ਤਰਨ ਤਾਰਨ, 15 ਜੁਲਾਈ 2023: ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਆਉਂਦੇ ਕਸਬਾ ਖਡੂਰ ਸਾਹਿਬ (Khadoor Sahib) ਵਿਖੇ ਮਾਪਿਆਂ ਦੇ ਇਕਲੌਤੇ ਪੁੱਤਰ ਰਾਜਬੀਰ ਸਿੰਘ ਉਮਰ ਤਕਰੀਬਨ 27 ਤੋਂ 28 ਸਾਲ ਪੁੱਤਰ ਭੁਪਿੰਦਰ ਸਿੰਘ ਮਾਣਾ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਉਕਤ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਕਿ ਪੰਜਾਬ ਦੇ ਵਿੱਚੋਂ ਨਸ਼ਾ ਖ਼ਤਮ ਹੋ ਗਿਆ ਹੈ, ਇਹ ਸਰਕਾਰ ਦੀ ਗੱਲ ਬਿਲਕੁਲ ਝੂਠ ਸਾਬਤ ਹੋ ਰਹੀ ਹੈ |
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਖਡੂਰ ਸਾਹਿਬ ਵਿਖੇ ਨਸ਼ਾ ਸ਼ਰ੍ਹੇਆਮ ਵਿਕਦਾ ਹੈ, ਜਿਸ ਕਰਕੇ ਮਾਪਿਆਂ ਦੇ ਪੁੱਤਰ ਹਰ ਰੋਜ਼ ਮਰਦੇ ਜਾਂ ਰਹੇ ਹਨ, ਪਰੰਤੂ ਸਰਕਾਰ ਅਤੇ ਪ੍ਰਸ਼ਾਸਨ ਦਾ ਕੋਈ ਵੀ ਨਸ਼ੇ ਉੱਤੇ ਕੰਟਰੋਲ ਨਹੀਂ | ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਨੂੰ ਨਸ਼ਿਆਂ ਉੱਤੇ ਕੰਟਰੋਲ ਕਰਨ ਦੀ ਅਪੀਲ ਕੀਤੀ ਹੈ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਕਿਸੇ ਦਾ ਪੁੱਤ ਨਸ਼ਿਆਂ ਦੀ ਭੇਂਟ ਨਾ ਚੜ੍ਹੇ |