ਐੱਸ ਏ ਐੱਸ ਨਗਰ, 16 ਸਤੰਬਰ, 2023: ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਜ਼ਿਲ੍ਹਾ ਭਾਸ਼ਾ ਦਫ਼ਤਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵੱਲੋਂ ਕਲ੍ਹ ਜ਼ਿਲ੍ਹਾ ਭਾਸ਼ਾ ਦਫ਼ਤਰ, ਦੇ ਵਿਹੜੇ ਸੁਰਜੀਤ ਪਾਤਰ (Surjit Patar)ਦੀ ਪ੍ਰਧਾਨਗੀ ਹੇਠ ‘ਕਾਵਿ-ਰੰਗ’ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਪੰਜਾਬ ਦੇ ਉੱਘੇ ਕਵੀਆਂ ਲਖਵਿੰਦਰ ਜੌਹਲ, ਜਸਵੰਤ ਸਿੰਘ ਜ਼ਫ਼ਰ, ਡਾ. ਮਨਮੋਹਨ, ਦਰਸ਼ਨ ਬੁੱਟਰ, ਮਨਜੀਤ ਇੰਦਰਾ, ਸਰਬਜੀਤ ਕੌਰ ਸੋਹਲ, ਬਲਵਿੰਦਰ ਸੰਧੂ, ਸਤਪਾਲ ਭੀਖੀ, ਤਰਸੇਮ ਅਤੇ ਜਗਦੀਪ ਸਿੱਧੂ ਵੱਲੋਂ ‘ਕਾਵਿ-ਰੰਗ’ ਵਿਚ ਕਵਿਤਾ-ਪਾਠ ਲਈ ਸ਼ਮੂਲੀਅਤ ਕੀਤੀ ਗਈ।
ਸਮਾਗਮ ਦੇ ਆਰੰਭ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਪੁੱਜੇ ਮੁੱਖ ਮਹਿਮਾਨਾਂ, ਕਵੀਆਂ ਅਤੇ ਪਤਵੰਤੇ ਸੱਜਣਾਂ ਨੂੰ ‘ਜੀ ਆਇਆਂ ਨੂੰ’ ਕਿਹਾ ਗਿਆ ਅਤੇ ਸਿਰਮੌਰ ਕਵੀਆਂ ਦੇ ਪੰਜਾਬੀ ਕਵਿਤਾ ਦੇ ਖੇਤਰ ਪਾਏ ਯੋਗਦਾਨ ਬਾਰੇ ਚਾਨਣਾ ਪਾਉਂਦਿਆਂ ਕਰਵਾਏ ਜਾ ਰਹੇ ‘ਕਾਵਿ-ਰੰਗ’ ਦੇ ਮਨੋਰਥ ਬਾਰੇ ਹਾਜ਼ਰੀਨ ਨੂੰ ਦੱਸਿਆ ਗਿਆ। ਉਨ੍ਹਾਂ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਹਾਲੀ ਦੀਆਂ ਪ੍ਰਾਪਤੀਆਂ ਤੋਂ ਵੀ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ।
ਸੁਰਜੀਤ ਪਾਤਰ ਵੱਲੋਂ ਪ੍ਰਧਾਨਗੀ ਭਾਸ਼ਣ ਵਿਚ ਸ੍ਰੋਤਿਆਂ ਦੇ ਰੂ-ਬ-ਰੂ ਹੁੰਦਿਆਂ ਕਿਹਾ ਕਿ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਹਾਲੀ ਵੱਲੋਂ ਪੰਜਾਬੀ ਜ਼ੁਬਾਨ ਦੇ ਸਮਰੱਥ ਕਵੀਆਂ ਨੂੰ ਇੱਕੋ ਮੰਚ ‘ਤੇ ਇਕੱਠਾ ਕਰਨਾ ਬਹੁਤ ਵੱਡਾ ਉਪਰਾਲਾ ਹੈ। ਉਨ੍ਹਾਂ ਵੱਲੋਂ ਆਪਣੀਆਂ ਕਈ ਖੂਬਸੂਰਤ ਨਜ਼ਮਾਂ ਸੁਣਾਈਆਂ ਗਈਆਂ ਅਤੇ ‘ਕੀ ਹੈ ਜੇ ਸ਼ਹਿਰ ਵਿਚ ਮਸ਼ਹੂਰ ਹਾਂ, ਜੇ ਤੇਰੀ ਨਜ਼ਰ ਵਿਚ ਨਾਮਨਜ਼ੂਰ ਹਾਂ’ ਗ਼ਜ਼ਲ ਤਰਨੁੰਮ ਵਿਚ ਪੇਸ਼ ਕਰਕੇ ਸ੍ਰੋਤਿਆਂ ਨੂੰ ਮੰਤਰ-ਮੁਗਧ ਕਰ ਦਿੱਤਾ। ਲਖਵਿੰਦਰ ਜੌਹਲ ਵੱਲੋਂ ‘ਔਰਤਾਂ’ ਅਤੇ ‘ਚੁੱਪ’ ਕਵਿਤਾਵਾਂ ਰਾਹੀਂ ਸਮਾਜ ਵਿਚਲੀਆਂ ਅਣਮਨੁੱਖੀ ਸਥਿਤੀਆਂ ਅਤੇ ਵਰਤਾਰਿਆਂ ਨੂੰ ਬੜੇ ਸਰਲ, ਸਪਸ਼ਟ ਤੇ ਅਰਥਪੂਰਨ ਢੰਗ ਨਾਲ ਪੇਸ਼ ਕੀਤਾ ਗਿਆ। ਜਸਵੰਤ ਸਿੰਘ ਜ਼ਫ਼ਰ ਵੱਲੋਂ ਆਪਣੇ ਚਿੰਤਨੀ ਅੰਦਾਜ਼ ਵਿਚ ‘ਨਵਾਂ ਬਾਇਓਡਾਟਾ’ ਅਤੇ ‘ਉੱਡਦੇ ਬੱਦਲ’ ਕਵਿਤਾਵਾਂ ਸੁਣਾਈਆਂ ਗਈਆਂ ਅਤੇ ਵਿਅੰਗਮਈ ਸ਼ੈਲੀ ਰਾਹੀਂ ਸਮੁੱਚੇ ਸਮਾਜਿਕ ਤਾਣੇ-ਬਾਣੇ ‘ਤੇ ਕਟਾਖਸ਼ ਕੀਤਾ।
ਮਨਜੀਤ ਇੰਦਰਾ ਵੱਲੋਂ ‘ਕਿੱਥੇ ਗਈਆਂ ਗੱਲਾਂ ਸਭ’, ‘ਚੰਦਰੇ ਹਨੇਰੇ’ ਅਤੇ ਹੋਰ ਕਵਿਤਾਵਾਂ ਦੁਆਰਾ ਬੇਬਾਕੀ ਨਾਲ ਨਾਰੀ ਮਨ ਦੀਆਂ ਮਹੀਨ ਤੰਦਾਂ ਨੂੰ ਫੜ੍ਹਦਿਆਂ ਚੌਗਿਰਦੇ ਵਿਚਲੀਆਂ ਬੇਨਿਯਮੀਆਂ ਲਈ ਜ਼ਿੰਮੇਵਾਰ ਧਿਰ ਦਾ ਵਿਰੋਧ ਸਿਰਜਿਆ ਗਿਆ। ਡਾ. ਮਨਮੋਹਨ ਨੇ ‘ਘਟਿ ਘਟਿ ਮਹਿ’ ਅਤੇ ‘ਬੀਬੇ ਬੰਦੇ ਦੀ ਬੈਲੰਸ ਸ਼ੀਟ’ ਦੇ ਪਾਠ ਦੁਆਰਾ ਆਪਣੀ ਕਾਵਿਕ ਸੂਝ ਦੇ ਨਾਲ-ਨਾਲ ਬੌਧਿਕ ਚਿੰਤਨ ਦਾ ਭਰਪੂਰ ਰੂਪ ਵਿਚ ਪ੍ਰਗਟਾਵਾ ਕੀਤਾ। ਸਰਬਜੀਤ ਕੌਰ ਸੋਹਲ ਵੱਲੋਂ ‘ਉੱਜੜ ਜਾਉ’, ‘ਨਾਨਕ ਹੋਣਾ’ ਅਤੇ ਹੋਰ ਰਚਨਾਵਾਂ ਵਿਚ ਸਮਾਜਿਕ ਅਤੇ ਨਾਰੀਵਾਦੀ ਮਸਲਿਆਂ ਦੇ ਸਥਾਪਿਤ ਮਿਆਰਾਂ ਨੂੰ ਉਲੰਘ ਕੇ ਨਵੇਂ ਦ੍ਰਿਸ਼ਟੀਕੋਣ ਤੋਂ ਪੇਸ਼ ਕੀਤਾ ਗਿਆ। ਦਰਸ਼ਨ ਬੁੱਟਰ ਵੱਲੋਂ ‘ਉਹ ਕਵਿਤਾ ਤਾਂ’ ਅਤੇ ‘ਏਨੀ ਕੁ ਗੱਲ’ ਕਵਿਤਾਵਾਂ ਰਾਹੀਂ ਮਨੁੱਖਤਾ ਦੇ ਦੰਭੀ ਚਿਹਰੇ ‘ਤੇ ਕਟਾਖ਼ਸ਼ ਕਰਦਿਆਂ ਸਮਾਜਿਕ ਕੁਹਜ ਦੀ ਨਿਸ਼ਾਨਦੇਹੀ ਕੀਤੀ ਗਈ।
ਬਲਵਿੰਦਰ ਸੰਧੂ ਵੱਲੋਂ ‘ਉੱਥੇ ਜਿੱਥੇ’ ਅਤੇ ‘ਲੋਕਾ ਵੇ ਮੈਂ ਰੱਬ ਵਰਗਾ ਨਾ ਹੋਣਾ’ ਕਵਿਤਾਵਾਂ ਰਾਹੀਂ ਮਨੁੱਖ ਦੀ ਖੋਖਲੀ ਹਉਮੈਂ ਨੂੰ ਤੱਜ ਕੇ ਕੁਦਰਤ ਦੀ ਤੋਰ ਨਾਲ ਸਹਿਜ ਅਤੇ ਸਰਲ ਹੋਣ ਦੀ ਗੱਲ ਆਖੀ ਗਈ। ਸਤਪਾਲ ਭੀਖੀ ਵੱਲੋਂ ‘ਬੰਦੇ’ ਅਤੇ ‘ਮਿੱਤਰਤਾ’ ਕਵਿਤਾਵਾਂ ਦੁਆਰਾ ਸਥਾਪਤੀ ਦੇ ਵਿਰੋਧ ਵਿਚ ਸੁਤੰਤਰ ਅਤੇ ਸੰਤੁਲਿਤ ਮਨੁੱਖ ਦਾ ਮਾਡਲ ਪੇਸ਼ ਕੀਤਾ ਗਿਆ। ਰਾਜਸੀ ਅਤੇ ਸਮਾਜਿਕ ਸਰੋਕਾਰਾਂ ਪ੍ਰਤੀ ਚੇਤੰਨ ਸ਼ਾਇਰ ਤਰਸੇਮ ਵੱਲੋਂ ‘ਭਿਆਨਕ ਸਮੇਂ ‘ਚ’ ਅਤੇ ‘ਮਨੀਪੁਰ ‘ਤੇ’ ਕਵਿਤਾਵਾਂ ਦੇ ਪਾਠ ਦੁਆਰਾ ਸਮੁੱਚੇ ਸਿਸਟਮ ਵਿਚ ਮੌਜੂਦ ਖੱਪਿਆਂ ‘ਤੇ ਪ੍ਰਸ਼ਨ ਚਿੰਨ੍ਹ ਲਾਇਆ ਗਿਆ। ਜਗਦੀਪ ਸਿੱਧੂ ਵੱਲੋਂ ‘ਸੰਨ 84’, ‘ਮਾਸੂਮ’ ਅਤੇ ‘ਮਾਂ’ ਕਵਿਤਾਵਾਂ ਦੁਆਰਾ ਸਮਾਜਿਕ ਤੰਤਰ, ਮਨੁੱਖੀ ਰਿਸ਼ਤਿਆਂ ਅਤੇ ਸਮਕਾਲ ਵਿਚ ਪੰਜਾਬੀ ਜ਼ੁਬਾਨ ਨੂੰ ਦਰਪੇਸ਼ ਖਤਰਿਆਂ ਗੱਲ ਕੀਤੀ ਗਈ। ਸਮੂਹ ਬੁਲਾਰਿਆਂ ਵੱਲੋਂ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੀਆਂ ਸਰਗਰਮੀਆਂ ਅਤੇ ਸੁਹਜਮਈ ਦਿੱਖ ਦੀ ਸ਼ਲਾਘਾ ਕਰਦਿਆਂ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਗਈ।
ਇਸ ਕਾਵਿ ਰੰਗ ਮੌਕੇ ਡਾ. ਸ਼ਿੰਦਰਪਾਲ ਸਿੰਘ, ਡਾ. ਮੇਘਾ ਸਿੰਘ, ਡਾ. ਸੁਰਿੰਦਰ ਗਿੱਲ, ਡਾ. ਕਸ਼ਮੀਰ ਸਿੰਘ, ਡਾ. ਸੁਖਵਿੰਦਰ ਸਿੰਘ ਢਿੱਲੋਂ, ਡਾ. ਮਨਜੀਤ ਸਿੰਘ ਮਝੈਲ, ਗੁਰਦਰਸ਼ਨ ਸਿੰਘ ਬਾਹੀਆ, ਸੁਰਿੰਦਰ ਸਿੰਘ ਸੁੰਨੜ, ਅਜੀਤ ਹਮਦਰਦ, ਸੁਰਜੀਤ ਸੁਮਨ, ਪ੍ਰੋ. ਦਿਲਬਾਗ ਸਿੰਘ, ਭੁਪਿੰਦਰ ਸਿੰਘ ਮਟੌਰੀਆ, ਨੀਲਮ ਨਾਰੰਗ, ਜਸਵੀਰ ਸਿੰਘ ਗੜਾਂਗਾ, ਸਤਵਿੰਦਰ ਕੌਰ, ਹਰਮੀਤ ਕੌਰ, ਕੁਲਵੰਤ ਸਿੰਘ, ਮਨਜੀਤਪਾਲ ਸਿੰਘ, ਜਸਵੰਤ ਸਿੰਘ ਪੂਨੀਆ, ਦਿਲਬਾਗ ਸਿੰਘ, ਚਰਨਜੀਤ ਸਿੰਘ ਕਲੇਰ, ਰਾਜਿੰਦਰ ਸਿੰਘ ਧੀਮਾਨ, ਐਡਵੋਕੇਟ ਪਰਮਿੰਦਰ ਸਿੰਘ ਗਿੱਲ, ਜਸਵੀਰ ਸਿੰਘ ਗੋਸਲ, ਧਰਮਬੀਰ ਸਿੰਘ, ਗੁਰਨਾਮ ਸਿੰਘ, ਧਿਆਨ ਸਿੰਘ ਕਾਹਲੋਂ, ਪਟਵਾਰੀ ਜਸਵੰਤ ਸਿੰਘ, ਸੁਖਵਿੰਦਰ ਸਿੰਘ ਨੂਰਪੁਰੀ, ਸਿਕੰਦਰ ਸਿੰਘ, ਜਸਬੀਰ ਸਿੰਘ ਦਾਵਰ, ਚਰਨ ਸਿੰਘ, ਸੁਰਿੰਦਰ ਸਿੰਘ ਸੀਹਰਾ, ਹਰਮਿੰਦਰ ਸਿੰਘ, ਜਤਿੰਦਰਪਾਲ ਸਿੰਘ ਅਤੇ ਲਖਵਿੰਦਰ ਸਿੰਘ ਵੱਲੋਂ ਵੀ ਸ਼ਿਰਕਤ ਕੀਤੀ ਗਈ।
ਸਮਾਗਮ ਦੇ ਅੰਤ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਮੁੱਖ ਮਹਿਮਾਨਾਂ ਅਤੇ ਸਮੂਹ ਕਵੀਆਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਡਾ. ਦੀਪਕ ਮਨਮੋਹਨ ਵੱਲੋਂ ਸਾਰੇ ਪਤਵੰਤੇ ਸੱਜਣਾਂ ਦਾ ਇਸ ਸਮਾਗਮ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਖੋਜ ਅਫ਼ਸਰ ਦਰਸ਼ਨ ਕੌਰ ਵੱਲੋਂ ਕੀਤਾ ਗਿਆ। ਇਸ ਮੌਕੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਮੋਹਾਲੀ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।