ਚੰਡੀਗੜ੍ਹ 12 ਅਗਸਤ 2022: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਦੇਸ਼ ਦੇ ਸਥਾਪਨਾ ਦਿਵਸ ਤੋਂ ਇਕ ਦਿਨ ਪਹਿਲਾਂ ਸ਼ਨੀਵਾਰ ਨੂੰ ਦੇਸ਼ ਦੀ ‘ਸੱਚੀ ਆਜ਼ਾਦੀ’ ਲਈ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕਰਨਗੇ। ਇਸਦੇ ਨਾਲ ਹੀ ਪਾਕਿਸਤਾਨ ਐਤਵਾਰ ਨੂੰ ਆਪਣੀ ਸਥਾਪਨਾ ਅਤੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਏਗਾ। ਇਸ ਤੋਂ ਪਹਿਲਾਂ ਇਮਰਾਨ ਖਾਨ ਲਾਹੌਰ ਵਿੱਚ ਇੱਕ ਵੱਡੀ ਰੈਲੀ ਦਾ ਆਯੋਜਨ ਕਰਨਗੇ।
ਇਮਰਾਨ ਖਾਨ (Imran Khan) ਅਪ੍ਰੈਲ ਵਿਚ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਮੌਜੂਦਾ ਸੱਤਾਧਾਰੀ ਗਠਜੋੜ ਵਿਰੁੱਧ ਮੁਹਿੰਮ ਚਲਾ ਰਹੇ ਹਨ। ਇਸ ਦੌਰਾਨ ਉਨ੍ਹਾਂ ਨੂੰ ਲੋਕਾਂ ਦਾ ਭਾਰੀ ਸਮਰਥਨ ਮਿਲਿਆ। ਪਿਛਲੇ ਮਹੀਨੇ ਪੰਜਾਬ ਸੂਬੇ ਵਿੱਚ ਸੂਬਾਈ ਅਸੈਂਬਲੀ ਦੀਆਂ 20 ਸੀਟਾਂ ਲਈ ਹੋਈਆਂ ਜ਼ਿਮਨੀ ਚੋਣਾਂ ਵਿੱਚ ਵੀ ਇਸ ਗੱਲ ਦੀ ਪੁਸ਼ਟੀ ਹੋਈ ਸੀ। ਇਮਰਾਨ ਖਾਨ ਦੀ ਪਾਰਟੀ ਇਨ੍ਹਾਂ ਵਿੱਚੋਂ ਤਿੰਨ-ਚੌਥਾਈ ਸੀਟਾਂ ਜਿੱਤਣ ਵਿੱਚ ਕਾਮਯਾਬ ਰਹੀ।