July 5, 2024 1:16 am
ਪੰਚਾਇਤ ਸੰਮਤੀ ਦੇ ਮੁਲਾਜਮਾਂ

ਤਨਖ਼ਾਹ ਨਾ ਮਿਲਣ ‘ਤੇ ਪੰਚਾਇਤ ਸੰਮਤੀ ਦੇ ਮੁਲਾਜਮਾਂ ਵਲੋਂ ਕਲਮਛੋੜ ਹੜਤਾਲ

ਮਲੋਟ 23 ਨਵੰਬਰ 2022: ਪੰਚਾਇਤ ਸੰਮਤੀ ਯੂਨੀਅਨ ਪੰਜਾਬ (Panchayat Samiti Union Punjab) ਦੇ ਸੱਦੇ ‘ਤੇ ਮਲੋਟ ਵਿਖੇ ਬੀਤੇ ਦਿਨ ਤੋਂ ਪੰਚਾਇਤ ਸੰਮਤੀ ਦੇ ਮੁਲਾਜਮਾਂ ਨੇ ਕਲਮਛੋੜ ਹੜਤਾਲ ਕੀਤੀ ਹੈ ਅਤੇ ਅੱਜ ਦੂਜੇ ਦਿਨ ਵੀ ਮੁਲਾਜਮਾਂ ਨੇ ਧਰਨਾ ਲਗਾ ਕੇ ਪੰਜਾਬ ਸਰਕਾਰ ਖ਼ਿਲਾਫ ਰੋਸ਼ ਪ੍ਰਦਰਸ਼ਨ ਕੀਤਾ । ਇਸ ਮੌਕੇ ਮੁਲਾਜ਼ਮਾਂ ਨੇ ਸਰਕਾਰ ਅਤੇ ਵਿਭਾਗ ਵਿਰੁੱਧ ਨਾਅਰੇਬਾਜੀ ਵੀ ਕੀਤੀ।

ਇਸ ਸਬੰਧੀ ਮਲੋਟ ਪੰਚਾਇਤ ਸਕੱਤਰ  ਯੂਨੀਅਨ ਦੇ ਪ੍ਰਧਾਨ ਰਵਿੰਦਰਪਾਲ ਅਤੇ ਜਸਵੀਰ  ਸਿੰਘ ਬਰਾੜ ਨੇ ਕਿਹਾ ਕਿ ਵਿਭਾਗ ਵੱਲੋਂ ਪੰਚਾਇਤ ਸੰਮਤੀ ਅਧੀਨ ਕੰਮ ਕਰਦੇ ਸਕੱਤਰ ਅਤੇ ਸਟਾਫ਼ ਨੂੰ ਪਿਛਲੇ 3 ਮਹੀਨਿਆਂ ਤੋਂ ਤਨਖ਼ਾਹ ਨਹੀਂ ਦਿੱਤੀ ਗਈ, ਜਿਸ ਨਾਲ ਪੰਜਾਬ ਅੰਦਰ 2 ਹਜਾਰ ਤੋਂ ਵੱਧ ਪੰਚਾਇਤ ਸੰਮਤੀ ਦੇ ਮੁਲਾਜ਼ਮ ਪ੍ਰਭਾਵਿਤ ਹੋਏ ਹਨ । ਉਹਨਾਂ ਕਿਹਾ ਕਿ ਬਹੁਤੇ ਮੁਲਜ਼ਮਾਂ ਦੇ ਪਰਿਵਾਰ ਦਾ ਗੁਜਾਰਾ ਇਸੇ ਤਨਖ਼ਾਹ ਨਾਲ ਚੱਲਦਾ ਹੈ।

ਤਿੰਨ ਮਹੀਨੇ ਤੋਂ ਤਨਖ਼ਾਹ ਨਾ ਮਿਲਣ ਕਰਕੇ ਮੁਲਾਜ਼ਮਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਗੂਆਂ ਨੇ ਕਿਹਾ ਇਸ ਤੋਂ ਇਲਾਵਾ ਪੰਚਾਇਤ  ਸਕੱਤਰਾਂ ਸਮੇਤ ਸਟਾਫ਼ ਨੂੰ ਹੋਰ ਵਿਭਾਗਾਂ ਦੇ ਕੰਮਾਂ ਦਾ ਵਾਧੂ ਬੋਝ ਪਾਇਆ ਜਾਂਦਾ ਹੈ, ਪਰ ਉਹਨਾਂ ਫੈਸਲਾ ਕੀਤਾ ਕਿ ਉਹ ਪੰਚਾਇਤ  ਵਿਕਾਸ ਮਹਿਕਮੇਂ ਤੋਂ ਬਿਨਾਂ ਕਿਸੇ ਹੋਰ ਮਹਿਕਮੇਂ ਦਾ ਥੋਪਿਆਂ ਵਾਧੂ ਕੰਮ ਨਹੀਂ ਕਰਨਗੇ। ਆਗੂਆਂ ਨੇ ਕਿਹਾ ਇਹਨਾਂ ਸਮੇਤ ਬਾਕੀ ਮੰਗਾਂ ਸਬੰਧੀ ਉਹਨਾਂ ਵੱਲੋਂ 25 ਨਵੰਬਰ ਤੱਕ ਕਲਮਛੋੜ ਹੜਤਾਲ ਅਤੇ ਧਰਨਾ ਸ਼ੁਰੂ ਕੀਤਾ ਹੈ। ਜੇਕਰ ਸਰਕਾਰ ਤੇ ਵਿਭਾਗ ਨੇ ਮੰਗਾਂ  ਨਾ ਮੰਨੀਆਂ ਤਾਂ ਸੰਘਰਸ਼ ਤੇਜ ਕੀਤਾ ਜਾਵੇਗਾ।