TheUnmute.com

ਪਾਕਿਸਤਾਨ ਫੌਜ ਵੱਲੋਂ 6 ਭਾਰਤੀ ਨਾਗਰਿਕ ਗ੍ਰਿਫਤਾਰ, ਪਰਿਵਾਰਾਂ ਨੇ ਭਾਰਤ ਸਰਕਾਰ ਤੋਂ ਮੰਗੀ ਮੱਦਦ

ਫਿਰੋਜ਼ਪੁਰ , 23 ਅਗਸਤ 2023: ਬੀਤੇ ਦਿਨ ਪਾਕਿਸਤਾਨ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ 6 ਭਾਰਤੀ ਨਾਗਰਿਕਾਂ (Indian citizens) ਨੂੰ ਨਸ਼ਾ ਤਸਕਰੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਪਾਕਿਸਤਾਨੀ ਮੀਡੀਆ ਮੁਤਾਬਕ 29 ਜੁਲਾਈ ਤੋਂ 3 ਅਗਸਤ ਦੌਰਾਨ ਪਾਕਿਸਤਾਨ ਰੇਂਜਰਸ ਨੇ ਪਾਕਿਸਤਾਨ ਸਰਹੱਦ ਤੋਂ ਗ੍ਰਿਫਤਾਰ ਕੀਤੇ ਹਨ। ਜਿਨ੍ਹਾਂ ਦੀ ਪਹਿਚਾਣ ਗੁਰਮੇਜ ਸਿੰਘ, ਸ਼ਿੰਦਰ ਸਿੰਘ, ਜੋਗਿੰਦਰ ਸਿੰਘ ਇਹ ਤਿੰਨੋਂ ਨੌਜਵਾਨ ਫਿਰੋਜ਼ਪੁਰ ਦੇ ਪਿੰਡ ਨਿਹਾਲਾ ਕਿਲਚਾ ਦੇ ਹਨ। ਖਬਰ ਨਸ਼ਰ ਹੋਣ ‘ਤੇ ਜਦੋਂ ਪਰਿਵਾਰ ਨੂੰ ਪਤਾ ਚੱਲਿਆ ਤਾਂ ਉਨ੍ਹਾਂ ਦਾ ਰੋ-ਰੋ ਬੁਰਾ ਹਾਲ ਹੈ | ਪਰਿਵਾਰ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈਕਿ ਤਿੰਨੋਂ ਨੌਜਵਾਨਾਂ ਨੂੰ ਭਾਰਤ ਲਿਆਂਦਾ ਜਾਵੇ।

ਪਾਕਿਸਤਾਨੀ ਮੀਡੀਆ ਵੱਲੋਂ ਜਿਨ੍ਹਾਂ 6 ਭਾਰਤੀ ਨਾਗਰਿਕਾਂ ਦੀਆਂ ਤਸਵੀਰਾਂ ਦਿਖਾਈਆਂ ਜਾ ਰਹੀਆਂ ਹਨ, ਉਨ੍ਹਾਂ ਵਿੱਚ ਗੁਰਮੇਲ ਸਿੰਘ, ਛਿੰਦਰ ਸਿੰਘ ਅਤੇ ਜੋਗਿੰਦਰ ਸਿੰਘ ਵਾਸੀ ਪਿੰਡ ਕਿਲਚੇ (ਫਿਰੋਜ਼ਪੁਰ), ਵਿਸ਼ਾਲ ਜੀਤ ਸਿੰਘ ਵਾਸੀ ਫਿਰੋਜ਼ਪੁਰ, ਮਹਿੰਦਰ ਸਿੰਘ ਵਾਸੀ ਜਲੰਧਰ ਅਤੇ ਗੁਰਵਿੰਦਰ ਸਿੰਘ ਵਾਸੀ ਲੁਧਿਆਣਾ ਦੇ ਰੂਪ ਵਿੱਚ ਦਿਖਾਇਆ ਜਾ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਖੁਫੀਆ ਏਜੰਸੀਆਂ ਵੱਲੋਂ ਇਨ੍ਹਾਂ ਨੌਜਵਾਨਾਂ ਦੇ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਦੇ ਪਰਿਵਾਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਇਸ ਸਬੰਧੀ ਕੋਈ ਵੀ ਅਧਿਕਾਰੀ ਜਾਂ ਏਜੰਸੀ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ।

ਗ੍ਰਿਫਤਾਰ ਕੀਤੇ ਨੌਜਵਾਨਾਂ (Indian citizens) ਦੇ ਪਰਿਵਾਰਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਤਿੰਨੋਂ ਨੌਜਵਾਨ ਕੰਬਾਈਨ ਚਲਾਉਣ ਅਤੇ ਰਿਪੇਅਰ ਦਾ ਕੰਮ ਕਰਦੇ ਹਨ। ਜੋ ਘਰੋਂ ਕੰਬਾਈਨ ‘ਤੇ ਕੰਮ ਕਰਨ ਲਈ ਗਏ ਸਨ। ਜੋ ਪਿਛਲੇ ਇੱਕ ਮਹੀਨੇ ਤੋਂ ਘਰ ਵਾਪਸ ਨਹੀਂ ਆਏ ਜਿਸ ਤੋਂ ਬਾਅਦ ਕੁੱਝ ਪਰਿਵਾਰਾਂ ਉਨ੍ਹਾਂ ਦੀ ਗੁੰਮਸ਼ੁਦਾ ਦੀ ਰਿਪੋਰਟ ਵੀ ਲਿਖਾਈ ਜਾ ਚੁੱਕੀ ਹੈ।

ਪਰਿਵਾਰਾਂ ਨੇ ਦੱਸਿਆ ਕਿ ਉਨ੍ਹਾਂ ਕੱਲ੍ਹ ਇੱਕ ਖ਼ਬਰ ਤੋਂ ਪਤਾ ਚੱਲਿਆ ਹੈ ਕਿ ਉਨ੍ਹਾਂ ਨੂੰ ਪਾਕਿਸਤਾਨ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ। ਪਰਿਵਾਰਾਂ ਨੇ ਦੱਸਿਆ ਕਿ ਤਿੰਨੋਂ ਨੌਜਵਾਨ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਪਾਲ ਰਹੇ ਹਨ। ਜੋ ਉਨ੍ਹਾਂ ‘ਤੇ ਨਸ਼ਾ ਤਸਕਰੀ ਦੇ ਦੋਸ਼ ਲੱਗੇ ਹਨ, ਉਹ ਗਲਤ ਹਨ। ਉਨ੍ਹਾਂ ਕਿਹਾ ਮਸ਼ੀਨ ‘ਤੇ ਕੰਮ ਕਰਨ ਕਰਕੇ ਉਹ ਨਸ਼ਾ ਜ਼ਰੂਰ ਕਰਦੇ ਸਨ। ਪਰ ਨਸ਼ਾ ਤਸਕਰੀ ਬਿਲਕੁਲ ਨਹੀਂ ।

ਇਸ ਦੌਰਾਨ ਜੋਗਿੰਦਰ ਸਿੰਘ ਦੀ ਬੇਟੀ ਨੇ ਦੱਸਿਆ ਕਿ ਉਸਦੇ ਪਿਤਾ ਅਜਿਹਾ ਕੋਈ ਕੰਮ ਨਹੀਂ ਕਰਦੇ ਸਨ ਅਤੇ ਨਾ ਹੀ ਉਨ੍ਹਾਂ ਕਦੇ ਘਰ ਅਜਿਹੇ ਕੰਮ ਬਾਰੇ ਕੋਈ ਗੱਲ ਕੀਤੀ ਹੈ | ਉਸਨੇ ਕਿਹਾ ਉਨ੍ਹਾਂ ਨੂੰ ਬਿਲਕੁਲ ਨਹੀਂ ਪਤਾ ਕਿ ਉਸਦੇ ਪਿਤਾ ਪਾਕਿਸਤਾਨ ਕਿਵੇਂ ਪਹੁੰਚੇ ਹਨ। ਬੱਚੀ ਨੇ ਦੱਸਿਆ ਪਿਛਲੇ ਇੱਕ ਮਹੀਨੇ ਤੋਂ ਉਹ ਆਪਣੇ ਪਿਤਾ ਦੀ ਉਡੀਕ ਕਰ ਰਹੀ ਹੈ। ਘਰ ਦੇ ਹਲਾਤ ਖ਼ਰਾਬ ਹੋ ਚੁੱਕੇ ਹਨ ਕਿਉਂਕਿ ਉਸਦੇ ਪਿਤਾ ਦੀ ਕਮਾਈ ਨਾਲ ਹੀ ਘਰ ਦਾ ਗੁਜਾਰਾ ਚੱਲਦਾ ਸੀ।

ਬੱਚੀ ਨੇ ਦੱਸਿਆ ਕਿ ਹੁਣ ਤਾਂ ਉਸਦਾ ਸਕੂਲ ਵੀ ਛੁੱਟ ਗਿਆ ਹੈ, ਕਿਉਂਕਿ ਫੀਸ ਦੇਣ ਲਈ ਘਰ ਕੋਈ ਪੈਸਾ ਨਹੀਂ ਹੈ। ਇਥੋਂ ਤੱਕ ਕਿ ਘਰ ਵਿੱਚ ਸਿਲੰਡਰ ਲਿਆਉਣ ਲਈ ਵੀ ਪੈਸਾ ਨਹੀਂ ਹੈ। ਉਹ ਚੁੱਲ੍ਹਾ ਬਾਲ ਕੇ ਗੁਜਾਰਾ ਕਰ ਰਹੇ ਹਨ। ਪਰਿਵਾਰਾਂ ਨੇ ਕਿਹਾ ਕਿ ਉਨ੍ਹਾਂ ਦੇ ਲੜਕੇ ਅਜਿਹਾ ਕੋਈ ਕੰਮ ਨਹੀਂ ਕਰਦੇ ਸਨ। ਉਨ੍ਹਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ। ਕਿ ਪਾਕਿਸਤਾਨ ਵਿੱਚ ਗ੍ਰਿਫਤਾਰ ਕੀਤੇ ਨੌਜਵਾਨਾਂ ਨੂੰ ਭਾਰਤ ਲਿਆਂਦਾ ਜਾਵੇ।

Exit mobile version