Site icon TheUnmute.com

‘ਪਹਿਲੀ ਸਰਕਾਰ-ਕਿਸਾਨ ਮਿਲਣੀ’ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ 12 ਫ਼ਰਵਰੀ ਨੂੰ ਹੋਵੇਗੀ: ਕੁਲਦੀਪ ਸਿੰਘ ਧਾਲੀਵਾਲ

ਪਹਿਲੀ ਸਰਕਾਰ-ਕਿਸਾਨ ਮਿਲਣੀ

ਚੰਡੀਗੜ੍ਹ, 8 ਫ਼ਰਵਰੀ 2023: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ‘ਪਹਿਲੀ ਸਰਕਾਰ-ਕਿਸਾਨ ਮਿਲਣੀ’ ਦਾ ਆਯੋਜਨ ਕਰੇਗੀ, ਇਹ ਮਿਲਣੀ ਸਮਾਗਮ 12 ਫਰਵਰੀ, 2023 ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਹੋਵੇਗਾ। ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ (Kuldeep Singh Dhaliwal) ਨੇ ਦੱਸਿਆ ਕਿ ਇਸ ਮਿਲਣੀ ਦਾ ਮੁੱਖ ਮੰਤਵ ਪੰਜਾਬ ਸੂਬੇ ਦੇ ਮੁੱਖ ਫਸਲੀ ਚੱਕਰ ਕਣਕ-ਝੋਨੇ ਅਧੀਨ ਰਕਬਾ ਘਟਾ ਕੇ ਹੋਰ ਪਾਣੀ ਬਚਾਉਣ ਵਾਲੀਆਂ ਫਸਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨਾ ਅਤੇ ਹੋਰ ਖੇਤੀ ਸਹਾਇਕ ਧੰਦਿਆਂ ਨੂੰ ਵਧਾਵਾ ਦੇਣਾ ਹੈ।

ਕੁਲਦੀਪ ਸਿੰਘ ਧਾਲੀਵਾਲ (Kuldeep Singh Dhaliwal) ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਇਸ ਵਿਲੱਖਣ ਆਯੋਜਨ ਦੌਰਾਨ ਸਰਕਾਰ ਅਤੇ ਕਿਸਾਨਾਂ ਦਰਮਿਆਨ ਸਿੱਧਾ ਵਿਚਾਰ-ਵਟਾਂਦਰਾ ਕਰਦੇ ਹੋਏ ਕਿਸਾਨਾਂ ਨਾਲ ਸਲਾਹ ਕਰਕੇ ਤਿਆਰ ਕੀਤੀ ਜਾ ਰਹੀ ਸੂਬੇ ਦੀ ਨਵੀਂ ਖੇਤੀ ਨੀਤੀ ਨੂੰ ਕਿਸਾਨ ਸਹਾਈ ਬਣਾਉਣ ਲਈ ਹੀਲੇ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਮਿਲਣੀ ਦੌਰਾਨ ਪੂਰੇ ਪੰਜਾਬ ਤੋਂ ਅਗਾਂਹਵਧੂ ਕਿਸਾਨ ਸਿੱਧੇ ਮੁੱਖ ਮੰਤਰੀ ਨੂੰ ਆਪਣੇ ਸੁਝਾਅ ਦੇਣਗੇ ਅਤੇ ਪ੍ਰਸਾਸ਼ਨ, ਵਿਭਾਗਾਂ, ਖੇਤੀਬਾੜੀ ਖੋਜ ਸੰਸਥਾਵਾਂ ਅਤੇ ਕਿਸਾਨਾਂ ਵਿੱਚ ਖੁੱਲੀ ਗੱਲਬਾਤ ਰਾਹੀਂ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਜਿਸ ਰਾਹੀਂ ਸੂਬੇ ਦੀ ਖੇਤੀਬਾੜੀ ਨੂੰ ਵੰਨ-ਸੁਵੰਨਤਾ ਵੱਲ ਲਿਜਾਉਣ, ਲਾਹੇਵੰਦ ਬਣਾਉਣ ਅਤੇ ਖੇਤੀਬਾੜੀ ਸੁਧਾਰਾਂ ਦਾ ਕੰਮ ਕਰਨ ਲਈ ਤਜਵੀਜ਼ ਤਿਆਰ ਕੀਤੀ ਜਾਵੇਗੀ।

ਖੇਤੀਬਾੜੀ ਮੰਤਰੀ ਨੇ ਇਹ ਵੀ ਦੱਸਿਆ ਕਿ ਪੰਜਾਬ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਅਜਿਹੀ ਪਹਿਲ ਕੀਤੀ ਗਈ ਹੈ ਅਤੇ ਇਸ ਮਿਲਣੀ ਦੌਰਾਨ ਖੇਤੀਬਾੜੀ ਤੇ ਖੇਤੀ ਆਧਾਰਿਤ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਬੂਥਾਂ ਅਤੇ ਪ੍ਰਦਰਸ਼ਨੀਆਂ ਦਾ ਆਯੋਜਨ ਕਿਸਾਨਾਂ ਲਈ ਕੀਤਾ ਜਾਵੇਗਾ।

ਕੁਲਦੀਪ ਸਿੰਘ ਧਾਲੀਵਾਲ (Kuldeep Singh Dhaliwal) ਨੇ ਦੱਸਿਆ ਕਿ ਪਹਿਲੀ ਕਿਸਾਨ-ਸਰਕਾਰ ਮਿਲਣੀ ਲਈ 5 ਹਜ਼ਾਰ ਕਿਸਾਨਾਂ/ ਉੱਦਮੀਆਂ ਨੂੰ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਿਲਣੀ ਦੌਰਾਨ ਤਜ਼ਰਬੇਕਾਰ ਕਿਸਾਨਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਗਈ ਹੈ, ਜੋ ਕਿ ਖੇਤੀਬਾੜੀ ਅਤੇ ਖੇਤੀਬਾੜੀ ਸਹਾਇਕ ਕਿੱਤਿਆਂ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ ਦੀ ਭਰਪੂਰ ਜਾਣਕਾਰੀ ਰੱਖਦੇ ਹਨ।ਇਸ ਤੋਂ ਇਲਾਵਾ ਵੱਖ-ਵੱਖ ਖੇਤੀਬਾੜੀ ਕਲੱਬਾਂ, ਐਸੋਸੀਏਸ਼ਨਾਂ ਦੇ ਮੈਂਬਰ ਵੀ ਇਸ ਮਿਲਣੀ ਦਾ ਹਿੱਸਾ ਬਣਨਗੇ। ਉਨ੍ਹਾਂ ਦੱਸਿਆ ਕਿ ਇਸ ਮਿਲਣੀ ਵਿੱਚ ਸੈਲਫ ਹੈਲਪ ਗਰੁੱਪਾਂ, ਸਹਿਕਾਰੀ ਸੁਸਾਇਟੀਆਂ ਨਾਲ ਸਬੰਧਤ ਕਿਸਾਨ ਬੀਬੀਆਂ ਦੀ ਸ਼ਮੂਲੀਅਤ ਯਕੀਨੀ ਬਣਾਈ ਗਈ ਹੈ।

ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਸਬਜ਼ੀਆਂ, ਫ਼ਲ, ਗੰਨਾ, ਨਰਮਾ, ਮੋਟਾ ਅਨਾਜ਼, ਦਵਾਈਆਂ ਵਾਲੇ ਬੂਟੇ ਅਤੇ ਖੁਸ਼ਬੂਦਾਰ ਬੂਟੇ, ਮੁਰਗੀ ਪਾਲਣ, ਮੱਛੀ ਪਾਲਣ, ਬੱਕਰੀ ਪਾਲਣ, ਚਾਰਾ ਅਤੇ ਪਸ਼ੂ ਆਹਾਰ, ਡੇਅਰੀ, ਖੇਤੀਬਾੜੀ ਮਸ਼ੀਨਰੀ, ਕੰਢੀ ਖੇਤਰ, ਵਣ ਖੇਤੀ, ਖੁੰਬਾਂ ਅਤੇ ਮਧੂ ਮੱਖੀ ਪਾਲਣ, ਫੂਡ ਪ੍ਰੋਸੈਸਿੰਗ ਐਂਡ ਮੁੱਲ ਵਾਧਾ ਅਤੇ ਸਟਾਰਟ ਅੱਪ, ਜੈਵਿਕ ਖੇਤੀ, ਦਾਲਾਂ ਤੇ ਤੇਲ ਬੀਜ, ਕਣਕ, ਝੋਨਾ ਅਤੇ ਮੱਕੀ ਅਤੇ ਬਾਸਮਤੀ ਆਦਿ 20 ‘ਸਲਾਹ ਮਸ਼ਵਰਾ ਬੂਥ’ ਸਥਾਪਿਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ 20 ਵੱਖ-ਵੱਖ ਬੂਥਾ ‘ਤੇ ਵਿਸ਼ਾ ਮਾਹਿਰ ਮੌਜੂਦ ਹੋਣਗੇ, ਜੋ ਕਿਸਾਨਾਂ ਨੂੰ ਸਮੱਸਿਆਵਾਂ ਦੇ ਹੱਲ ਲਈ ਸੁਝਾਅ ਦੇਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੂਥਾਂ ‘ਤੇ ਸੈਂਪਲਿੰਗ ਦੀ ਵਿਵਸਥਾ ਵੀ ਹੋਵੇਗੀ।

ਸ. ਧਾਲੀਵਾਲ ਨੇ ਦੱਸਿਆ ਕਿ ਇਸ ਮੌਕੇ 11 ਵੱਖ-ਵੱਖ ਵਿਭਾਗਾਂ ਜਿਨ੍ਹਾਂ ਵਿੱਚ ਖੇਤੀਬਾੜੀ, ਬਾਗਬਾਨੀ, ਪਸ਼ੂ ਪਾਲਣ, ਡੇਅਰੀ ਵਿਕਾਸ, ਮੱਛੀ ਪਾਲਣ, ਮੰਡੀ ਬੋਰਡ, ਪੋਲਟਰੀ, ਮਿੱਟੀ ਅਤੇ ਪਾਣੀ ਸੰਭਾਲ, ਪੰਜਾਬ ਐਗਰੋ ਇੰਡਸਟਰੀਜ਼, ਮਿਲਫੈੱਡ ਅਤੇ ਮਾਰਕਫੈੱਡ ਯਾਮਲ ਹਨ, ਵੱਲੋਂ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਹ ਪ੍ਰਦਰਸ਼ਨੀਆਂ ਜਾਣਕਾਰੀ ਭਰਪੂਰ ਹੋਣਗੀਆਂ ਜੋ ਕਿ ਕਿਸਾਨਾਂ ਦਾ ਮਾਰਗ ਦਰਸ਼ਨ ਕਰਨਗੀਆਂ।

Exit mobile version