ਪਟਿਆਲਾ, 17 ਫਰਵਰੀ 2025: ਪਟਿਆਲਾ ਹੈਰੀਟੇਜ ਫੈਸਟੀਵਲ-2025 (Patiala Heritage Festival-2025) ਦੇ ਚੌਥੇ ਦਿਨ ਦੀ ਸੰਗੀਤਮਈ ਸ਼ਾਮ ਇਤਿਹਾਸਕ ਤੇ ਯਾਦਗਾਰੀ ਰਹੀ | ਇਸ ਮੌਕੇ ਭਾਰਤੀ ਸ਼ਾਸਤਰੀ ਸੰਗੀਤ ‘ਚ ਨਵੀਨਤਾ ਤੇ ਪਰੰਪਰਾਵਾਂ ਦੇ ਬੇਮਿਸਾਲ ਸੰਯੋਗ ਤੇ ਵਿਸ਼ਵ ਪ੍ਰਸਿੱਧ ਸਿਤਾਰ ਨਵਾਜ਼ ਨੀਲਾਦਰੀ ਕੁਮਾਰ ਨੇ ਪ੍ਰਸਿੱਧ ਤਬਲਾ ਵਾਦਕ ਸਤਿਆਜੀਤ ਤਲਵਲਕਰ ਦੇ ਤਬਲੇ ਦੀ ਤਾਲ ਨਾਲ ਤਾਲ ਮਿਲਾ ਕੇ ਸੰਗੀਤ ਦੀ ਖ਼ੂਬ ਛਹਿਬਰ ਲਾਈ। ਉਨ੍ਹਾਂ ਨੇ ਪਟਿਆਲਾ ਵਾਸੀਆਂ ਦੀ ਵਿਸ਼ੇਸ਼ ਮੰਗ ‘ਤੇ ਆਪਣੀ ਵਿਸ਼ੇਸ਼ ਪੇਸ਼ਕਾਰੀ ਦੀ ਸ਼ੁਰੂਆਤ ‘ਜ਼ਿਤਾਰ’ (ਇਲੈਕਟ੍ਰਿਕ ਸਿਤਾਰ) ਨਾਲ ਕਰਕੇ ਰੰਗ ਬੰਨ੍ਹਿਆ। ਉਨ੍ਹਾਂ ਨੇ ਸ਼ੁਰੂਆਤ ‘ਚ ਰਾਗ ਤਿਲਕ ਨੱਟ ਤੇ ਤਿਲਕ ਕਾਮੋਦ ਦਾ ਮਿਸ਼ਰਣ ਵਜਾਇਆ ਅਤੇ ਉਨ੍ਹਾਂ ਨੇ ਇਸੇ ਰਾਗ ‘ਚ ਖਰਜ ਦੀ ਧੁਨੀ ਛੇੜੀ।
ਬੀਤੀ ਸ਼ਾਮ ਪਟਿਆਲਾ ਦੇ ਪੁਰਾਤਨ ਕਿਲ੍ਹਾ ਮੁਬਾਰਕ ਦੇ ਦਰਬਾਰ ਹਾਲ ਦੇ ਖੁੱਲ੍ਹੇ ਵਿਹੜੇ ‘ਚ ਦੇ ਸਮਾਗਮ (Patiala Heritage Festival-2025) ਮੌਕੇ ਵੱਡੀ ਗਿਣਤੀ ‘ਚ ਪੁੱਜੇ ਕਲਾ ਪ੍ਰੇਮੀਆਂ ਤੇ ਪਟਿਆਲਵੀਆਂ ਨੇ ਇਸ ਸ਼ਾਸ਼ਤਰੀ ਸੰਗੀਤਮਈ ਸ਼ਾਮ ਦਾ ਖ਼ੂਬ ਆਨੰਦ ਮਾਣਿਆ।
ਪੰਜਾਬ ਦੇ ਸੱਭਿਆਚਾਰਕ ਤੇ ਸੈਰ ਸਪਾਟਾ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਨੌਜਵਾਨ ਪੀੜ੍ਹੀ ਨੂੰ ਆਪਣੀ ਵੱਡਮੁਲੀ ਵਿਰਾਸਤ ਤੋਂ ਜਾਣੂ ਕਰਵਾਉਣ ਲਈ ਕਰਵਾਏ ਜਾ ਰਹੇ ਇਸ ਵਿਰਾਸਤੀ ਉਤਸਵ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ, ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ, ਇਸ ਸਮਾਗਮ ਦੇ ਨੋਡਲ ਅਫ਼ਸਰ ਏ.ਡੀ.ਸੀ. ਇਸ਼ਾ ਸਿੰਗਲ ਅਤੇ ਐਸ.ਡੀ.ਐਮ. ਤਰਸੇਮ ਚੰਦ ਵੀ ਮੌਜੂਦ ਰਹੇ।
ਇਸ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਪੰਜਾਬ ‘ਚ ਸੈਰ-ਸਪਾਟਾ ਖੇਤਰ ਨੂੰ ਹੁਲਾਰਾ ਦੇਣ ਲਈ ਪੰਜਾਬ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਪਟਿਆਲਾ ਵਿਰਾਸਤੀ ਮੇਲਾ ਪਟਿਆਲਾ ਨੂੰ ਸੈਰ-ਸਪਾਟਾ ਦੇ ਕੇਂਦਰ ਵਜੋਂ ਉਭਾਰੇਗਾ। ਵਿਧਾਇਕ ਨੇ ਕਿਹਾ ਕਿ ਇਹ ਮੇਲੇ ਨਾ ਸਿਰਫ਼ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਪੇਸ਼ ਕਰ ਰਹੇ ਹਨ ਸਗੋਂ ਸਾਡੀ ਵਿਰਾਸਤ ਨੂੰ ਵੀ ਲੋਕਾਂ ਤੱਕ ਪਹੁੰਚਾਉਣ ਲਈ ਸਫਲ ਹੋਏ ਹਨ। ਵਿਧਾਇਕ ਨੇ ਕਿਹਾ ਕਿ ਮੈਨੂੰ ਉਮੀਦ ਹੀ ਨਹੀਂ ਬਲਕਿ ਯਕੀਨ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸੈਰ-ਸਪਾਟਾ ਦੇ ਪ੍ਰਮੁੱਖ ਕੇਂਦਰ ਵਜੋਂ ਆਪਣੀ ਸ਼ਾਨ ਮੁੜ ਬਹਾਲ ਕਰੇਗਾ।
ਇਸ ਸੱਭਿਆਚਾਰਕ ਸਮਾਗਮ ਮੌਕੇ ਸ਼ਾਸਤਰੀ ਅਤੇ ਆਧੁਨਿਕ ਸੰਗੀਤ ਨੂੰ ਇਕੱਠੇ ਜੋੜਨ ਦੇ ਮਹੱਤਵਪੂਰਨ ਕੰਮ ਨੂੰ ਅੰਜਾਮ ਦੇਣ ਲਈ ‘ਜ਼ਿਤਾਰ’ (ਇਲੈਕਟ੍ਰਿਕ ਸਿਤਾਰ) ਦੀ ਕਾਢ ਕੱਢਣ ਵਾਲੇ ਸੰਗੀਤ ਦੇ ਵਿਲੱਖਣ ਸ਼ਿਲਪਕਾਰ, ਫਿਲਮਫੇਅਰ ਅਤੇ ਸੰਗੀਤ ਨਾਟਕ ਅਕਾਦਮੀ ਐਵਾਰਡ ਨਾਲ ਸਨਮਾਨਿਤ ਨੀਲਾਦਰੀ ਕੁਮਾਰ ਨੇ ਆਪਣੀਆਂ ਬੇਜੋੜ ਬੰਦਿਸ਼ਾਂ, ਮਿੱਠੇ ਸੁਰਾਂ ਅਤੇ ਸੰਗੀਤ ਦੀ ਗਹਿਰੀ ਸੰਵੇਦਨਾ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਨੀਲਾਦਰੀ ਕੁਮਾਰ ਨੇ ਸੱਤਿਆਜੀਤ ਤਲਵਲਕਰ ਨਾਲ ਮਿਲਕੇ ਸ਼ਾਸਤਰੀ ਸੰਗੀਤ ਦੀ ਦਿਲਕਸ਼ ਪੇਸ਼ਕਾਰੀ ਦਿੱਤੀ ਅਤੇ ਸਿਤਾਰ ਤੇ ਜ਼ਿਤਾਰ ‘ਤੇ ਸੰਗੀਤਕ ਧੁਨਾਂ ਵਜਾ ਕੇ ਇਸ ਸੰਗੀਤਮਈ ਸ਼ਾਮ ਨੂੰ ਯਾਦਗਾਰੀ ਬਣਾ ਦਿੱਤਾ।
ਇਸ ਮੌਕੇ ਇਨ੍ਹਾਂ ਦੇ ਨਾਲ ਕੀਬੋਰਡ ‘ਤੇ ਏਗਨੀਲੋ ਫਰਨਾਡਿਸ ਅਤੇ ਡਰੰਮਜ ਤੇ ਜੈਂਬੇ ਉਪਰ ਸ਼ਿਖ਼ਰ ਨਾਦ ਖੁਰੈਸ਼ੀ ਨੇ ਸੰਗਤ ਕਰਕੇ ਸ਼ਾਸਤਰੀ ਸੰਗੀਤ ਦਾ ਅਨੋਖਾ ਸੁਮੇਲ ਪੇਸ਼ ਕੀਤਾ। ਉਨ੍ਹਾਂ ਦੇ ਨਾਲ ਤਕਨੀਕੀ ਡਾਇਰੈਕਟਰ ਲਕੀਰ ਮਹਿਤਾ ਤੇ ਮਿਸ ਸਮੀਰਾ ਕੇਲਕਰ ਵੀ ਮੌਜੂਦ ਸਨ। ਮੰਚ ਦਾ ਸੰਚਾਲਨ ਉਤਰ ਖੇਤਰੀ ਸੱਭਿਆਚਾਰਕ ਕੇਂਦਰ ਦੇ ਸਹਾਇਕ ਡਾਇਰੈਕਟਰ ਰਵਿੰਦਰ ਸ਼ਰਮਾ ਵੱਲੋਂ ਕੀਤਾ ਗਿਆ।
ਇਸ ਮੌਕੇ ਨੀਲਾਦਰੀ ਕੁਮਾਰ ਨੇ ਕਿਹਾ ਕਿ ਪਟਿਆਲਾ ਵਿਰਾਸਤੀ ਉਤਸਵ ਇੱਕ ਕੌਮਾਂਤਰੀ ਉਤਸਵ ਬਣ ਗਿਆ ਹੈ ਅਤੇ ਉਨ੍ਹਾਂ ਨੂੰ ਇੱਥੇ ਆ ਕੇ ਆਪਣੀ ਪੇਸ਼ਕਾਰੀ ਦੇਣ ਦਾ ਸੁਭਾਗ ਪ੍ਰਾਪਤ ਹੋਣਾ ਉਨ੍ਹਾਂ ਖ਼ੁਦ ਦੇ ਲਈ ਮਾਣ ਦੀ ਗੱਲ ਹੈ। ਜਿਕਰਯੋਗ ਹੈ ਕਿ ਭਾਰਤ ਰਤਨ ਉਸਤਾਦ ਬਿਸਮਿਲ੍ਹਾ ਖਾਨ ਯੁਵਾ ਪੁਰਸਕਾਰ ਅਤੇ ਸੰਗੀਤ ਨਾਟਕ ਅਕੈਡਮੀ ਦੁਆਰਾ ਆਦਿਤਿਆ ਬਿਰਲਾ ਕਲਾ ਕਿਰਨ ਪੁਰਸਕਾਰ ਨਾਲ ਸਨਮਾਨਿਤ ਪ੍ਰਸਿੱਧ ਤਬਲਾਵਾਦਕ ਸੱਤਿਆਜੀਤ ਤਲਵਲਕਰ ਅੱਜ ਦੇ ਨੌਜਵਾਨ ਅਤੇ ਪ੍ਰਤਿਭਾਸ਼ਾਲੀ ਤਬਲਾ ਵਾਦਕਾਂ ਵਿੱਚੋਂ ਇੱਕ ਪ੍ਰਮੁੱਖ ਹਨ। ਤਲਵਲਕਰ ਸੰਗੀਤ ਦੀ ਅਮੀਰ ਪਰੰਪਰਾ ‘ਚ ਤੇ ਉਹ ਮਹਾਨ ਗੁਰੂ ਪਦਮਸ਼੍ਰੀ ਤਾਲਯੋਗੀ ਪੰਡਿਤ ਸੁਰੇਸ਼ ਤਲਵਲਕਰ ਅਤੇ ਪ੍ਰਸਿੱਧ ਹਿੰਦੁਸਤਾਨੀ ਸ਼ਾਸਤਰੀ ਗਾਇਕਾ ਪਦਮਾ ਤਲਵਲਕਰ ਦੇ ਪੁੱਤਰ ਅਤੇ ਚੇਲੇ ਹਨ।
ਸੱਤਿਆਜੀਤ ਤਲਵਲਕਰ ਭਾਰਤੀ ਸੰਗੀਤ ਦੇ ਕੁਝ ਮਹਾਨ ਕਲਾਕਾਰਾਂ ਉਸਤਾਦ ਅਮਜਦ ਅਲੀ ਖਾਨ, ਪੰਡਿਤ ਹਰੀਪ੍ਰਸਾਦ ਚੌਰਸੀਆ, ਪੰਡਿਤ ਸ਼ਿਵਕੁਮਾਰ ਸ਼ਰਮਾ, ਪੰਡਿਤ ਜਸਰਾਜ, ਆਦਿ ਤਬਲਾ ਸੰਗਤ ਕਰ ਚੁੱਕੇ ਹਨ ਅਤੇ ਹੁਣ ਨੀਲਾਦਰੀ ਸਮੇਤ ਰਾਕੇਸ਼ ਚੌਰਸੀਆ, ਅਮਾਨ ਅਲੀ ਖਾਨ, ਅਯਾਨ ਅਲੀ ਖਾਨ, ਪੂਰਬਯਾਨ ਚੈਟਰਜੀ, ਰਾਹੁਲ ਸ਼ਰਮਾ ਵਰਗੇ ਉੱਘੇ ਨੌਜਵਾਨ ਕਲਾਕਾਰਾਂ ਨਾਲ ਵੀ ਸਟੇਜ ਸਾਂਝਾ ਕਰਦੇ ਹਨ।
Read More: Patiala Heritage Festival-2025: ਗਾਇਕ ਲਖਵਿੰਦਰ ਵਡਾਲੀ ਨੇ ਸੱਭਿਆਚਾਰਕ ਤੇ ਸੂਫ਼ੀ ਗਾਇਕੀ ਨਾਲ ਬੰਨ੍ਹਿਆ ਰੰਗ