ਨਸ਼ੇ ਦੀ ਓਵਰਡੋਜ਼

ਨਾਭਾ ‘ਚ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ

ਪਟਿਆਲਾ 06 ਅਕਤੂਬਰ 2022: ਬੇਸ਼ੱਕ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਨਸ਼ਿਆਂ ਦੀ ਸਪਲਾਈ ਨੂੰ ਰੋਕਣ ਲਈ ਕਈ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ, ਉੱਥੇ ਹੀ ਹਰ ਰੋਜ਼ ਪੰਜਾਬ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨਾਂ ਦੀਆਂ ਮੌਤਾਂ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ | ਇਹੋ ਜਿਹਾ ਮਾਮਲਾ ਨਾਭਾ ਦੇ ਪਿੰਡ ਮਹਿਸ ਤੋਂ ਸਾਹਮਣੇ ਆਇਆ ਜਿੱਥੇ 17 ਸਾਲ ਦੇ ਇਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਹੈ |

ਦੱਸਿਆ ਜਾ ਰਿਹਾ ਹੈ ਕਿ ਗੁਰਬਖਸ਼ੀਸ਼ ਸਿੰਘ ਨਾਮੀ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਇਹ ਨੌਜਵਾਨ ਨੌਵੀਂ ਕਲਾਸ ਦਾ ਵਿਦਿਆਰਥੀ ਸੀ ਉਥੇ ਹੀ ਮ੍ਰਿਤਕ ਨੌਜਵਾਨ ਦਾ ਪਿਤਾ ਇਟਲੀ ਵਿੱਚ ਰਹਿ ਰਿਹਾ ਹੈ ਅਤੇ ਇਸ ਨੌਜਵਾਨ ਨੇ ਵੀ ਆਪਣੇ ਪਿਤਾ ਕੋਲ ਇਟਲੀ ਜਾਣਾ ਸੀ |ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਘਰੋਂ ਪੰਜ ਸੌ ਰੁਪਏ ਲੈ ਕੇ ਆਪਣੀ ਗੱਡੀ ਵਿਚ ਦੁਸਹਿਰਾ ਵੇਖਣ ਗਿਆ ਸੀ ਪਰ ਘਰ ਵਾਪਸ ਨਹੀਂ ਆਇਆ ਅਤੇ ਗੱਡੀ ਵਿੱਚੋਂ ਉਸ ਦੀ ਲਾਸ਼ ਮਿਲੀ ਹੈ |

ਉੱਥੇ ਹੀ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਮੌਜੂਦਾ ਪੰਜਾਬ ਸਰਕਾਰ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਪੰਜਾਬ ਵਿੱਚ ਨਸ਼ਾ ਬਹੁਤ ਫੈਲ ਚੁੱਕਿਆ ਅਤੇ ਉਨ੍ਹਾਂ ਦੇ ਪਿੰਡ ਮਹਿਸ ਵਿਖੇ 50 ਦੇ ਕਰੀਬ ਨੌਜਵਾਨ ਨਸ਼ਾ ਕਰਨ ਦੇ ਆਦੀ ਹਨ | ਇਸ ਮੌਕੇ ਮ੍ਰਿਤਕ ਦੀ ਮਾਂ ਅਮਨਦੀਪ ਕੌਰ ਅਤੇ ਚਾਚੇ ਨੇ ਦੱਸਿਆ ਕਿ ਗੁਰਬਖਸ਼ੀਸ਼ ਸਿੰਘ ਉਨ੍ਹਾਂ ਦਾ ਇਕਲੌਤਾ ਪੁੱਤਰ ਸੀ ਅਤੇ ਉਨ੍ਹਾਂ ਦਾ ਹੁਣ ਘਰ ਉੱਜੜ ਗਿਆ |

ਉਨ੍ਹਾਂ ਦੋਸ਼ ਲਗਾਇਆ ਕਿ ਉਨ੍ਹਾਂ ਦੇ ਲੜਕੇ ਨੂੰ ਕਿਸੇ ਨੇ ਨਸ਼ਾ ਦੇ ਕੇ ਮਾਰਿਆ ਹੈ| ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਲੜਕੇ ਨੇ ਆਪਣੇ ਪਿਤਾ ਕੋਲ ਜਾਣਾ ਸੀ ਜਿਸ ਦਾ ਉਨ੍ਹਾਂ ਦੇ ਪਰਿਵਾਰ ਨੂੰ ਬਹੁਤ ਚਾਅ ਸੀ ਪਰ ਅੱਜ ਇਹ ਖੁਸ਼ੀ ਮਾਤਮ ਵਿੱਚ ਬਦਲ ਗਈ ਹੈ |

ਇਸ ਮੌਕੇ ਮਹਿਜ਼ ਦੇ ਪਿੰਡ ਵਾਸੀਆਂ ਨੇ ਕਿਹਾ ਕਿ ਸਾਡੇ ਪਿੰਡ ਵਿਚ ਨਸ਼ੇ ਦਾ ਬਹੁਤ ਬੋਲਬਾਲਾ ਹੈ ਅਤੇ ਬਹੁਤ ਜ਼ਿਆਦਾ ਨੌਜਵਾਨ ਨਸ਼ੇ ਦੇ ਆਦੀ ਨੇ ਅਤੇ ਕਈ ਨੌਜਵਾਨ ਨਸ਼ਾ ਛੁਡਾਊ ਹਸਪਤਾਲਾਂ ਵਿਚ ਭਰਤੀ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ੇ ਦੀ ਰੋਕਥਾਮ ਲਈ ਕੁਝ ਨਹੀਂ ਕੀਤਾ ਜਾ ਰਿਹਾ ਅਤੇ ਜੇਕਰ ਇਸੇ ਤਰ੍ਹਾਂ ਪੰਜਾਬ ਵਿੱਚ ਨਸ਼ਾ ਚੱਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੀ ਨੌਜਵਾਨੀ ਖ਼ਤਮ ਹੋ ਜਾਵੇਗੀ |

Scroll to Top