Site icon TheUnmute.com

OTS Scheme: ਹਰਭਜਨ ਸਿੰਘ ਈ.ਟੀ.ਓ ਨੇ ਬਕਾਇਆ ਅਦਾਇਗੀਆਂ ਲਈ ਯਕਮੁਸ਼ਤ ਨਿਪਟਾਰਾ ਯੋਜਨਾ ਦਾ ਕੀਤਾ ਐਲਾਨ

Harbhajan Singh ETO

ਚੰਡੀਗੜ੍ਹ, 24 ਸਤੰਬਰ 2024: ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ (Harbhajan Singh ETO)ਵੱਲੋਂ ਅੱਜ ਸਨਅਤ, ਘਰੇਲੂ ਅਤੇ ਵਪਾਰਕ ਸਮੇਤ ਸਾਰੇ ਖਪਤਕਾਰਾਂ ਲਈ ਬਕਾਇਆ ਰਾਸ਼ੀ ਦਾ ਨਿਪਟਾਰਾ ਕਰਨ ਲਈ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਵੱਲੋਂ 3 ਮਹੀਨਿਆਂ ਲਈ ਸ਼ੁਰੂ ਕੀਤੀ ਯਕਮੁਸ਼ਤ ਨਿਪਟਾਰਾ ਯੋਜਨਾ (OTS) ਦਾ ਐਲਾਨ ਕੀਤਾ ਗਿਆ ਹੈ | ਜਿਕਰਯੋਗ ਹੈ ਕਿ ਇਹ ਸਕੀਮ ਸਭ ਖਪਤਕਾਰਾਂ ਲਈ ਲਾਗੂ ਹੋਵੇਗੀ, ਭਾਵੇਂ ਉਨ੍ਹਾਂ ਦਾ ਕੁਨੈਕਸ਼ਨ ਚੱਲ ਰਿਹਾ ਹੋਵੇ ਜਾਂ ਕੱਟਿਆ ਹੋਵੇ।

ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਇਹ ਸਕੀਮ ਬਿਜਲੀ ਖਪਤਕਾਰਾਂ ਲਈ ਸੁਨਹਿਰੀ ਮੌਕਾ ਪੇਸ਼ ਕਰ ਰਹੀ ਹੈ, ਇਸ ਸਕੀਮ ਤਹਿਤ 22 ਦਸੰਬਰ 2024 ਤੱਕ ਦੇ ਬਕਾਏ ਨਿਪਟਾਉਣ ਲਈ ਸੌਖੀ ਸ਼ਰਤਾਂ ਦੀ ਪੇਸ਼ਕਸ਼ ਕੀਤੀ ਹੈ।

ਇਸਦੇ ਹੀ OTS ਸਕੀਮ ਦੇ ਤਹਿਤ, ਮੌਜੂਦਾ 18 ਫੀਸਦੀ ਮਿਸ਼ਰਿਤ ਵਿਆਜ ਦੇ ਮੁਕਾਬਲੇ ਬਕਾਇਆ ਡਿਫਾਲਟਿੰਗ ਰਕਮ ‘ਤੇ 9 ਫੀਸਦੀ ਦਾ ਸਧਾਰਨ ਵਿਆਜ ਅਤੇ ਅਦਾਲਤੀ ਮਾਮਲਿਆਂ ‘ਚ ਸ਼ਾਮਲ ਹੋਣ ਵਾਲੇ ਖਪਤਕਾਰਾਂ ਲਈ 10 ਫੀਸਦੀ ਦਾ ਸਾਧਾਰਨ ਵਿਆਜ ਵਸੂਲ ਕੀਤਾ ਜਾਵੇਗਾ। ਇਸਦੇ ਨਾਲ ਹੀ 6 ਮਹੀਨਿਆਂ ਤੋਂ ਘੱਟ ਮਿਆਦਾਂ ਲਈ ਫਿਕਸਡ ਖਰਚੇ ਮੁਆਫ਼ ਕੀਤੇ ਜਾਣਗੇ | 6 ਮਹੀਨਿਆਂ ਤੋਂ ਵੱਧ ਦੀ ਮਿਆਦ ਲਈ ਸਿਰਫ 6 ਮਹੀਨਿਆਂ ਦੇ ਫਿਕਸਡ ਖਰਚੇ ਲਾਗੂ ਕੀਤੇ ਜਾਣਗੇ।

ਬਿਜਲੀ ਮੰਤਰੀ (Harbhajan Singh ETO) ਨੇ ਦੱਸਿਆ ਕਿ ਓ.ਟੀ.ਐਸ. ਇਹ ਸਕੀਮ ਚਾਰ ਕਿਸ਼ਤਾਂ ‘ਚ ਭੁਗਤਾਨ ਦੀ ਸਹੂਲਤ ਵੀ ਪ੍ਰਦਾਨ ਕਰਦੀ ਹੈ, ਜਦੋਂ ਕਿ ਮੌਜੂਦਾ ਨਿਰਦੇਸ਼ਾਂ ਅਨੁਸਾਰ ਕਿਸ਼ਤਾਂ ‘ਚ ਭੁਗਤਾਨ ਕਰਨ ਦੀ ਕੋਈ ਸਹੂਲਤ ਨਹੀਂ ਹੈ। ਇਸ ਤੋਂ ਇਲਾਵਾ ਜੇਕਰ ਰਕਮ ਇਕਮੁਸ਼ਤ ਅਦਾ ਕੀਤੀ ਜਾਂਦੀ ਹੈ, ਤਾਂ ਬਕਾਇਆ ਵਾਧੂ ਸੁਰੱਖਿਆ (ਖਪਤ) ਲਈ ਲਗਾਇਆ ਜੁਰਮਾਨਾ ਮੁਆਫ਼ ਕੀਤਾ ਜਾਵੇਗਾ।

ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਬਕਾਇਆ ਅਦਾਲਤੀ ਕੇਸਾਂ ਵਾਲੇ ਖਪਤਕਾਰ ਵੀ ਇਸ ਸਕੀਮ ਦਾ ਲਾਹਾ ਲੈ ਸਕਦੇ ਹਨ ਅਤੇ ਕੇਸਾਂ ਦਾ ਨਿਪਟਾਰਾ ਪਹਿਲਾਂ ਆਓ, ਪਹਿਲਾਂ ਪਾਓ ਦੇ ਆਧਾਰ ‘ਤੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਓ.ਟੀ.ਐਸ. ਸਕੀਮ ਦਾ ਮੁੱਖ ਪਹਿਲੂ ਇਹ ਹੈ ਕਿ ਇਹ ਕੇਸ ਦੇ ਸਮਾਂਬੱਧ ਨਿਪਟਾਰੇ ਨੂੰ ਯਕੀਨੀ ਬਣਾਉਂਦਾ ਹੈ।

ਇਸ ਮੌਕੇ ਖਪਤਕਾਰਾਂ ਨੂੰ ਆਪਣੇ ਬਕਾਏ ਆਸਾਨ ਸ਼ਰਤਾਂ ‘ਤੇ ਨਿਪਟਾਉਣ ਲਈ ਪ੍ਰੇਰਿਤ ਕਰਦਿਆਂ ਬਿਜਲੀ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਬਿਜਲੀ ਵਿਭਾਗ ਆਪਣੇ ਖਪਤਕਾਰਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਹਮੇਸ਼ਾ ਵਚਨਬੱਧ ਹੈ।

Exit mobile version