ਚੰਡੀਗ੍ਹੜ, 18 ਜਨਵਰੀ 2024: ਪੰਜਾਬ ਦੇ ਜਲੰਧਰ ਦੇ ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ (school) ਦੇ ਪ੍ਰਿੰਸੀਪਲ ਦੀ ਦੋ ਬੀਬੀ ਅਧਿਆਪਕਾਂ ਨਾਲ ਇਤਰਾਜ਼ਯੋਗ ਫੋਟੋ ਵਾਇਰਲ ਹੋਣ ਤੋਂ ਬਾਅਦ ਅੱਜ ਮਾਪਿਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਮਾਪਿਆਂ ਦਾ ਦੋਸ਼ ਹੈ ਕਿ ਅਜੇ ਤੱਕ ਨਾ ਤਾਂ ਪ੍ਰਿੰਸੀਪਲ ਅਤੇ ਨਾ ਹੀ ਅਧਿਆਪਕਾਂ ਖ਼ਿਲਾਫ਼ ਕੋਈ ਕਾਰਵਾਈ ਕੀਤੀ ਗਈ ਹੈ। ਅਜਿਹੀ ਘਟਨਾ ਤੋਂ ਬਾਅਦ ਉਨ੍ਹਾਂ ਦੇ ਬੱਚਿਆਂ ‘ਤੇ ਇਸ ਦਾ ਬੁਰਾ ਪ੍ਰਭਾਵ ਪੈ ਰਿਹਾ ਹੈ।
ਦਰਅਸਲ, ਵਿਵਾਦਿਤ ਤਸਵੀਰਾਂ ਸਾਹਮਣੇ ਆਉਂਦੇ ਹੀ ਮਾਪਿਆਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ। ਮਾਪਿਆਂ ਨੇ ਦੱਸਿਆ ਕਿ ਅੱਜ ਸਵੇਰੇ ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਕ ਸਕੂਲ ਨਹੀਂ ਆਏ। ਮਾਪਿਆਂ ਵੱਲੋਂ ਪ੍ਰਿੰਸੀਪਲ ਅਤੇ ਦੋਵਾਂ ਅਧਿਆਪਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਮਾਪਿਆਂ ਦਾ ਕਹਿਣਾ ਹੈ ਕਿ ਪ੍ਰਿੰਸੀਪਲ ਨੂੰ ਮੁਅੱਤਲ ਕਰਨਾ ਹੱਲ ਨਹੀਂ ਹੈ। ਉਨ੍ਹਾਂ ਨੂੰ ਸਕੂਲ ਨਹੀਂ ਆਉਣ ਦਿੱਤਾ ਜਾਣਾ ਚਾਹੀਦਾ। ਇਸ ਦੇ ਨਾਲ ਹੀ ਅਧਿਆਪਕਾਂ ਨੂੰ ਸਿਰਫ਼ ਛੁੱਟੀ ‘ਤੇ ਭੇਜਿਆ ਗਿਆ ਹੈ।
ਇਸ ਸਾਰੀ ਘਟਨਾ ਦਾ ਸਕੂਲੀ (school) ਬੱਚਿਆਂ ’ਤੇ ਮਾੜਾ ਅਸਰ ਪਿਆ ਹੈ। ਪ੍ਰਿੰਸੀਪਲ ਵੱਲੋਂ ਦਰਵਾਜ਼ਾ ਬੰਦ ਰੱਖਿਆ ਗਿਆ। ਇਸ ਦੌਰਾਨ ਨਾ ਤਾਂ ਮਾਪਿਆਂ ਅਤੇ ਨਾ ਹੀ ਕਿਸੇ ਅਧਿਆਪਕ ਨੂੰ ਮਿਲਣ ਦਿੱਤਾ ਗਿਆ। ਪ੍ਰਿੰਸੀਪਲ ਦੇ ਕਮਰੇ ਵਿੱਚ ਕੈਮਰੇ ਲੱਗੇ ਹੋਏ ਹਨ, ਫਿਰ ਵੀ ਫੋਟੋ ਕਲਿੱਕ ਕੀਤੀ ਗਈ ਅਤੇ ਵਾਇਰਲ ਵੀ ਹੋ ਗਈ।
ਦਰਅਸਲ, ਉਕਤ ਸਕੂਲ ਦੇ ਪ੍ਰਿੰਸੀਪਲ ਦੀਆਂ ਦੋ ਮਹਿਲਾ ਅਧਿਆਪਕਾਂ ਨਾਲ ਇਤਰਾਜ਼ਯੋਗ ਤਸਵੀਰਾਂ ਵਾਇਰਲ ਹੋਈਆਂ ਸਨ। ਜਿਸ ਤੋਂ ਬਾਅਦ ਪ੍ਰਬੰਧਕਾਂ ਨੇ ਲੰਮਾ ਪਿੰਡ ਦੇ ਅਰਜੁਨ ਨਗਰ ਸਥਿਤ ਇਸ ਸਕੂਲ ਦੇ ਪ੍ਰਿੰਸੀਪਲ ਨੂੰ ਮੁਅੱਤਲ ਕਰ ਦਿੱਤਾ ਹੈ। ਉਸ ਤੋਂ ਸਕੂਲ ਦਾ ਸਾਰਾ ਹਿਸਾਬ ਕਿਤਾਬ ਲੈ ਲਿਆ ਗਿਆ ਹੈ। ਇਸ ਦੇ ਨਾਲ ਹੀ ਜਿਨ੍ਹਾਂ ਦੋ ਅਧਿਆਪਕਾਂ ਨਾਲ ਉਸ ਦੀ ਫੋਟੋ ਵਾਇਰਲ ਹੋਈ ਸੀ, ਉਨ੍ਹਾਂ ਨੂੰ ਛੁੱਟੀ ‘ਤੇ ਭੇਜ ਦਿੱਤਾ ਗਿਆ।
ਪ੍ਰਿੰਸੀਪਲ ਨੇ ਫੋਟੋ ਨੂੰ ਝੂਠਾ ਕਰਾਰ ਦਿੰਦੇ ਹੋਏ ਦਾਅਵਾ ਕੀਤਾ ਹੈ ਕਿ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਨਾਲ ਬਣਾਈ ਗਈ ਸੀ। ਜਿਨ੍ਹਾਂ ਔਰਤਾਂ ਨਾਲ ਉਸ ਦੀ ਫੋਟੋ ਦਿਖਾਈ ਜਾ ਰਹੀ ਹੈ, ਉਹ ਉਸ ਦੀਆਂ ਧੀਆਂ ਵਰਗੀਆਂ ਹਨ। ਸਕੂਲ ਪ੍ਰਬੰਧਕਾਂ ਨੇ ਇਸ ਪੂਰੇ ਮਾਮਲੇ ਦੀ ਸ਼ਿਕਾਇਤ ਪੁਲਿਸ ਦੇ ਸਾਈਬਰ ਸੈੱਲ ਨੂੰ ਦਿੱਤੀ ਹੈ।