Site icon TheUnmute.com

ਪੰਜਾਬ ਦੇ ਸਕੂਲਾਂ ਨੂੰ ਕੁਦਰਤੀ ਆਫ਼ਤ ਤੇ ਐਮਰਜੈਂਸੀ ਉਪਾਵਾਂ ਲਈ 4 ਕਰੋੜ ਰੁਪਏ ਤੋਂ ਵੱਧ ਦੇ ਵੰਡ ਜਾਰੀ: ਹਰਜੋਤ ਸਿੰਘ ਬੈਂਸ

Harjot Singh Bains

ਚੰਡੀਗੜ੍ਹ, 04 ਫਰਵਰੀ 2025: ਪੰਜਾਬ ਸਕੂਲ ਸਿੱਖਿਆ ਵਿਭਾਗ (Punjab School Education Department) ਨੇ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਨੂੰ ਐਮਰਜੈਂਸੀ ਜਾਂ ਕੁਦਰਤੀ ਆਫ਼ਤਾਂ ਨਾਲ ਸਬੰਧਤ ਘਟਨਾਵਾਂ ਦੌਰਾਨ ਪ੍ਰਤੀਕਿਰਿਆ ਕਰਨ ਦੇ ਤਰੀਕਿਆਂ ਬਾਰੇ ਜਾਗਰੂਕ ਕਰਨ ਅਤੇ ਬਿਜਲੀ ਦੇ ਝਟਕੇ ਜਾਂ ਅੱਗ ਵਰਗੀ ਕਿਸੇ ਵੀ ਐਮਰਜੈਂਸੀ ਤੋਂ ਬਚਣ ਸੰਬੰਧੀ ਪ੍ਰਬੰਧ ਕਰਨ ਲਈ 4 ਕਰੋੜ ਰੁਪਏ ਤੋਂ ਵੱਧ ਦੇ ਫੰਡ ਜਾਰੀ ਕੀਤੇ ਹਨ।

ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Harjot Singh Bains) ਨੇ ਦੱਸਿਆ ਕਿ ਐਲੀਮੈਂਟਰੀ ਅਤੇ ਸੈਕੰਡਰੀ ਸਕੂਲਾਂ ਨੂੰ ਫੰਡਾਂ ਦੀ ਵਰਤੋਂ ਐਮਰਜੈਂਸੀ ਹੈਲਪਲਾਈਨ ਨੰਬਰਾਂ ਵਾਲੇ ਡਿਸਪਲੇ ਬੋਰਡ ਲਗਾਉਣ ਲਈ ਕਰਨ ਲਈ ਨਿਰਦੇਸ਼ ਦਿੱਤੇ ਹਨ। ਇਨ੍ਹਾਂ ‘ਚ ਪੁਲਿਸ-112, ਫਾਇਰ-101, ਐਂਬੂਲੈਂਸ-108, ਮਹਿਲਾ ਹੈਲਪਲਾਈਨ-1091, ਟ੍ਰੈਫਿਕ ਹੈਲਪਲਾਈਨ -1073 ਅਤੇ ਚਾਈਲਡ ਹੈਲਪਲਾਈਨ-1098 ਆਦਿ ਸ਼ਾਮਲ ਹਨ |

ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਸਕੂਲ ‘ਚ ਅੱਗ ਲੱਗਣ ਜਾਂ ਕੁਦਰਤੀ ਆਫ਼ਤ ਦੀ ਸਥਿਤੀ ‘ਚ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਇੱਕ ਨਿਕਾਸੀ ਯੋਜਨਾ ਤਿਆਰ ਕਰਨ ਅਤੇ ਲੋੜ ਅਨੁਸਾਰ ਐਮਰਜੈਂਸੀ ਪੈਨਿਕ ਅਲਾਰਮ ਲਗਾਉਣ। ਸਿੱਖਿਆ ਮੰਤਰੀ ਨੇ ਕਿਹਾ ਕਿ ਸਕੂਲ ਸਟਾਫ਼ ਨੂੰ ਸਕੂਲ ਦੀਆਂ ਇਮਾਰਤਾਂ ਦੀ ਨਿਯਮਤ ਜਾਂਚ ਕਰਨ ਲਈ ਕਿਹਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਬਿਜਲੀ ਦੇ ਉਪਕਰਨ ਅਤੇ ਤਾਰਾਂ ਚੰਗੀ ਹਾਲਤ ‘ਚ ਹਨ।

ਸਕੂਲ ਸਿੱਖਿਆ ਮੰਤਰੀ (Harjot Singh Bains) ਨੇ ਕਿਹਾ ਕਿ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਮਾਹਰਾਂ ਨੂੰ ਬੁਲਾ ਕੇ ਸਕੂਲਾਂ ‘ਚ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਕਰਵਾਏ ਜਾਣ | ਉਨ੍ਹਾਂ ਕਿਹਾ ਕਿ ਸਕੂਲ ਮੁਖੀ ਇਹ ਯਕੀਨੀ ਬਣਾਉਣਗੇ ਕਿ ਇਸ ਸਬੰਧ ‘ਚ ਕੀਤਾ ਗਿਆ ਖਰਚਾ ਪਬਲਿਕ ਫਾਈਨੈਂਸ਼ੀਅਲ ਮੈਨੇਜਮੈਂਟ ਸਿਸਟਮ (PFMS) ਪੋਰਟਲ ਦੇ EAT ਮਾਡਿਊਲ ਰਾਹੀਂ ਕੀਤਾ ਜਾਣਾ ਚਾਹੀਦਾ ਹੈ ਅਤੇ ਫੰਡਾਂ ਦੀ ਔਨਲਾਈਨ ਨਿਗਰਾਨੀ ਲਈ ਸਮੇਂ ਸਿਰ ਸਬੰਧਤ ਪੋਰਟਲ ‘ਤੇ ਅਪਡੇਟ ਕੀਤਾ ਜਾਣਾ ਚਾਹੀਦਾ ਹੈ।

ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਸਕੂਲਾਂ ‘ਚ ਵਿਦਿਆਰਥੀਆਂ ਅਤੇ ਸਟਾਫ ਲਈ ਸੁਰੱਖਿਅਤ ਵਾਤਾਵਰਣ ਅਤੇ ਲੋੜੀਂਦੀਆਂ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਕੰਮ ਕਰ ਰਿਹਾ ਹੈ।

Read More: ਟਰੇਨਿੰਗ ਪ੍ਰੋਗਰਾਮਾਂ ਲਈ ਫਰਵਰੀ ‘ਚ ਪੰਜਾਬ ਆਵੇਗੀ IIM-ਅਹਿਮਦਾਬਾਦ ਦੇ ਮਾਹਰਾਂ ਦੀ ਟੀਮ: ਹਰਜੋਤ ਸਿੰਘ ਬੈਂਸ

Exit mobile version