July 5, 2024 1:05 am
Daler Mahindi

ਕਬੂਤਰਬਾਜ਼ੀ ਮਾਮਲੇ ‘ਚ ਪਟਿਆਲਾ ਕੋਰਟ ਵੱਲੋਂ ਦਲੇਰ ਮਹਿੰਦੀ ਦੀ ਸਜ਼ਾ ਬਰਕਰਾਰ

ਪਟਿਆਲਾ 14 ਜੁਲਾਈ 2022: ਪਟਿਆਲਾ ਦੇ ਐਡੀਸ਼ਨਲ ਸੈਸ਼ਨ ਜੱਜ ਐਚ ਐੱਸ ਗਰੇਵਾਲ ਨੇ ਮਸ਼ੂਹਰ ਪੰਜਾਬੀ ਗਾਇਕ ਦਲੇਰ ਮਹਿੰਦੀ (Daler Mahindi) ਦੀ ਸਜ਼ਾ ਨੂੰ ਬਰਕਰਾਰ ਰੱਖਦਿਆਂ ਉਨ੍ਹਾਂ ਨੂੰ ਦੋ ਸਾਲ ਲਈ ਜੇਲ੍ਹ ਭੇਜਣ ਦੇ ਹੁਕਮ ਦਿੰਦਿਆਂ ਦਲੇਰ ਮਹਿੰਦੀ ਨੂੰ ਤੁਰੰਤ ਹਿਰਾਸਤ ‘ਚ ਲੈਣ ਦੇ ਹੁਕਮ ਜਾਰੀ ਕਰ ਦਿੱਤੇ ਹਨ |ਇਸਦੇ ਨਾਲ ਹੀ ਦਲੇਰ ਮਹਿੰਦੀ ਨੂੰ ਦੋ ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ |

ਇਸ ਤੋਂ ਪਹਿਲਾਂ ਆਪਣੇ ਕੇਸ ਨੂੰ ਲੈ ਕੇ ਦਲੇਰ ਮਹਿੰਦੀ ਵਲੋਂ ਟ੍ਰਾਇਲ ਕੋਰਟ ਦੇ 2018 ਵਿੱਚ ਆਏ ਫੈਸਲੇ ਨੂੰ ਪਟਿਆਲਾ ਦੀ ਸੈਸ਼ਨ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਦੱਸ ਦੇਈਏ ਕਿ 2018 ਵਿੱਚ ਕਬੂਤਰਬਾਜ਼ੀ ਮਾਮਲੇ ‘ਚ ਮਸ਼ਹੂਰ ਪੰਜਾਬੀ ਗਾਇਕ ਦਲੇਰ ਮਹਿੰਦੀ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਸੀ | 2003 ਦੇ ਇਸ ਕੇਸ ‘ਚ 15 ਸਾਲਾਂ ਬਾਅਦ 2018 ਵਿੱਚ ਜੇ. ਐੱਮ. ਆਈ. ਸੀ. ਪਟਿਆਲਾ ਨਿਧੀ ਸੈਣੀ ਦੀ ਅਦਾਲਤ ਨੇ ਦਲੇਰ ਮਹਿੰਦੀ ਨੂੰ ਇਹ ਸਜ਼ਾ ਸੁਣਾਈ ਸੀ ਹਾਲਾਂਕਿ ਦਲੇਰ ਮਹਿੰਦੀ ਨੂੰ ਜ਼ਮਾਨਤ ਵੀ ਦੇ ਦਿੱਤੀ ਗਈ ਸੀ ਕਿਉਂ ਕਿ ਸਜ਼ਾ 3 ਸਾਲ ਤੋਂ ਘੱਟ ਸੀ। ਇਸ ਮਾਮਲੇ ਵਿਚ ਬੁਲਬੁਲ ਮਹਿਤਾ ਨੂੰ ਬਰੀ ਕਰ ਦਿੱਤਾ ਗਿਆ ਸੀ ਜਦਕਿ ਸ਼ਮਸ਼ੇਰ ਸਿੰਘ ਤੇ ਧਿਆਨ ਸਿੰਘ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।

ਜਿਕਰਯੋਗ ਹੈ ਕਿ ਸਾਲ 2003 ‘ ਚ ਥਾਣਾ ਸਦਰ ਪਟਿਆਲਾ ਦੀ ਪੁਲਿਸ ਨੇ ਪਿੰਡ ਬਲਬੇੜਾ ਹਲਕਾ ਸਨੌਰ ਦੇ ਰਹਿਣ ਵਾਲੇ ਬਖਸ਼ੀਸ਼ ਸਿੰਘ ਦੀ ਸ਼ਿਕਾਇਤ ‘ ਤੇ ਦਲੇਰ ਮਹਿੰਦੀ (Daler Mahindi), ਉਨ੍ਹਾਂ ਦੇ ਭਰਾ ਸ਼ਮਸ਼ੇਰ ਸਿੰਘ , ਧਿਆਨ ਸਿੰਘ ਤੇ ਬੁਲਬੁਲ ਮਹਿਤਾ ਖਿਲਾਫ ਮਾਮਲਾ ਦਰਜ ਕਰਵਾਇਆ ਸੀ । ਬਖਸ਼ੀਸ਼ ਸਿੰਘ ਦਾ ਕਹਿਣਾ ਸੀ ਕਿ ਦਲੇਰ ਮਹਿੰਦੀ ਨੇ ਉਸ ਤੋਂ ਵਿਦੇਸ਼ ਭੇਜਣ ਦੇ ਨਾਂ ‘ ਤੇ 20 ਲੱਖ ਰੁਪਏ ਲਏ ਸਨ । ਇਸ ਮਗਰੋਂ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਗਿਆ ਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ ਗਏ ।