ਪਟਿਆਲਾ/ਸਮਾਣਾ, 4 ਸਤੰਬਰ 2023: ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਆਪਣੇ ਕਾਰਜਕਾਲ ਦੇ ਡੇਢ ਸਾਲ ਦੇ ਸਮੇਂ ਵਿੱਚ ਹੀ ਪਟਿਆਲਾ (Patiala) ਸ਼ਹਿਰ ਨੂੰ ਅਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਪਾਇਲਟ ਪ੍ਰਾਜੈਕਟ ਉਲੀਕਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਡਾ ਕਦਮ ਪੁੱਟਦਿਆਂ ਸ਼ਹਿਰ ਵਾਸੀਆਂ ਲਈ ਇੱਕ ਵੱਡੀ ਸੌਗਾਤ ਦਿੱਤੀ ਗਈ ਹੈ, ਜਿਸ ਨਾਲ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ।
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਅੱਜ ਗਾਜੀਪੁਰ ਗਊਸ਼ਾਲਾ ਵਿਖੇ ਨਗਰ ਨਿਗਮ ਪਟਿਆਲਾ ਵੱਲੋਂ ਕਰੀਬ 700 ਪਸ਼ੂਆਂ ਲਈ 1.72 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਬਣਵਾਏ ਜਾ ਰਹੇ 3 ਸ਼ੈਡਾਂ ਦੇ ਕੰਮ ਦਾ ਜਾਇਜ਼ਾ ਲੈਣ ਲਈ ਗਊਸ਼ਾਲਾ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਉਪਲ, ਐਸ.ਈ. ਹਰਕਿਰਨ ਸਿੰਘ ਤੇ ਐਸ.ਡੀ.ਓ. ਰਾਜਦੀਪ ਸਿੰਘ ਸਮੇਤ ਕਾਲੀ ਮਾਤਾ ਮੰਦਿਰ ਕਮੇਟੀ ਦੇ ਨਰੇਸ਼ ਕੁਮਾਰ ਕਾਕਾ ਤੇ ਮਨਮੋਹਨ ਕਪੂਰ ਵੀ ਮੌਜੂਦ ਸਨ।
ਵਿਧਾਇਕ ਕੋਹਲੀ ਨੇ ਦੱਸਿਆ ਕਿ ਹਾਲ ਹੀ ਦੌਰਾਨ ਕੀਤੇ ਗਏ ਸਰਵੇ ਦੌਰਾਨ ਸ਼ਹਿਰ ਵਿੱਚ ਕਰੀਬ 645 ਅਵਾਰਾ ਪਸ਼ੂਆਂ ਦੀ ਗਿਣਤੀ ਕੀਤੀ ਗਈ, ਜਿਨ੍ਹਾਂ ਵਿੱਚੋਂ 230 ਪਸ਼ੂਆਂ ਨੂੰ ਫੜਕੇ ਗਊਸ਼ਾਲਾ ਵਿੱਚ ਤਬਦੀਲ ਕੀਤਾ ਜਾ ਚੁੱਕਾ ਹੈ ਅਤੇ ਬਾਕੀ ਦੇ 400 ਦੇ ਕਰੀਬ ਪਸ਼ੂ ਵੀ ਜਲਦੀ ਹੀ ਗਊਸ਼ਾਲਾ ਵਿੱਚ ਭੇਜੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਨੇ 1 ਕਰੋੜ 72 ਲੱਖ ਰੁਪਏ ਦੀ ਲਾਗਤ ਨਾਲ ਗਾਜੀਪੁਰ ਦੀ ਸਰਕਾਰੀ ਗਊਸ਼ਾਲਾ ਵਿਖੇ 3 ਸ਼ੈਡ ਬਣਵਾਉਣ ਦਾ ਟੈਂਡਰ ਲਗਾਇਆ ਹੈ, ਜਿਸ ਦਾ ਕੰਮ ਆਉਂਦੇ 4 ਮਹੀਨਿਆਂ ਵਿੱਚ ਮੁਕੰਮਲ ਹੋ ਜਾਵੇਗਾ।
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਪਟਿਆਲਾ ਸ਼ਹਿਰ ਦੇ ਲੋਕਾਂ ਨੂੰ ਦਰਪੇਸ਼ ਅਵਾਰਾ ਪਸ਼ੂਆਂ ਦੀ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਪਰੰਤੂ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਲੋਕਾਂ ਨੂੰ ਸੁਰੱਖਿਅਤ ਮਾਹੌਲ ਤੇ ਸੁਚਾਰੂ ਆਵਾਜਾਈ ਪ੍ਰਦਾਨ ਕਰਨ ਲਈ ਇਹ ਪਾਇਲਟ ਪ੍ਰਾਜੈਕਟ ਪਾਸ ਕੀਤਾ ਹੈ। ਉਨ੍ਹਾਂ ਕਿਹਾ ਇਸ ਪ੍ਰਾਜੈਕਟ ਦੇ ਲਾਗੂ ਹੋਣ ਨਾਲ ਪਹਿਲਾਂ ਪਟਿਆਲਾ ਸ਼ਹਿਰ ਅਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਮੁਕਤ ਹੋਵੇਗਾ ਅਤੇ ਬਾਅਦ ਵਿੱਚ ਜ਼ਿਲ੍ਹੇ ਦੀਆਂ ਸੜਕਾਂ ਤੇ ਬਾਕੀ ਸ਼ਹਿਰ ਅਵਾਰਾ ਪਸ਼ੂਆਂ ਤੋਂ ਰਹਿਤ ਕੀਤੇ ਜਾਣਗੇ।
ਵਿਧਾਇਕ ਕੋਹਲੀ ਨੇ ਪਸ਼ੂ ਪਾਲਕਾਂ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗਾਵਾਂ ਆਦਿ ਦਾ ਦੁੱਧ ਚੋਅ ਕੇ ਉਨ੍ਹਾਂ ਨੂੰ ਗਲੀਆਂ ਤੇ ਸੜਕਾਂ ਉਪਰ ਨਾ ਛੱਡਣ ਕਿਉਂਕਿ ਜਿਹੜਾ ਪਸ਼ੂ ਨਗਰ ਨਿਗਮ ਵੱਲੋਂ ਫੜਕੇ ਇੱਕ ਵਾਰ ਗਊਸ਼ਾਲਾ ਭੇਜਿਆ ਗਿਆ, ਉਹ ਵਾਪਸ ਨਹੀਂ ਦਿੱਤਾ ਜਾਵੇਗਾ।