Site icon TheUnmute.com

ਐੱਸ.ਏ.ਐੱਸ. ਨਗਰ ‘ਚ ਓਪਨ ਨੈੱਟਵਰਕ ਫਾਰ ਡਿਜੀਟਲ ਕਾਮਰਸ ਵਰਕਸ਼ਾਪ ਕਰਵਾਈ

ਡਿਜੀਟਲ ਕਾਮਰਸ

ਐੱਸ.ਏ.ਐੱਸ. ਨਗਰ, 08 ਨਵੰਬਰ 2023: ਐਸ.ਏ.ਐਸ.ਨਗਰ ਜ਼ਿਲ੍ਹੇ ਦੇ ਨਿਰਮਾਣ ਅਤੇ ਸੇਵਾ ਯੂਨਿਟਾਂ ਦੀਆਂ ਈ-ਕਾਮਰਸ ਅਤੇ ਮਾਰਕੀਟ ਸਮਰੱਥਾਵਾਂ ਨੂੰ ਉਤਸ਼ਾਹਿਤ ਕਰਨ ਦੇ ਦੂਰਅੰਦੇਸ਼ੀ ਕਦਮ ਵਜੋਂ, ਅੱਜ ਇੱਥੇ ਓਪਨ ਨੈੱਟਵਰਕ ਫਾਰ ਡਿਜੀਟਲ ਕਾਮਰਸ (ਓ.ਐਨ.ਡੀ.ਸੀ.), ਵਰਕਸ਼ਾਪ ਦਾ ਪ੍ਰਬੰਧ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਏ ਡੀ ਸੀ (ਡੀ) ਸ੍ਰੀਮਤੀ ਸੋਨਮ ਚੌਧਰੀ ਨੇ ਕੀਤੀ।

ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਚੌਧਰੀ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਕਿਹਾ ਕਿ ਈ-ਕਾਮਰਸ ਪਲੇਟਫਾਰਮ ਅੱਜ ਕੱਲ੍ਹ ਇੱਕ ਪ੍ਰਮੁੱਖ ਮਾਰਕੀਟਿੰਗ ਹੱਬ ਵਜੋਂ ਉੱਭਰ ਰਿਹਾ ਹੈ ਅਤੇ ਸਾਡੇ ਜ਼ਿਲ੍ਹੇ ਵਿੱਚ ਬਹੁਗਿਣਤੀ ਨਿਰਮਾਣ ਅਤੇ ਸੇਵਾ ਯੂਨਿਟਾਂ ਦੀ ਹੋਣ ਕਾਰਨ, ਇਹ ਕਾਰੋਬਾਰ ਨੂੰ ਪ੍ਰਫੁੱਲਤ ਕਰਨ ਵਿੱਚ ਹੋਰ ਵੀ ਸਹਾਈ ਹੋ ਸਕਦਾ ਹੈ।

ਐਸ.ਏ.ਐਸ.ਨਗਰ ਦੇ ਜੀ.ਐਮ., ਡੀ.ਆਈ.ਸੀ., ਅਰਸ਼ਜੀਤ ਸਿੰਘ ਨੇ ਕਾਰੋਬਾਰ ਦੇ ਈ-ਕਾਮਰਸ ਮਾਡਲਾਂ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਸ ਵਰਕਸ਼ਾਪ ਦਾ ਉਦੇਸ਼ ਆਨਲਾਈਨ ਕਾਰੋਬਾਰ ਰਾਹੀਂ ਸਥਾਨਕ ਉਤਪਾਦਾਂ ਅਤੇ ਸੇਵਾਵਾਂ ਦੀ ਮਾਰਕੀਟ ਸੰਭਾਵਨਾ ਦੀ ਚਰਚਾ ਕਰਨਾ ਹੈ।

ਉਕਤ ਵਰਕਸ਼ਾਪ ਦਾ ਪ੍ਰਬੰਧ ਪੰਜਾਬ ਇਨਫੋਟੈਕ ਵੱਲੋਂ ਜਨਰਲ ਮੈਨੇਜਰ, ਡੀ.ਆਈ.ਸੀ. ਮੋਹਾਲੀ ਦੇ ਸਹਿਯੋਗ ਨਾਲ ਕੀਤਾ ਗਿਆ, ਜਿਸ ਵਿੱਚ ਸ੍ਰੀਮਤੀ ਅਦਿਤੀ ਸਿੰਘ, ਉਪ-ਪ੍ਰਧਾਨ, ਓਪਨ ਨੈੱਟਵਰਕ ਫਾਰ ਡਿਜੀਟਲ ਕਾਮਰਸ ਨੇ ਜਾਗਰੂਕਤਾ ਭਰਪੂਰ ‘ਇੰਟਰਐਕਟਿਵ ਸੈਸ਼ਨ’ ਦਾ ਉਪਰਾਲਾ ਕੀਤਾ। ਸ੍ਰੀਮਤੀ ਅਦਿਤੀ ਸਿੰਘ ਨੇ ਉਦਯੋਗਿਕ ਸੰਸਥਾਵਾਂ ਅਤੇ ਉਦਯੋਗਾਂ ਦੇ ਨੁਮਾਇੰਦਿਆਂ ਨੂੰ ਓ.ਐਨ.ਡੀ.ਸੀ. ਬਾਰੇ ਜਾਣੂ ਕਰਵਾਇਆ ਕਿ ਉਹ ਆਪਣੇ ਉਤਪਾਦਾਂ ਦੀ ਮੰਡੀਕਰਨ/ਬਾਜ਼ਾਰੀਕਰਨ ਯੋਗਤਾ ਨੂੰ ਵਧਾਉਣ ਲਈ ਓ.ਐਨ.ਡੀ.ਸੀ. ਨੂੰ ਕਿਵੇਂ ਅਪਣਾ ਸਕਦੇ ਹਨ।

ਇਸ ਵਰਕਸ਼ਾਪ ਨੂੰ ਉਦਯੋਗਾਂ ਦੇ ਪ੍ਰਤੀਨਿਧੀਆਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ। ਉਨ੍ਹਾਂ ਨੇ ਓ.ਐਨ.ਡੀ.ਸੀ. ਨੂੰ ਅਪਣਾਉਣ ਅਤੇ ਵਿਆਪਕ ਗਾਹਕ ਅਧਾਰ ਤੱਕ ਪਹੁੰਚਣ ਵਾਲੇ ਸੰਭਾਵੀ ਲਾਭਾਂ ਬਾਰੇ ਆਪਣੇ ਸ਼ੰਕਿਆਂ ਨੂੰ ਵੀ ਦੂਰ ਕੀਤਾ। ਓ.ਐਨ.ਡੀ.ਸੀ ਅਧਿਕਾਰੀਆਂ ਨੇ ਭਵਿੱਖ ਵਿੱਚ ਓ.ਐਨ.ਡੀ.ਸੀ ਦੀ ਡਿਜੀਟਲ ਮਾਰਕੀਟਿੰਗ ਸਮਰੱਥਾ ਨੂੰ ਅਪਣਾਉਣ ਅਤੇ ਲਾਭ ਹਾਸਲ ਕਰਨ ਲਈ ਭਵਿੱਖ ਵਿੱਚ ਹਰ ਕਦਮ ਤੇ ਮੱਦਦ ਕਰਨ ਅਤੇ ਮਾਰਗਦਰਸ਼ਨ ਦੇਣ ਦਾ ਵਾਅਦਾ ਕੀਤਾ।

ਸੈਸ਼ਨ ਦੀ ਸਮਾਪਤੀ ਜੀ.ਐਮ.ਡੀ.ਆਈ.ਸੀ. ਅਰਸ਼ਜੀਤ ਸਿੰਘ ਵੱਲੋਂ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਭਾਗੀਦਾਰਾਂ ਦਾ ਧੰਨਵਾਦ ਕਰਨ ਨਾਲ ਹੋਈ ਅਤੇ ਨਾਲ ਹੀ ਪੰਜਾਬ ਇਨਫੋਟੈਕ, ਜ਼ਿਲ੍ਹਾ ਪ੍ਰਸ਼ਾਸਨ, ਐਸ.ਏ.ਐਸ. ਨਗਰ ਅਤੇ ਓ.ਐਨ.ਡੀ.ਸੀ. ਦੇ ਅਧਿਕਾਰੀਆਂ ਦਾ ਉਦਯੋਗਿਕ ਤਰੱਕੀ ਦੇ ਲਾਭ ਲਈ ਸੈਸ਼ਨ ਦਾ ਪ੍ਰਬੰਧ ਕਰਨ ਲਈ ਧੰਨਵਾਦ ਕੀਤਾ।

ਮੋਹਾਲੀ ਇੰਡਸਟਰੀ ਐਸੋਸੀਏਸ਼ਨ ਅਤੇ ਜ਼ਿਲ੍ਹੇ ਦੀਆਂ ਹੋਰ ਇੰਡਸਟਰੀ ਐਸੋਸੀਏਸ਼ਨਾਂ ਨੇ ਅਜਿਹੇ ਜਾਣਕਾਰੀ ਭਰਪੂਰ ਸੈਸ਼ਨ ਦੇ ਪ੍ਰਬੰਧ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਇਨ੍ਹਾਂ ਕਿਹਾ ਕਿ ਡਿਜੀਟਲ ਟੈਕਨਾਲੋਜੀ ਦੇ ਯੁੱਗ ਵਿੱਚ, ਓ.ਐਨ.ਡੀ.ਸੀ ਪਹਿਲਕਦਮੀ ਛੋਟੇ, ਦਰਮਿਆਨੇ ਅਤੇ ਵੱਡੇ ਯੂਨਿਟਾਂ ਲਈ ਵਿਆਪਕ ਗਾਹਕ ਅਧਾਰ ਤੱਕ ਪਹੁੰਚਣ ਅਤੇ ਆਪਣੇ ਕਾਰੋਬਾਰਾਂ ਦਾ ਵਿਸਤਾਰ ਕਰਨ ਲਈ ਆਸ ਦੀ ਕਿਰਨ ਹੈ, ਜੋ ਕਿ ਐਸ ਏ ਐਸ ਨਗਰ ਜ਼ਿਲ੍ਹੇ ਦੇ ਕਾਰੋਬਾਰਾਂ ਲਈ ਇੱਕ ਬਿਹਤਰ ਅਤੇ ਉੱਜਵਲ ਭਵਿੱਖ ਨੂੰ ਯਕੀਨੀ ਬਣਾਵੇਗਾ।

Exit mobile version