July 7, 2024 7:34 pm
Parkash Singh Badal

ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਨਾਮਜ਼ਦਗੀ ਪੱਤਰ ਕੀਤਾ ਦਾਖ਼ਲ

ਲੰਬੀ 31 ਜਨਵਰੀ 2022: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (Parkash Singh Badal) ਨੇ ਅੱਜ ਲੰਬੀ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ – ਬਸਪਾ ਗੱਠਜੋੜ ਦੇ ਉਮੀਦਵਾਰ ਵਜੋਂ ਆਪਣਾ ਨਾਮਜ਼ਦਗੀ ਪੱਤਰ ਮਲੋਟ ਸਥਿਤ ਮਿਮਿਟ ਵਿਖੇ ਏ ਡੀ ਸੀ -ਕਮ \ਰਿਟਰਨਿੰਗ ਅਫਸਰ ਰਾਜਦੀਪ ਕੌਰ ਕੋਲ ਭਰੇ । ਦੱਸ ਦਈਏ ਕਿ ਅੱਜ ਪ੍ਰਕਾਸ਼ ਸਿੰਘ ਬਾਦਲ ਦੇ ਨਾਮਜ਼ਦਗੀ ਪੱਤਰ ਭਰਨ ਦੇ ਉਪਰੰਤ ਰਾਜਨੀਤੀ ਵਿੱਚ ਬਹੁਤ ਸਾਰੇ ਰਿਕਾਰਡ ਦਰਜ ਹੋਏ ਹਨ। ਪ੍ਰਕਾਸ਼ ਸਿੰਘ ਬਾਦਲ 94 ਸਾਲ ਦੀ ਉਮਰ ਦੇ ਵਿਚ ਕਾਗਜ਼ ਭਰਨ ਵਾਲੇ ਭਾਰਤ ਦੇ ਪਹਿਲੇ ਸਭ ਤੋਂ ਬਜ਼ੁਰਗ ਸਿਆਸਤਦਾਨ ਹਨ ਜੋ ਕਿ ਚੋਣ ਲੜ ਰਹੇ ਹਨ । ਇਸ ਤੋਂ ਪਹਿਲਾਂ ਇਹ ਰਿਕਾਰਡ ਕੇਰਲਾ ਦੇ ਸਾਬਕਾ ਮੁੱਖ ਮੰਤਰੀ ਵੀ ਐਸ ਅਛੂਤਾਨੰਦਨ ਦੇ ਨਾਮ ਸੀ। ਜਿਨ੍ਹਾਂ ਨੇ 92 ਸਾਲ ਦੀ ਉਮਰ ਦੇ ਵਿੱਚ 2016 ‘ਚ ਚੋਣ ਲੜੀ । ਇਸ ਤੋਂ ਇਲਾਵਾ ਪ੍ਰਕਾਸ਼ ਸਿੰਘ ਬਾਦਲ 1970 ਦੇ ਵਿੱਚ ਪੰਜਾਬ ਦੇ ਸਭ ਤੋਂ ਨੌਜਵਾਨ ਮੁੱਖ ਮੰਤਰੀ ਰਹੇ ਅਤੇ 2012 ਦੇ ਵਿਚ ਸਭ ਤੋਂ ਬਜ਼ੁਰਗ ਮੁੱਖ ਮੰਤਰੀ ਦਾ ਰਿਕਾਰਡ ਵੀ ਉਨ੍ਹਾਂ ਦੇ ਨਾਮ ਹੈ। ਪ੍ਰਕਾਸ਼ ਸਿੰਘ ਬਾਦਲ ਲਗਾਤਾਰ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਹਨ। ਹੁਣ ਤਕ ਪ੍ਰਕਾਸ਼ ਸਿੰਘ ਬਾਦਲ 1967 ਦੇ ਵਿਚ ਇਕ ਚੋਣ ਹਾਰੇ ਹਨ ਉਹ ਚੋਣ ਗਿੱਦੜਬਾਹਾ ਤੋਂ ਹਰਚਰਨ ਸਿੰਘ ਬਰਾੜ ਤੋਂ ਹਾਰੇ ਅਤੇ ਇਹ ਚੋਣ ਮਹਿਜ਼ 57 ਵੋਟਾਂ ਤੇ ਹਾਰੇ ਸਨ।

ਪ੍ਰਕਾਸ਼ ਸਿੰਘ ਬਾਦਲ (Parkash Singh Badal) ਨੇ ਆਪਣਾ ਰਾਜਨੀਤਕ ਸਫ਼ਰ 1947 ਦੇ ਵਿੱਚ ਪਿੰਡ ਦਾ ਸਰਪੰਚ ਬਣਨ ਤੋਂ ਬਾਅਦ ਸ਼ੁਰੂ ਕੀਤਾ l ਉਹ 1997 ਤੋਂ ਲੈ ਕੇ ਲਗਾਤਾਰ ਹੁਣ ਤਕ ਲੰਬੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਦੀ ਚੋਣ ਲੜ ਰਹੇ ਹਨ । ਇਸ ਤੋਂ ਪਹਿਲਾਂ ਉਹ ਗਿੱਦੜਬਾਹਾ ਤੋਂ ਵਿਧਾਇਕ ਦੀ ਚੋਣ ਲੜਦੇ ਰਹੇ ਹਨ । 1957 ਵਿੱਚ ਉਨ੍ਹਾਂ ਨੇ ਮਲੋਟ ਤੋਂ ਵੀ ਵਿਧਾਇਕ ਦੀ ਚੋਣ ਲੜੀ ਅਤੇ ਇਹ ਚੋਣ ਉਨ੍ਹਾਂ ਨੇ ਕਾਂਗਰਸ ਵੱਲੋਂ ਲੜੀ ਸੀ ।ਪ੍ਰਕਾਸ਼ ਸਿੰਘ ਬਾਦਲ ਨੇ ਹੁਣ ਤਕ ਦੋ ਅਸੈਂਬਲੀ ਚੋਣਾਂ ਨਹੀਂ ਲੜੇ ਉਹ 1962 ਅਤੇ 1992 ਦੇ ਹਨ, ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਵੋਟਾਂ ਦਾ ਬਾਈਕਾਟ ਕੀਤਾ ਸੀ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ 2015 ਦੇ ਵਿੱਚ ਪਦਮ ਵਿਭੂਸ਼ਣ ਨਾਲ ਵੀ ਸਨਮਾਨਿਆ ਗਿਆ ਜੋ ਉਨ੍ਹਾਂ ਨੇ 2020 ਵਿਚ ਕਿਸਾਨ ਖੇਤੀਬਾੜੀ ਬਿਲ ਲਾਗੂ ਹੋਣ ਤੇ ਵਾਪਸ ਕਰ ਦਿੱਤਾ ।

ਇਸ ਵਾਰ ਲੰਬੀ ਵਿਧਾਨ ਸਭਾ ਹਲਕੇ ਵਿੱਚ ਕਾਂਗਰਸ ਵੱਲੋਂ ਜਗਪਾਲ ਸਿੰਘ ਅਬੁਲਖੁਰਾਨਾ ਅਤੇ ਆਮ ਆਦਮੀ ਪਾਰਟੀ ਵੱਲੋਂ ਗੁਰਮੀਤ ਸਿੰਘ ਖੁੱਡੀਆਂ ਉਮੀਦਵਾਰ ਹਨ । ਨਾਮਜ਼ਦਗੀ ਪੱਤਰ ਦਾਖ਼ਲ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਲੰਬੀ ਵਿਧਾਨ ਸਭਾ ਦੇ ਹਲਕੇ ਦੇ ਲੋਕ ਹਮੇਸ਼ਾ ਉਨ੍ਹਾਂ ਨੂੰ ਸਤਿਕਾਰ ਪਿਆਰ ਦਿੰਦੇ ਰਹੇ ਹਨ ਅਤੇ ਇਸ ਵਾਰ ਵੀ ਉਹ ਲੰਬੀ ਵਿਧਾਨ ਸਭਾ ਹਲਕੇ ਤੋਂ ਚੋਣ ਜਿੱਤਣਗੇ।