Site icon TheUnmute.com

13 ਤੋਂ 16 ਫਰਵਰੀ ਤੱਕ ਹੋਣਗੇ ਪਟਿਆਲਾ ਹੈਰੀਟੇਜ ਮੇਲੇ ਦੇ ਸਮਾਗਮ: DC ਡਾ. ਪ੍ਰੀਤੀ ਯਾਦਵ

Patiala Heritage Festival

ਪਟਿਆਲਾ, 8 ਫਰਵਰੀ 205: Patiala Heritage Festival : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਹੈ ਕਿ ਪਟਿਆਲਾ ਹੈਰੀਟੇਜ ਫੈਸਟੀਵਲ-2025 ਦੇ ਸਮਾਗਮ 13 ਫਰਵਰੀ ਨੂੰ ਸਵੇਰੇ 8 ਵਜੇ ਬਾਰਾਂਦਰੀ ਬਾਗ ਵਿਖੇ ਈਟ ਰਾਈਟ ਮੇਲਾ ਅਤੇ ਵਾਕਾਥੋਨ ਨਾਲ ਸ਼ੁਰੂ ਹੋਣਗੇ | ਇਸ ਮੌਕੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਇਸ ਮੇਲੇ ਦਾ ਉਦਘਾਟਨ ਕਰਨਗੇ।ਇਸਦੇ ਨਾਲ ਹੀ ਹੈਰੀਟੇਜ ਫੂਡ ਫੈਸਟੀਵਲ ਤੇ ਫੁੱਲਾਂ ਦੇ ਮੇਲੇ ‘ਚ ਪਟਿਆਲਾ ਦੇ ਸਟਰੀਟ ਫੂਡ ਤੇ ਲਜ਼ੀਜ਼ ਪਕਵਾਨਾਂ ਦੀਆਂ ਸਟਾਲਾਂ ਵੀ ਲਗਾਈਆਂ ਜਾਣਗੀਆਂ।

ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ‘ਰੰਗਲਾ ਪੰਜਾਬ’ ਬਣਾਉਣ ਲਈ ਅਰੰਭੇ ਯਤਨਾਂ ਤਹਿਤ 16 ਫਰਵਰੀ ਤੱਕ ਪਟਿਆਲਾ ਹੈਰੀਟੇਜ਼ ਮੇਲਾ ਕਰਵਾਇਆ ਜਾ ਰਿਹਾ ਹੈ, ਜਿਸ ਤਹਿਤ ਸਵੇਰੇ ਤੇ ਸ਼ਾਮ ਨੂੰ ਵੱਖ-ਵੱਖ ਥਾਵਾਂ ਵਿਖੇ ਵੱਖ-ਵੱਖ ਸਮਾਗਮ ਕਰਵਾਏ ਜਾ ਰਹੇ ਹਨ।

ਉਨ੍ਹਾਂ ਦੱਸਿਆ ਕਿ 13 ਫਰਵਰੀ ਦੀ ਸ਼ਾਮ 6 ਵਜੇ ਪ੍ਰਸਿੱਧ ਅਦਾਕਾਰਾ ਤੇ ਹਰਮਨ ਪਿਆਰੀ ਸ਼ਖ਼ਸੀਅਤ ਪਦਮਸ਼੍ਰੀ ਨਿਰਮਲ ਰਿਸ਼ੀ ਦੇ ਲਿਖੇ ਇਤਿਹਾਸਕ ਨਾਟਕ ‘ਸਰਹਿੰਦ ਦੀ ਦੀਵਾਰ’ ਦਾ ਮੰਚਨ ਹਰਪਾਲ ਟਿਵਾਣਾ ਕਲਾ ਕੇਂਦਰ ਨਾਭਾ ਰੋਡ ਵਿਖੇ ਹੋਵੇਗਾ।

ਡਾ. ਪ੍ਰੀਤੀ ਯਾਦਵ ਨੇ ਹੋਰ ਦੱਸਿਆ ਕਿ 14 ਫਰਵਰੀ ਨੂੰ ਸਵੇਰੇ ਹੈਰੀਟੇਜ ਵਾਕ ਸ਼ਾਹੀ ਸਮਾਧਾਂ ਤੋਂ ਪਟਿਆਲਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਕਰਵਾਈ ਜਾਵੇਗੀ। ਇਸ ਉਪਰੰਤ ਸ਼ਾਮ 6 ਵਜੇ ਪੋਲੋ ਗਰਾਊਂਡ ਵਿਖੇ ਉੱਘੇ ਪੰਜਾਬੀ ਤੇ ਸੂਫ਼ੀ ਗਾਇਕ ਲਖਵਿੰਦਰ ਵਡਾਲੀ ਵੱਲੋਂ ਸੂਫ਼ੀ ਸ਼ਾਮ ਦੀ ਪੇਸ਼ਕਾਰੀ ਵਿੱਚ ਆਪਣੇ ਗੀਤਾਂ ਨਾਲ ਛਹਿਬਰ ਲਗਾਈ ਜਾਵੇਗੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਨੀਵਾਰ, 15 ਫਰਵਰੀ ਨੂੰ ਸਵੇਰੇ 11 ਵਜੇ ਸੰਗਰੂਰ ਰੋਡ ‘ਤੇ ਪਟਿਆਲਾ ਏਵੀਏਸ਼ਨ ਕੰਪਲੈਕਸ ਸਿਵਲ ਏਅਰੋਡਰਮ ਵਿਖੇ ਏਅਰੋ ਸ਼ੋਅ ਹੋਵੇਗਾ, ਇਸ ‘ਚ ਹਵਾਈ ਜਹਾਜ ਨਾਲ ਫੁੱਲਾਂ ਦੀ ਵਰਖਾ, ਮਾਈਕਰੋ ਲਿਟ ਏਅਰਕਰਾਫਟ ਫਲਾਇੰਗ, ਹੌਟ ਏਅਰ ਬਲੂਨਿੰਗ ਰਾਈਡ, ਪੈਰਾਗਲਾਇਡਿੰਗ ਸ਼ੋਅ ਤੇ ਏਅਰੋ ਮਾਡਲਿੰਗ ਸ਼ੋਅ ਹੋਵੇਗਾ।

ਉਨ੍ਹਾਂ ਦੱਸਿਆ ਕਿ 15 ਫਰਵਰੀ ਦੀ ਸ਼ਾਮ ਨੂੰ ਕਿਲ੍ਹਾ ਮੁਬਾਰਕ ਵਿਖੇ ਉਘੀ ਅਦਾਕਾਰਾ ਸਤਿੰਦਰ ਸੱਤੀ ਵੱਲੋਂ ਰਵਾਇਤੀ ਪੰਜਾਬੀ ਪਹਿਰਾਵੇ ਦੇ ਫ਼ੈਸ਼ਨ ਸ਼ੋਅ ‘ਰੰਗ ਪੰਜਾਬ ਦੇ’ ਦੀ ਦਿਲਕਸ਼ ਪੇਸ਼ਕਾਰੀ ਹੋਵੇਗੀ। ਇਸ ਵਿੱਚ ਪੰਜਾਬੀ ਪਹਿਰਾਵੇ ਤੇ ਗਹਿਣਿਆਂ ਦੇ ਅਮੀਰ ਵਿਰਸੇ ਦੀ ਪ੍ਰਦਰਸ਼ਨੀ ਹੋਵੇਗੀ।
ਪਟਿਆਲਾ ਹੈਰੀਟੇਜ ਉਤਸਵ ਦੇ ਅਖੀਰ ਵਿੱਚ 16 ਫਰਵਰੀ ਨੂੰ ਪੋਲੋ ਗਰਾਊਂਡ ਵਿਖੇ ਪਟਿਆਲਾ ਕੈਨਲ ਕਲੱਬ ਵੱਲੋਂ 62ਵੇਂ ਤੇ 63ਵੇਂ ਆਲ ਬਰੀਡ ਚੈਂਪਅਨਸ਼ਿਪ ਤਹਿਤ ਡਾਗ ਸ਼ੋਅ ਕਰਵਾਇਆ ਜਾਵੇਗਾ, ਇਸ ਵਿੱਚ ਦੇਸ਼ ਵਿਦੇਸ਼ ਵਿੱਚ ਨਸਲੀ ਕੁੱਤਿਆਂ ਦੀ ਪ੍ਰਦਰਸ਼ਨੀ ਲੱਗੇਗੀ।

ਇਸ ਦੌਰਾਨ (Patiala Heritage Festival ) ਸਵੇਰੇ 10 ਖਾਲਸਾ ਕਾਲਜ ਵਿਖੇ ਪਟਿਆਲਾ ਮਿਲਟਰੀ ਲਿਟਰੇਚਰ ਫੈਸਟੀਵਲ ਹੋਵੇਗਾ ਅਤੇ ਸ਼ਾਮ 6 ਵਜੇ ਕਿਲ੍ਹਾ ਮੁਬਾਰਕ ਵਿਖੇ ਸ਼ਾਸ਼ਤਰੀ ਸੰਗੀਤ ਦੀ ਸ਼ਾਮ ਵਿੱਚ ਵਿਸ਼ਵ ਪ੍ਰਸਿੱਧ ਸਿਤਾਰ ਵਾਦਕ ਨਿਲਾਦਰੀ ਕੁਮਾਰ ਵੱਲੋਂ ਸਿਤਾਰ ਵਾਦਨ ਤੇ ਉਘੇ ਤਬਲਾ ਵਾਦਕ ਸੱਤਿਆਜੀਤ ਤਲਵਾਲਕਰ ਵੱਲੋਂ ਤਬਲੇ ਦੀ ਪੇਸ਼ਕਾਰੀ ਦਿੱਤੀ ਜਾਵੇਗੀ।

ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਪੰਜਾਬੀਆਂ ਤੇ ਖਾਸ ਕਰਕੇ ਪਟਿਆਲਵੀਆਂ ਨੂੰ ਸੱਦਾ ਹੈ ਕਿ ਉਹ 13 ਫਰਵਰੀ ਤੋਂ ਸ਼ੁਰੂ ਹੋ ਰਹੇ ਪਟਿਆਲਾ ਹੈਰੀਟੇਜ ਫੈਸਟੀਵਲ ਦੇ ਵੱਖ-ਵੱਖ ਸਮਾਗਮਾਂ ਦਾ ਲਾਜਮੀ ਹਿੱਸਾ ਬਣਕੇ ਇਨ੍ਹਾਂ ਦਾ ਆਨੰਦ ਜਰੂਰ ਮਾਨਣ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮਾਗਮਾਂ ਵਿੱਚ ਕੋਈ ਦਾਖਲਾ ਟਿਕਟ ਨਹੀਂ ਸਗੋਂ ਐਂਟਰੀ ਮੁਫ਼ਤ ਹੈ।

Read More: DC ਡਾ. ਪ੍ਰੀਤੀ ਯਾਦਵ ਨੇ 7.65 ਕਰੋੜ ਰੁਪਏ ਲਾਗਤ ਨਾਲ ਉਸਾਰੇ ਜਾ ਰਹੇ ਨਵੇਂ ਪਟਵਾਰ ਸਟੇਸ਼ਨ ਦਾ ਲਿਆ ਜਾਇਜ਼ਾ

Exit mobile version