July 4, 2024 11:32 pm
Maharaja Harinder Singh Brar

ਫ਼ਰੀਦਕੋਟ ਰਿਆਸਤ ਦੀ ਕੁੱਲ 25 ਹਜ਼ਾਰ ਕਰੋੜ ਦੀ ਜਾਇਦਾਦ ਵਾਰਸਾਂ ਨੂੰ ਵੰਡਣ ਦੇ ਆਦੇਸ਼, ਸੁਪਰੀਮ ਕੋਰਟ ਵਲੋਂ ਟਰੱਸਟ ਭੰਗ

ਚੰਡੀਗੜ੍ਹ 07 ਸਤੰਬਰ 2022: ਸੁਪਰੀਮ ਕੋਰਟ ਨੇ ਅੱਜ ਫ਼ਰੀਦਕੋਟ ਰਿਆਸਤ ਦੇ ਮਹਾਰਾਜਾ ਹਰਿੰਦਰ ਸਿੰਘ ਬਰਾੜ (Maharaja Harinder Singh Brar)  ਦੀ ਵਸੀਅਤ ਨੂੰ ਗੈਰਕਾਨੂੰਨੀ ਮੰਨਦਿਆਂ ਵਸੀਅਤ ਦੇ ਆਧਾਰ ’ਤੇ ਬਣੇ ਟਰੱਸਟ ਨੂੰ ਭੰਗ ਕਰ ਦਿੱਤਾ ਹੈ ਅਤੇ ਫ਼ਰੀਦਕੋਟ ਰਿਆਸਤ ਦੀ ਕੁੱਲ 25 ਹਜ਼ਾਰ ਕਰੋੜ ਜਾਇਦਾਦ ਨੂੰ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੇ ਪਰਿਵਾਰ ਵਿਚ ਵੰਡਣ ਦੇ ਆਦੇਸ਼ ਦਿੱਤੇ ਹਨ |
ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਫੈਸਲੇ ਨੂੰ ਬਰਕਰਾਰ ਰੱਖਦਿਆਂ 30 ਸਾਲਾਂ ਤੋਂ ਚੱਲੀ ਆ ਰਹੀ ਲੜਾਈ ਨੂੰ ਖ਼ਤਮ ਕੀਤਾ। ਹੁਣ ਸੁਪਰੀਮ ਕੋਰਟ ਨੇ ਇਸ ਜਾਇਦਾਦ ‘ਤੇ ਹਰਿੰਦਰ ਸਿੰਘ ਬਰਾੜ ਦੀਆਂ ਧੀਆਂ ਦਾ ਹੱਕ ਦੱਸ ਦਿੱਤਾ ਹੈ।

ਹਾਈਕੋਰਟ ਦੇ ਫੈਸਲੇ ਵਿੱਚ ਮਹਾਰਾਜਾ ਹਰਿੰਦਰ ਸਿੰਘ ਦੀਆਂ ਬੇਟੀਆਂ ਅੰਮ੍ਰਿਤ ਕੌਰ ਅਤੇ ਦੀਪਇੰਦਰ ਕੌਰ ਨੂੰ ਸ਼ਾਹੀ ਜਾਇਦਾਦ ਦਾ ਬਹੁਗਿਣਤੀ ਹਿੱਸਾ ਦਿੱਤਾ ਗਿਆ ਹੈ। ਦੱਸ ਦਈਏ ਕਿ ਕਰੀਬ ਇੱਕ ਮਹੀਨਾ ਪਹਿਲਾਂ ਜਸਟਿਸ ਯੂਯੂ ਲਲਿਤ, ਜਸਟਿਸ ਐਸ ਰਵਿੰਦਰ ਭੱਟ ਅਤੇ ਜਸਟਿਸ ਸੁਧਾਂਸ਼ੂ ਧੂਲੀਆ ਦੀ ਤਿੰਨ ਮੈਂਬਰੀ ਬੈਂਚ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਅਤੇ ਗਵਾਹੀਆਂ ਦੀ ਘੋਖ ਕਰਨ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਅਤੇ ਅੱਜ ਇਸ ‘ਤੇ ਸੁਣਵਾਈ ਕੀਤੀ ਗਈ ਹੈ।

ਪਹਿਲਾਂ ਇਹ ਜਾਇਦਾਦ ਮਹਾਰਾਵਲ ਖੇਵਾ ਜੀ ਟਰੱਸਟ ਕੋਲ ਸੀ ਅਤੇ ਉਹ ਹੀ ਇਸ ਜਾਇਦਾਦ ਦੀ ਦੇਖਭਾਲ ਕਰ ਰਿਹਾ ਸੀ। ਵਿਵਾਦ ਇਹ ਸੀ ਕਿ ਮਹਾਰਾਵਲ ਖੇਵਾਜੀ ਟਰੱਸਟ ਵਸੀਅਤ ਦੇ ਆਧਾਰ ‘ਤੇ ਇਸ ‘ਤੇ ਆਪਣਾ ਹੱਕ ਰੱਖਦਾ ਸੀ। ਪਰ 2013 ਵਿੱਚ ਹੀ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਇਸ ਵਸੀਅਤ ਨੂੰ ਗ਼ੈਰ-ਕਾਨੂੰਨੀ ਕਰਾਰ ਦਿੰਦਿਆਂ ਧੀਆਂ ਨੂੰ ਜਾਇਦਾਦ ਦੇ ਦਿੱਤੀ ਸੀ। ਇਸ ਤੋਂ ਬਾਅਦ ਮਾਮਲਾ ਹਾਈਕੋਰਟ ‘ਚ ਲਿਜਾਇਆ ਗਿਆ, ਜਿੱਥੇ 2020 ‘ਚ ਜ਼ਿਲਾ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਗਿਆ। ਹਾਲਾਂਕਿ ਅਦਾਲਤ ਨੇ ਕਿਹਾ ਸੀ ਕਿ ਧੀਆਂ ਦੇ ਨਾਲ-ਨਾਲ ਉਨ੍ਹਾਂ ਦੇ ਭਰਾ ਦੇ ਪਰਿਵਾਰਾਂ ਨੂੰ ਵੀ ਹਿੱਸਾ ਦਿੱਤਾ ਜਾਣਾ ਚਾਹੀਦਾ ਹੈ।

1918 ਵਿੱਚ ਸਿਰਫ਼ ਤਿੰਨ ਸਾਲ ਦੀ ਉਮਰ ਵਿੱਚ, ਹਰਿੰਦਰ ਸਿੰਘ ਬਰਾੜ ਨੂੰ ਮਹਾਰਾਜਾ ਬਣਾਇਆ ਗਿਆ ਸੀ, ਜੋ ਕਿ ਸਾਬਕਾ ਰਿਆਸਤ ਦੇ ਆਖ਼ਰੀ ਵੰਸ਼ਜ ਸਨ। ਬਰਾੜ ਅਤੇ ਉਨ੍ਹਾਂ ਦੀ ਪਤਨੀ ਨਰਿੰਦਰ ਕੌਰ ਦੀਆਂ ਤਿੰਨ ਬੇਟੀਆਂ ਸਨ, ਜਿਨ੍ਹਾਂ ਦਾ ਨਾਮ ਅੰਮ੍ਰਿਤ ਕੌਰ, ਦੀਪਇੰਦਰ ਕੌਰ ਅਤੇ ਮਹੀਪਇੰਦਰ ਕੌਰ ਸੀ। ਉਹਨਾਂ ਦਾ ਇੱਕ ਪੁੱਤਰ ਵੀ ਸੀ ਜਿਸਦਾ ਨਾਮ ਟਿੱਕਾ ਹਰਮੋਹਿੰਦਰ ਸਿੰਘ ਸੀ। ਪਰ ਸਾਲ 1981 ਵਿੱਚ ਉਸ ਦੇ ਪੁੱਤਰ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ।