ਚੰਡੀਗ੍ਹੜ 09 ਨਵੰਬਰ 2022: (PAK vs NZ Semi Final) ਟੀ-20 ਵਿਸ਼ਵ ਕੱਪ 2022 ਦਾ ਪਹਿਲਾ ਸੈਮੀਫਾਈਨਲ ਨਿਊਜ਼ੀਲੈਂਡ (New Zealand) ਅਤੇ ਪਾਕਿਸਤਾਨ ਵਿਚਾਲੇ ਸਿਡਨੀ ‘ਚ ਖੇਡਿਆ ਜਾ ਰਿਹਾ ਹੈ। ਸੈਮੀਫਾਈਨਲ ‘ਚ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਦੇ ਸਾਹਮਣੇ 153 ਦੌੜਾਂ ਦਾ ਟੀਚਾ ਰੱਖਿਆ।
ਇਸ ਮੈਚ ‘ਚ ਨਿਊਜ਼ੀਲੈਂਡ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ। ਵਿਸਫੋਟਕ ਬੱਲੇਬਾਜ਼ ਫਿਨ ਐਲਨ ਪਹਿਲੇ ਹੀ ਓਵਰ ਵਿੱਚ ਸਿਰਫ਼ ਚਾਰ ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਿਆ। ਇਸ ਤੋਂ ਬਾਅਦ ਡੇਵੋਨ ਕੌਨਵੇ 21 ਅਤੇ ਗਲੇਨ ਫਿਲਿਪਸ ਛੇ ਦੌੜਾਂ ਬਣਾ ਕੇ ਆਊਟ ਹੋ ਗਏ। ਕੀਵੀ ਟੀਮ 49 ਦੌੜਾਂ ‘ਤੇ ਤਿੰਨ ਵਿਕਟਾਂ ਗੁਆਉਣ ਤੋਂ ਬਾਅਦ ਸੰਘਰਸ਼ ਕਰ ਰਹੀ ਸੀ।
ਇਸ ਤੋਂ ਬਾਅਦ ਕਪਤਾਨ ਕੇਨ ਵਿਲੀਅਮਸਨ ਅਤੇ ਡੇਰੇਲ ਮਿਸ਼ੇਲ ਨੇ 68 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਦੇ ਸਕੋਰ ਨੂੰ 117 ਦੌੜਾਂ ਤੱਕ ਪਹੁੰਚਾਇਆ। ਕੇਨ ਵਿਲੀਅਮਸਨ 42 ਗੇਂਦਾਂ ਵਿੱਚ 46 ਦੌੜਾਂ ਬਣਾ ਕੇ ਆਊਟ ਹੋ ਗਏ । ਜਦਕਿ ਡੇਰਿਲ ਮਿਸ਼ੇਲ ਨੇ 35 ਗੇਂਦਾਂ ‘ਤੇ ਨਾਬਾਦ 53 ਦੌੜਾਂ ਬਣਾਈਆਂ। ਅੰਤ ‘ਚ ਜੇਮਸ ਨੀਸ਼ਮ ਨੇ 12 ਗੇਂਦਾਂ ‘ਚ 16 ਦੌੜਾਂ ਬਣਾ ਕੇ ਨਿਊਜ਼ੀਲੈਂਡ ਦਾ ਸਕੋਰ ਚਾਰ ਵਿਕਟਾਂ ‘ਤੇ 152 ਦੌੜਾਂ ‘ਤੇ ਪਹੁੰਚਾ ਦਿੱਤਾ। ਪਾਕਿਸਤਾਨ (Pakistan) ਲਈ ਸ਼ਾਹੀਨ ਅਫਰੀਦੀ ਨੇ ਦੋ ਵਿਕਟਾਂ ਲਈਆਂ। ਮੁਹੰਮਦ ਨਵਾਜ਼ ਨੂੰ ਇੱਕ ਵਿਕਟ ਮਿਲੀ।