ਚੰਡੀਗੜ੍ਹ 23 ਮਾਰਚ 2022:ਪੰਜਾਬ ਸਰਕਾਰ ਨੇ ਇਕ ਹੋਰ ਵੱਡਾ ਫੈਸਲਾ ਲੈਂਦਿਆਂ ਪਿਛਲੀ ਸਰਕਾਰ ਸਮੇਂ ਜਾਰੀ ਫੰਡ ‘ਤੇ ਰੋਕ ਲਗਾ ਦਿੱਤੀ ਗਈ ਹੈ । ਪੰਜਾਬ ਸਰਕਾਰ ਵਲੋਂ ਸੱਤਾ ਸੰਭਾਲਦਿਆਂ ਹੀ ਚੰਨੀ ਸਰਕਾਰ ਵੱਲੋਂ ਜਾਂਦੇ-ਜਾਂਦੇ ਜਾਰੀ ਕੀਤੇ ਫੰਡਾਂ ਨੂੰ ਖਰਚਣ ‘ਤੇ ਪਾਬੰਦੀ ਲਗਾ ਦਿੱਤੀ ਸੀ। ਇਹ ਪਾਬੰਦੀ ਪੰਚਾਇਤੀ ਵਿਭਾਗ ਦੀ ਕਿਸੇ ਵੀ ਤਰ੍ਹਾਂ ਦੀ ਸਕੀਮ ਦਾ ਪੈਸਾ ਵਰਤਣ ’ਤੇ ਲਗਾਈ ਗਈ ਹੈ।
ਜਿਕਰਯੋਗ ਹੈ ਕਿ ਕੁਲਦੀਪ ਧਾਲੀਵਾਲ ਨੇ ਪੰਚਾਇਤ ਵਿਭਾਗ ਦਾ ਅਹੁਦਾ ਸੰਭਾਲਦੇ ਹੀ ਹਦਾਇਤਾਂ ਦਿੱਤੀਆਂ ਹਨ। ਕੁਲਦੀਪ ਸਿੰਘ ਧਾਲੀਵਾਲ (Kuldeep Dhaliwal) ਨੂੰ ਦਿਹਾਤੀ ਵਿਕਾਸ ਤੇ ਪੰਚਾਇਤ ਵਿਭਾਗ ਸੌਂਪਿਆ ਗਿਆ ਹੈ। ਇਸ ਦੌਰਾਨ ਉਨ੍ਹਾਂ ਨੇ ਮੁੱਖ ਮੰਤਰੀ ਦਾ ਧੰਨਵਾਦ ਕਰਦੇ ਹੋਇਆ ਕਿਹਾ ਸੀ ਕਿ ਉਹ ਇਮਾਨਦਾਰੀ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਸੀ ਕਿ ਇਸ ਸਮੇਂ ਵੱਡੀਆਂ ਚੁਣੌਤੀਆਂ ਹਨ। ਪਹਿਲੀਆਂ ਸਰਕਾਰਾਂ ਤੇ ਪੰਚਾਇਤਾਂ ਵਿਚ ਵੱਡੇ ਘਪਲੇ ਹੋਏ ਹਨ। ਵਿਕਾਸ ਦੇ ਨਾਮ ਉਤੇ ਕਰੋੜਾਂ ਰੁਪਏ ਖਰਾਬ ਹੋਏ ਹਨ । ਜਿਹੜੇ ਪੈਸੇ ਸਰਪੰਚ ਖਾ ਗਏ, ਉਨ੍ਹਾਂ ਦੀ ਜਾਂਚ ਕੀਤੀ ਜਾਵੇਗੀ । ਇਸ ਤੋਂ ਬਾਅਦ ਸਖਤ ਕਾਰਵਾਈ ਵੀ ਕੀਤੀ ਜਾਵੇਗੀ।