ਚੰਡੀਗੜ੍ਹ 10 ਅਗਸਤ 2022: ਪਾਕਿਸਤਾਨ ਦੀ ਸ਼ਾਹਬਾਜ਼ ਸਰਕਾਰ ਨੇ ਪਾਕਿਸਤਾਨੀ ਟੈਲੀਵਿਜ਼ਨ ਸਟੇਸ਼ਨ ਏਆਰਵਾਈ ਨਿਊਜ਼ (ARY News) ਦੇ ਪ੍ਰਸਾਰਣ ‘ਤੇ ਦੇਸ਼ ਦੇ ਰੈਗੂਲੇਟਰੀ ਅਧਿਕਾਰੀਆਂ ਨੇ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਬਾਅਦ ਇਸ ਚੈਨਲ ਦੇ ਸੀਨੀਅਰ ਪੱਤਰਕਾਰ ਅਮਾਦ ਯੂਸਫ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ।
ਪ੍ਰਾਪਤ ਜਾਣਕਾਰੀ ਮੁਤਾਬਕ ਏਆਰਵਾਈ ਨਿਊਜ਼ (ARY News) ਪਾਕਿਸਤਾਨ ਦਾ ਸਭ ਤੋਂ ਵੱਡਾ ਨਿੱਜੀ ਨਿਊਜ਼ ਚੈੱਨਲ ਹੈ। ਏਆਰਵਾਈ ਨਿਊਜ਼ ਨੇ ਆਪਣੇ ਪੱਤਰਕਾਰ ਦੀ ਗ੍ਰਿਫਤਾਰੀ ਤੋਂ ਬਾਅਦ ਆਪਣਾ ਬਿਆਨ ਜਾਰੀ ਕੀਤਾ ਹੈ। ਨਿਊਜ਼ ਚੈਨਲ ਨੇ ਕਿਹਾ ਹੈ ਕਿ ਕਰਾਚੀ ਪੁਲਿਸ ਨੇ ਸਾਡੇ ਪੱਤਰਕਾਰ ਨੂੰ ਅੱਧੀ ਰਾਤ ਨੂੰ ਉਸ ਦੇ ਘਰ ਦਾ ਮੁੱਖ ਗੇਟ ਤੋੜ ਕੇ ਜ਼ਬਰਦਸਤੀ ਗ੍ਰਿਫ਼ਤਾਰ ਕੀਤਾ ਹੈ। ਸਾਰੇ ਪੁਲਿਸ ਮੁਲਾਜ਼ਮ ਸਾਦੇ ਕੱਪੜਿਆਂ ਵਿੱਚ ਸਨ। ਪੀਟੀਆਈ ਆਗੂ ਮੁਰਾਦ ਸਈਦ ਨੇ ਸੀਨੀਅਰ ਪੱਤਰਕਾਰ ਦੀ ਦੇਰ ਰਾਤ ਗ੍ਰਿਫ਼ਤਾਰੀ ਦੀ ਸਖ਼ਤ ਨਿੰਦਾ ਕੀਤੀ ਹੈ।
ਰੈਗੂਲੇਟਰੀ ਨਿਗਰਾਨੀ ਸੰਸਥਾ PEMRA ਨੇ ਦੋਸ਼ ਲਗਾਇਆ ਹੈ ਕਿ ਚੈਨਲ ਝੂਠੀ, ਨਫ਼ਰਤ ਭਰੀ ਅਤੇ ਦੇਸ਼ ਧ੍ਰੋਹ ਵਾਲੀ ਸਮੱਗਰੀ ਪ੍ਰਸਾਰਿਤ ਕਰ ਰਿਹਾ ਸੀ। ਚੈਨਲ ਦਾ ਇਹ ਪ੍ਰਸਾਰਣ ਹਥਿਆਰਬੰਦ ਬਲਾਂ ਦੇ ਅੰਦਰ ਬਗਾਵਤ ਨੂੰ ਭੜਕਾਉਣ ਦੁਆਰਾ ਰਾਸ਼ਟਰੀ ਸੁਰੱਖਿਆ ਲਈ ਸਪੱਸ਼ਟ ਅਤੇ ਮੌਜੂਦਾ ਖਤਰੇ ਵਾਲੇ ਪੂਰੇ ਪ੍ਰਚਾਰ ‘ਤੇ ਅਧਾਰਤ ਸੀ। ਇਸਦੇ ਨਾਲ ਹੀ ਚੈਨਲ ਦੇ ਸੀਈਓ ਨੂੰ ਵੀ ਅੱਜ (10 ਅਗਸਤ) ਦੀ ਸੁਣਵਾਈ ਲਈ ਵਿਅਕਤੀਗਤ ਤੌਰ ‘ਤੇ ਹਾਜ਼ਰ ਹੋਣ ਦੇ ਨਿਰਦੇਸ਼ ਦਿੱਤੇ ਹਨ।