Site icon TheUnmute.com

ਪਠਾਨਕੋਟ ਪੁਲਿਸ ਵਲੋਂ ਸੋਸ਼ਲ ਮੀਡੀਆ ‘ਤੇ ਹਥਿਆਰਾਂ ਦੀ ਪ੍ਰਦਰਸ਼ਨੀ ਕਰਨ ਵਾਲੇ ਤਿੰਨ ਵਿਅਕਤੀ ਗ੍ਰਿਫਤਾਰ

Jalandhar police

ਪਠਾਨਕੋਟ 23 ਨਵੰਬਰ 2022: ਜਨਤਕ ਤੌਰ ਤੇ ਹਥਿਆਰਾਂ ਦੀ ਪ੍ਰਦਰਸ਼ਨੀ ਅਤੇ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ਤੇ ਪਾਬੰਦੀ ਲਗਾਉਣ ਲਈ ਸੂਬਾ ਸਰਕਾਰ ਦੀ ਪ੍ਰਮੁੱਖ ਮੁਹਿੰਮ ਦੇ ਹਿੱਸੇ ਵਜੋਂ, ਪਠਾਨਕੋਟ ਪੁਲਿਸ ਨੇ ਸੋਸ਼ਲ ਮੀਡੀਆ ਤੇ ਬੰਦੂਕ ਸੱਭਿਆਚਾਰ ਦੀ ਪ੍ਰਦਰਸ਼ਨੀ ਕਰਕੇ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਮੁਕੱਦਮਾ ਦਰਜ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਗਗਨਦੀਪ ਸਿੰਘ ਪੁੱਤਰ ਅਸ਼ੋਕ ਕੁਮਾਰ ਵਾਸੀ ਪਿੰਡ ਨਿਊ ਥਰਿਆਲ, ਅਸ਼ੋਕ ਕੁਮਾਰ ਵਾਸੀ ਕਸ਼ਮੀਰੀ ਮੁਹੱਲਾ, ਸੁਜਾਨਪੁਰ, ਪਠਾਨਕੋਟ ਅਤੇ ਲਖਵਿੰਦਰ ਸਿੰਘ ਵਾਸੀ ਨਿਊ ਥਿਰਾਲ, ਵਜੋਂ ਹੋਈ ਹੈ।

ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸੀਨੀਅਰ ਪੁਲਿਸ ਕਪਤਾਨ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਹਥਿਆਰਾਂ ਦੀ ਪ੍ਰਦਰਸ਼ਨੀ ਕਰਨ ਵਾਲੇ ਲੋਕਾਂ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖਣ ਲਈ ਇੱਕ ਵਿਸ਼ੇਸ਼ ਸੋਸ਼ਲ ਮੀਡੀਆ ਟੀਮ ਬਣਾਈ ਗਈ ਹੈ।

ਅਲਰਟ ਸੋਸ਼ਲ ਮੀਡੀਆ ਟੀਮ ਨੇ ਸੋਸ਼ਲ ਮੀਡੀਆ ‘ਤੇ ਹਥਿਆਰਾਂ ਨੂੰ ਜਨਤਕ ਤੌਰ ਤੇ ਪ੍ਰਦਰਸ਼ਿਤ ਕਰਨ ਤੇ ਪੰਜਾਬ ਸਰਕਾਰ ਦੀ ਰਾਜ ਵਿਆਪੀ ਪਾਬੰਦੀ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਇੰਸਟਾਗ੍ਰਾਮ ਤੇ ਹਥਿਆਰਾਂ ਦੀ ਪ੍ਰਦਰਸ਼ਨੀ ਕਰਨ ਵਾਲੇ ਉਪਰੋਕਤ ਅਪਰਾਧੀਆਂ ਦੀ ਇੱਕ ਵੀਡੀਓ ਲੱਭੀ ਹੈ। ਪੁਲਿਸ ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਹਨਾਂ ਖਿਲਾਫ ਥਾਣਾ ਸ਼ਾਹਪੁਰਕੰਡੀ, ਪਠਾਨਕੋਟ ਵਿਖੇ ਮੁਕੱਦਮਾ ਦਰਜ ਕਰ ਲਿਆ ਅਤੇ ਦੋ .32 ਬੋਰ ਰਿਵਾਲਵਰ ਅਤੇ ਵੀਡੀਓ ਵਿੱਚ ਦਿਖਾਈ ਦੇ ਰਹੀ ਸਫਾਰੀ ਕਾਰ ਨੂੰ ਜ਼ਬਤ ਕਰ ਲਿਆ ਹੈ।

ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਅਸਲਾ ਉਨ੍ਹਾਂ ਦਾ ਹੈ ਅਤੇ ਉਨ੍ਹਾਂ ਨੇ ਗੁਨਾਹ ਕਬੂਲ ਕਰ ਲਿਆ ਹੈ। ਉਹ ਇੰਸਟਾਗ੍ਰਾਮ ਅਕਾਊਂਟ ‘ਤੇ ਲਗਾਤਾਰ ਪੰਜਾਬੀ ਗੀਤਾਂ ਦੇ ਨਾਲ ਅਸਲੇ ਦੀਆਂ ਵੀਡੀਓਜ਼ ਪੋਸਟ ਕਰ ਰਹੇ ਸਨ।ਐਸਐਸਪੀ ਖੱਖ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਮਾਣਯੋਗ ਡੀਜੀਪੀ ਪੰਜਾਬ ਸ੍ਰੀ ਗੌਰਵ ਯਾਦਵ ਆਈ.ਪੀ.ਐਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਨਤਕ ਜਾਂ ਸੋਸ਼ਲ ਮੀਡੀਆ ਵਿੱਚ ਹਥਿਆਰਾਂ ਦੀ ਪ੍ਰਦਰਸ਼ਨੀ ਕਰਨ ਵਾਲੇ ਗੀਤਾਂ ਅਤੇ ਗਤੀਵਿਧੀਆਂ ਦੀ ਪੂਰਨ ਮਨਾਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

ਪੁਲਿਸ ਦੀਆਂ ਟੀਮਾਂ ਹਥਿਆਰਾਂ ਨੂੰ ਇੰਸਟਾਗ੍ਰਾਮ ਰੀਲਾਂ ਦੀ ਵਰਤੋਂ ਕਰਕੇ ਅਸਲੇ ਦੀ ਜਨਤਕ ਪਰਦਰਸ਼ਨੀ ਕਰਦੇ ਪਾਏ ਜਾਣ ਵਾਲੇ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕਰ ਰਹੀਆਂ ਹਨ। ਐਸਐਸਪੀ ਨੇ ਦੱਸਿਆ ਕਿ ਪੁਲੀਸ ਨੇ ਅਪਰਾਧੀਆਂ ਦੇ ਅਸਲਾ ਲਾਇਸੈਂਸ ਰੱਦ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੱਤਰ ਲਿਖਿਆ ਹੈ।

Exit mobile version