾਂ ਦੱਸਿਆ ਕਿ ਇਸੇ ਲਈ ਉਹ ਆਪਣੇ ਪਿੰਡ ਵਿੱਚ ਇਹ ਕੋਸ਼ਿਸ਼ ਕਰ ਰਹੇ ਹਨ ਕਿ ਜੇਕਰ ਕਿਸਾਨ ਪਰਾਲੀ ਸੰਭਾਲਣ ਦੇ ਹੋਰ ਤਰੀਕੇ ਵਰਤਣ ਅਤੇ ਪਰਾਲੀ ਨੂੰ ਅੱਗ ਨਾਹ ਲਗਾਉਣ ਤਾਂ ਸਾਡਾ ਵਾਤਾਵਰਣ ਸਾਫ਼ ਰਹੇਗਾ। ਇਸ ‘ਤੇ ਡਿਪਟੀ ਕਮਿਸ਼ਨਰ ਨੇ ਹਾਮਝੇੜੀ ਸਕੂਲ ਦੇ ਇਨ੍ਹਾਂ ਸਕੂਲੀ ਵਿਦਿਆਰਥੀਆਂ ਦੀ ਸੂਝ-ਬੂਝ ਦੀ ਪ੍ਰਸ਼ੰਸਾ ਕੀਤੀ।

ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਤੋਂ ਉਨ੍ਹਾਂ ਦੀ ਖੇਡਾਂ ਵਿੱਚ ਦਿਲਚਸਪੀ ਵੀ ਜਾਣੀ ਅਤੇ ਨਾਲ ਹੀ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਖੇਡਣ ਵਾਲੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਵੀ ਕੀਤੀ। ਉਨ੍ਹਾਂ ਨੇ ਸਕੂਲ ਦੇ ਹੈਡ ਮਾਸਟਰ ਅਜਾਇਬ ਸਿੰਘ ਨੂੰ ਇਸ ਸਕੂਲ ਵਿੱਚ ਪੀਣ ਵਾਲਾ ਪਾਣੀ ਸਾਫ਼ ਕਰਨ ਲਈ ਦੋ ਆਰ.ਓਜ਼ ਤੁਰੰਤ ਲਗਵਾ ਕੇ ਦੇਣ ਦਾ ਭਰੋਸਾ ਦਿੱਤਾ।

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਪਰਾਲੀ ਸਾੜਨ ਉਤੇ ਪੂਰੀ ਤਰ੍ਹਾਂ ਰੋਕ ਲਗਾਈ ਗਈ ਹੈ ਅਤੇ ਇਸੇ ਤਹਿਤ ਹੀ ਵਾਤਾਵਰਣ ਦੀ ਸੰਭਾਲ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਮੁਤਾਬਕ ਸਮੁੱਚਾ ਜ਼ਿਲ੍ਹਾ (Patiala) ਪ੍ਰਸ਼ਾਸਨ ਪਿੰਡਾਂ ਵਿੱਚ ਜਾਕੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਸੁਚੇਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਭਾਵੁਕ ਅਪੀਲ ‘ਤੇ ਅਸਰ ਕਰਦੇ ਹੋਏ ਕਿਸਾਨ ਪਰਾਲੀ ਨਾ ਫੂਕਣ ਸਗੋਂ ਇਸ ਨੂੰ ਖੇਤਾਂ ਵਿੱਚ ਵਾਹੁਣ ਜਾਂ ਫਿਰ ਐਕਸਸੀਟੂ ਤਕਨੀਕਾਂ ਵਰਤਕੇ ਇਸ ਨੂੰ ਖੇਤਾਂ ਵਿੱਚੋਂ ਬਾਹਰ ਕੱਢਵਾ ਲੈਣ।

Exit mobile version