Site icon TheUnmute.com

ਗਣਤੰਤਰ ਦਿਹਾੜੇ ਮੌਕੇ ਸ਼ਾਂਤਮਈ ਜਸ਼ਨਾਂ ਨੂੰ ਯਕੀਨੀ ਬਣਾਉਣ ਲਈ 20,000 ਤੋਂ ਵੱਧ ਪੁਲਿਸ ਮੁਲਾਜ਼ਮ ਲਾਮਬੰਦ

REPUBLIC DAY

ਚੰਡੀਗੜ੍ਹ, 23 ਜਨਵਰੀ 2024: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗਣਤੰਤਰ ਦਿਵਸ (REPUBLIC DAY) ਮੌਕੇ ਸ਼ਾਂਤਮਈ ਜਸ਼ਨਾਂ ਨੂੰ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ ਨੇ ਹੈੱਡਕੁਆਰਟਰ ਤੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਹੈ ਅਤੇ ਸਾਰੇ ਸਥਾਨਾਂ ‘ਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਯਕੀਨੀ ਬਣਾਉਣ ਲਈ 20000 ਤੋਂ ਵੱਧ ਪੁਲਿਸ ਮੁਲਾਜ਼ਮਾਂ ਨੂੰ ਇਸ ਕਾਰਜ ਵਿੱਚ ਲਗਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ਪਟਿਆਲਾ ਵਿਖੇ ਹੋਣ ਵਾਲੇ ਸੂਬਾ ਪੱਧਰੀ ਗਣਤੰਤਰ ਦਿਵਸ (REPUBLIC DAY) ਸਮਾਗਮ ਦੌਰਾਨ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਕੌਮੀ ਝੰਡਾ ਲਹਿਰਾਉਣਗੇ ਅਤੇ ਸਲਾਮੀ ਲੈਣਗੇ, ਜਦਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੁਧਿਆਣਾ ਵਿਖੇ ਕੌਮੀ ਝੰਡਾ ਲਹਿਰਾਉਣਗੇ।

ਅੱਜ ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈ.ਜੀ.ਪੀ.) ਹੈੱਡਕੁਆਰਟਰ ਡਾ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨਿੱਜੀ ਤੌਰ ‘ਤੇ ਗਣਤੰਤਰ ਦਿਵਸ ਦੇ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਹਨ ਅਤੇ ਇਸ ਮੰਤਵ ਲਈ ਉਨ੍ਹਾਂ ਵੱਲੋਂ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੂੰ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ ਤਾਂ ਜੋ ਸਾਰੇ ਸਥਾਨਾਂ ‘ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾ ਸਕੇ।

ਉਨ੍ਹਾਂ ਕਿਹਾ ਕਿ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਸਪੈਸ਼ਲ ਡੀਜੀਪੀ/ਏਡੀਜੀਪੀ/ਆਈਜੀਪੀ/ਡੀਆਈਜੀ ਰੈਂਕ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮੌਜੂਦ ਰਹਿ ਕੇ ਆਪੋ-ਆਪਣੇ ਸਬੰਧਤ ਸਥਾਨਾਂ ‘ਤੇ ਸੁਰੱਖਿਆ ਪ੍ਰਬੰਧਾਂ ਦੀ ਨਿੱਜੀ ਤੌਰ ‘ਤੇ ਨਿਗਰਾਨੀ ਕਰਨ ਲਈ ਕਿਹਾ ਗਿਆ ਹੈ।

ਉਨ੍ਹਾਂ ਕਿਹਾ ਕਿ ਸਮੂਹ ਗਜ਼ਟਿਡ ਅਫ਼ਸਰਾਂ ਅਤੇ ਸਟੇਸ਼ਨ ਹਾਊਸ ਅਫ਼ਸਰਾਂ (ਐੱਸ.ਐੱਚ.ਓਜ਼.) ਨੂੰ ਵੀ ਗਣਤੰਤਰ ਦਿਵਸ ਸਮਾਗਮ ਦੀ ਸਮਾਪਤੀ ਤੱਕ ਫੀਲਡ ਵਿੱਚ ਰਹਿਣ ਦੇ ਹੁਕਮ ਦਿੱਤੇ ਗਏ ਹਨ। ਇਸ ਤੋਂ ਇਲਾਵਾ ਸੰਵੇਦਨਸ਼ੀਲ ਥਾਵਾਂ ‘ਤੇ ਵਾਧੂ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ।

ਆਈ.ਜੀ.ਪੀ. ਨੇ ਦੱਸਿਆ ਕਿ ਡੀਜੀਪੀ ਪੰਜਾਬ ਨੇ ਸੂਬੇ ਭਰ ਵਿੱਚ ਵਾਹਨਾਂ ਅਤੇ ਸ਼ੱਕੀ ਲੋਕਾਂ ਦੀ ਵਿਆਪਕ ਚੈਕਿੰਗ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੀਆਂ ਸਾਰੀਆਂ ਅੰਤਰ-ਰਾਜੀ, ਅੰਤਰ-ਜ਼ਿਲ੍ਹਾ ਅਤੇ ਸ਼ਹਿਰੀ ਸੀਮਾਵਾਂ ਨੂੰ ਸੀਲ ਕਰਨ ਸਬੰਧੀ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਹਰ ਸਮੇਂ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ ਅਤੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਕੁਝ ਵੀ ਸ਼ੱਕੀ ਲਗਦਾ ਹੈ ਤਾਂ ਉਹ ਤੁਰੰਤ ਪੁਲਿਸ ਨੂੰ ਸੂਚਿਤ ਕਰਨ। ਉਨ੍ਹਾਂ ਕਿਹਾ ਕਿ ਲੋਕ 112 ਹੈਲਪਲਾਈਨ ਨੰਬਰ ‘ਤੇ ਪੁਲਿਸ ਨੂੰ ਸੂਚਨਾ ਦੇ ਸਕਦੇ ਹਨ।

ਇਸ ਦੇ ਨਾਲ ਹੀ ਸੀਪੀਜ਼/ਐਸਐਸਪੀਜ਼ ਨੂੰ ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ ਦੇ ਆਲੇ-ਦੁਆਲੇ ਘੇਰਾਬੰਦੀ ਅਤੇ ਸਰਚ ਆਪਰੇਸ਼ਨ (ਸੀਏਐਸਓ) ਕਰਨ ਅਤੇ ਬਾਜ਼ਾਰਾਂ, ਸਰਕਾਰੀ ਇਮਾਰਤਾਂ ਅਤੇ ਧਾਰਮਿਕ ਸਥਾਨਾਂ ਸਮੇਤ ਸੰਵੇਦਨਸ਼ੀਲ ਥਾਵਾਂ ਦੀ ਚੈਕਿੰਗ ਕਰਨ ਲਈ ਵੀ ਕਿਹਾ ਗਿਆ ਹੈ।

Exit mobile version