June 30, 2024 10:35 pm

ਪਰਗਟ ਸਿੰਘ ਵਲੋਂ ਜੀ.ਐਨ.ਏ ਯੂਨੀਵਰਸਿਟੀ ਵਿਖੇ ਕਮਿਊਨਟੀ ਰੇਡੀਓ ਦਾ ਉਦਘਾਟਨ

ਚੰਡੀਗੜ੍ਹ12 ਨਵੰਬਰ 2021 – ਖੇਡ ਅਤੇ ਸਿੱਖਿਆ ਮੰਤਰੀ ਪੰਜਾਬ ਸ੍ਰ.ਪਰਗਟ ਸਿੰਘ ਨੇ ਨੌਜਵਾਨ ਲਈ ਸਭ ਤੋਂ ਵਧੀਆ ਰੋਜ਼ਗਾਰ ਅਤੇ ਸਿੱਖਿਆ ਦੇ ਮੌਕੇ ਪੈਦਾ ਕਰਨ ਦਾ ਭਰੋਸਾ ਦਿੰਦਿਆਂ ਉਨਾਂ ਨੂੰ ਜਿੰਦਗੀ ਵਿੱਚ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹਣ ਲਈ ਹਮੇਸ਼ਾਂ ਸਕਰਾਤਮਕ ਪਹੁੰਚ ਅਪਣਾਉਣ ਦਾ ਸੱਦਾ ਦਿੱਤਾ ਗਿਆ।

ਸ੍ਰ.ਪਰਗਟ ਸਿੰਘ ਵਲੋਂ ਜੀ.ਐਨ.ਏ.ਯੂਨੀਵਰਸਿਟੀ ਵਿਖੇ ਕਮਿਊਨਟੀ ਰੇਡੀਓ ਸਟੇਸ਼ਨ-ਜੀਐਨਏ ਰੇਡੀਓ 90.0 ਦਾ ਉਦਘਾਟਨ ਕਰਨ ਮੌਕੇ ਇਹ ਦੱਸਿਆ ਗਿਆ ਕਿ ਸੂਬਾ ਸਰਕਾਰ ਵਲੋਂ ਸਿੱਖਿਆ ਪ੍ਰਣਾਲੀ ਨੂੰ ਹੁਨਰਮੰਦ ਸਿੱਖਿਆ ਵਿੱਚ ਬਦਲਣ ਲਈ ਸੰਜੀਦਾ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਵੱਧ ਤੋਂ ਵੱਧ ਨੌਜਵਾਨਾਂ ਨੂੰ ਸੂਬੇ ਵਿੱਚ ਹੀ ਵਧੀਆ ਰੋਜ਼ਗਾਰ ਪ੍ਰਾਪਤ ਹੋ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਵੱਡੇ ਪੱਧਰ ‘ਤੇ ਤੁਰੰਤ ਬਦਲਾਅ ਲਿਆਂਦੇ ਜੋ ਸਚਮੁੱਚ ਹੀ ਸਾਡੇ ਨੌਜਵਾਨਾਂ ਦੀ ਕਿਸਮਤ ਬਦਲਣ ਵਿੱਚ ਸਹਾਈ ਹੋਣ।

ਸ੍ਰ.ਪਰਗਟ ਸਿੰਘ ਨੇ ਜ਼ਿਕਰ ਕੀਤਾ ਕਿ ਸੂਬਾ ਸਰਕਾਰ ਵਲੋਂ ਜਾਣਕਾਰੀ ਦੇ ਅਦਾਨ ਪ੍ਰਦਾਨ ਲਈ ਸਾਰੀਆਂ ਸਰਕਾਰੀ ਅਤੇ ਪ੍ਰਾਈਵੇਟ ਵਿਦਿਅਕ ਸੰਸਥਾਵਾਂ ਦੇ ਮਾਹਿਰਾਂ ਨੂੰ ਇਕ ਮੰਚ ‘ਤੇ ਲਿਆਉਣ ਦਾ ਕੰਮ ਕੀਤਾ ਜਾ ਰਿਹਾ ਹੈ ਜਿਸ ਦਾ ਇਕ ਮਨੋਰਥ ਸਿੱਖਿਆ ਨੂੰ ਆਜੋਕ ਸਮੇਂ ਦਾ ਹਾਣੀ ਬਣਾਉਣਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਿੱਖਿਆ ਅਤੇ ਖੇਡ ਵਿਭਾਗ ਨਾਲ ਉੱਚ ਸਿੱਖਿਆ ਸ਼ਾਸਤਰੀਆਂ, ਉਦਯੋਗਪਤੀਆਂ ਦੇ ਅਧਾਰ ‘ਤੇ ਸਪੈਸ਼ਲ ਮਾਹਿਰ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ ਤਾਂ ਜੋ ਸਿੱਖਿਆ ਨੂੰ ਭਵਿੱਖ ਨਿਰਮਾਣ ਦਾ ਸਾਧਨ ਬਣਾਇਆ ਜਾ ਸਕੇ।

ਖਿਡਾਰੀ ਹੋਣ ਦੇ ਨਾਤੇ ਆਪਣੇ ਸੰਘਰਸ਼ ਨੂੰ ਸਾਂਝਾ ਕਰਦਿਆਂ ਸ੍ਰ.ਪਰਗਟ ਸਿੰਘ ਨੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਜਿੰਦਗੀ ਵਿੱਚ ਸਫ਼ਲਤਾ ਹਾਸਲ ਕਰਨ ਲਈ ਮਿਹਨਤ ਦਾ ਰਾਹ ਅਪਣਾਉਣ ਕਿਉਂਕਿ ਇਸ ਨਾਲ ਉਨਾਂ ਦੇ ਆਤਮ ਵਿਸ਼ਵਾਸ ਵਿੱਚ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਵਿਦਿਅਕ ਸੰਸਥਾਵਾਂ ‘ਤੇ ਵਿਦਿਆਰਥੀਆਂ ਦੇ ਚਰਿੱਤਰ ਨਿਰਮਾਣ ਦੀ ਸਭ ਤੋਂ ਵੱਡੀ ਜਿੰਮੇਵਾਰੀ ਹੈ ਜਿਸ ਨਾਲ ਰਾਸ਼ਟਰ ਨਿਰਮਾਣ ਹੋ ਸਕੇਗਾ।

ਇਸ ਮੌਕੇ ਸ੍ਰ.ਪਰਗਟ ਸਿੰਘ ਵਲੋਂ ਜੀ.ਐਨ.ਏ.ਯੂਨੀਵਰਸਿਟੀ ਦੇ ਨਾਮ ‘ਤੇ ਜੀਐਨਏ ਕਮਿਊਨਟੀ ਰੇਡੀਓ-ਜੀਐਨਏ ਰੇਡੀਓ 90.0 ‘ ਦੁਨੀਆਂ ਬਦਲ ਦੇਂਗੇ’ ਦੀ ਸ਼ੁਰੂਆਤ ਕਰਨ ਤੋਂ ਇਲਾਵਾ ਆਸ ਪ੍ਰਗਟਾਈ ਕਿ ਇਹ ਕਮਿਊਨਟੀ ਰੇਡੀਓ ਲੋਕਾਂ ਨੂੰ ਆਪਣੀ ਨਿਵੇਕਲੀ ਪਹਿਲ ਤੇ ਨਵੀਨਤਮ ਵਿਚਾਰਾਂ ਨਾਲ ਉਚਾਈਆਂ ‘ਤੇ ਜਾਵੇਗਾ। ਉਨ੍ਹਾਂ ਵਲੋਂ ਯੂਨੀਵਰਸਿਟੀ ਕੈਂਪਸ ਵਿਖੇ ਰੇਡੀਓ ਸਟੇਸ਼ਨ ‘ਤੇ ਭਾਸ਼ਣ ਵੀ ਰਿਕਾਰਡ ਕਰਵਾਇਆ ਗਿਆ।

ਇਸ ਮੌਕੇ ਪ੍ਰੋਜੈਕਟ ‘ਤੇ ਚਾਨਣਾ ਪਾਉਂਦਿਆਂ ਪ੍ਰੋ-ਚਾਂਸਲਰ ਸ੍ਰ.ਗੁਰਦੀਪ ਸਿੰਘ ਸੀਹਰਾ ਨੇ ਦੱਸਿਆ ਕਿ ਜੀ.ਐਨ.ਏ. ਰੇਡੀਓ 90.0 ਨਾਨ-ਕਮਰਸ਼ੀਅਲ ਰੇਡੀਓ ਸੈਟਅਪ ਹੋਵੇਗਾ ਜਿਸ ਦਾ 20 ਕਿਲੋਮੀਟਰ ਦੇ ਦਾਇਰੇ ਵਿੱਚ ਆਉਂਦੇ ਸਥਾਨਕ ਲੋਕਾਂ ਨੂੰ ਲਾਭ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਲੋਕ ਜੀਐਨਏ ਰੇਡੀਓ 90.0 ‘ਦੁਨੀਆ ਬਦਲ ਦੇਂਗੇ’ ਤੋਂ ਯੂਨੀਵਰਸਿਟੀ ਦੇ ਵੈਬਪੇਜ ਦੇ ਫ੍ਰਿਕੁਐਂਸੀ 90.0 ਐਫ.ਐਮ ਤੋਂ ਸੁਣ ਸਕਣਗੇ। ਉਨ੍ਹਾਂ ਕਿਹਾ ਕਿ ਕਮਿਊਨਟੀ ਰੇਡੀਓ ਸ਼ੁਰੂ ਕਰਨ ਦਾ ਮਨੋਰਥ ਜਰੂਰੀ ਹੁਨਰ ਨੂੰ ਜਿੰਦਗੀ ਦਾ ਹਿੱਸਾ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਕਮਿਊਨਟੀ ਰੇਡੀਓ ਦਾ ਜ਼ੋਰ ਨੈਚਰੂਪੈਥੀ, ਆਯੂਰਵੇਦਾ, 12 ਪਾਸ ਵਿਦਿਆਰਥੀਆਂ ਲਈ ਕਰੀਅਰ ਕਾਊਂਸਲਿੰਗ,ਸਖਸ਼ੀਅਤ ਵਿਕਾਸ ਸੈਸ਼ਨ, ਮੋਟੀਵੇਸ਼ਨਲ ਲੈਕਚਰ ਆਦਿ ‘ਤੇ ਹੋਵੇਗਾ।

ਇਸ ਮੌਕੇ ਵਾਈਸ ਚਾਂਸਲਰ ਡਾ.ਵੀ.ਕੇ.ਰਤਨ, ਫੈਕਲਟੀ ਡੀਨ ਡਾ.ਦਿਸ਼ਾ ਖੰਨਾ, ਡਾ.ਮੋਨੀਕਾ ਹੰਸਪਾਲ ਅਤੇ ਹੋਰ ਸਖਸ਼ੀਅਤਾਂ ਵਲੋਂ ਮੁੱਖ ਮਹਿਮਾਨ ਨੂੰ ਯੂਨੀਵਰਸਿਟੀ ਦਾ ਸੋਵੀਨਾਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ।